ਤਾਜਾ ਖਬਰਾਂ
ਕੀਰਤਪੁਰ-ਮਨਾਲੀ ਨੇਸ਼ਨਲ ਹਾਈਵੇਅ 'ਤੇ ਸਥਿਤ ਗ੍ਰਾਮੋਡਾ ਟੋਲ ਪਲਾਜ਼ਾ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ ਹੈ। ਸਥਾਨਕ ਯੂਨੀਅਨਾਂ ਅਤੇ ਡਰਾਈਵਰਾਂ ਨੇ ਟੋਲ ਵਸੂਲੀ ਵਿਰੁੱਧ ਭਾਰੀ ਵਿਰੋਧ ਦਰਜ ਕਰਵਾਇਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਹਾਲ ਹੀ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ-ਕਈ ਥਾਵਾਂ 'ਤੇ ਪਹਾੜੀਆਂ ਤੋਂ ਮਲਬਾ ਸੜਕ 'ਤੇ ਆ ਰਿਹਾ ਹੈ, ਜਿਸ ਨਾਲ ਟਰੈਫ਼ਿਕ ਜਾਮ ਅਤੇ ਵਾਹਨਾਂ ਨੂੰ ਨੁਕਸਾਨ ਹੋ ਰਿਹਾ ਹੈ। ਕੁਝ ਸੈਕਸ਼ਨਾਂ 'ਚ ਤਾਂ ਸਿਰਫ਼ ਇੱਕ ਪਾਸੇ ਤੋਂ ਹੀ ਆਵਾਜਾਈ ਸੰਭਵ ਹੈ।
ਇਹੀ ਨਹੀਂ, ਡਿਪਟੀ ਕਮਿਸ਼ਨਰ ਬਿਲਾਸਪੁਰ ਵੱਲੋਂ ਇੱਕ ਮਹੀਨੇ ਲਈ ਟੋਲ ਵਸੂਲੀ ਰੋਕਣ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਵੀ ਪਲਾਜ਼ਾ 'ਤੇ ਟੋਲ ਲਿਆ ਜਾ ਰਿਹਾ ਹੈ। ਇਸ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਹੈ। ਯੂਨੀਅਨ ਕੀਰਤਪੁਰ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ ਅਤੇ ਹਿਮਾਚਲ ਮੋਟਰ ਡਰਾਈਵਰ ਯੂਨੀਅਨ ਡਾਲਦਾਘਾਟ ਦੇ ਪ੍ਰਧਾਨ ਦੀ ਅਗਵਾਈ ਵਿੱਚ ਡਰਾਈਵਰਾਂ ਨੇ ਪਲਾਜ਼ਾ 'ਤੇ ਲਗਭਗ ਦੋ ਘੰਟੇ ਧਰਨਾ ਦਿੱਤਾ। ਇਸ ਦੌਰਾਨ ਹਾਈਵੇਅ ਦੇ ਦੋਵੇਂ ਪਾਸੇ ਲੰਬੀਆਂ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸੜਕਾਂ ਦੀ ਪੂਰੀ ਤਰ੍ਹਾਂ ਮੁਰੰਮਤ ਨਹੀਂ ਹੋ ਜਾਂਦੀ ਅਤੇ ਯਾਤਰੀਆਂ ਨੂੰ ਸੁਵਿਧਾਵਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ, ਟੋਲ ਵਸੂਲੀ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਟੋਲ ਤੁਰੰਤ ਬੰਦ ਕਰਕੇ ਖਰਾਬ ਚਾਰ-ਮਾਰਗੀ ਦੀ ਜਲਦੀ ਮੁਰੰਮਤ ਸ਼ੁਰੂ ਕੀਤੀ ਜਾਵੇ।
Get all latest content delivered to your email a few times a month.