ਤਾਜਾ ਖਬਰਾਂ
ਹਿਮਾਚਲ ਦੇ ਪਹਾੜੀ ਇਲਾਕਿਆਂ ਅਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਜਲੰਧਰ ਵਿੱਚ ਸਵੇਰ ਤੋਂ ਪੈਂਦੀ ਲਗਾਤਾਰ ਬਾਰਿਸ਼ ਨਾਲ ਸੜਕਾਂ ਅਤੇ ਗਲੀਆਂ 1 ਤੋਂ 2 ਫੁੱਟ ਪਾਣੀ ਵਿੱਚ ਡੁੱਬ ਗਈਆਂ ਹਨ, ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ, ਖ਼ਾਸਕਰ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਮੋਹਾਲੀ ਅਤੇ ਰੂਪਨਗਰ ਵਿੱਚ ਤਬਾਹੀ ਵਾਲੀ ਬਾਰਿਸ਼ ਦੀ ਸੰਭਾਵਨਾ ਜ਼ਾਹਰ ਕੀਤੀ ਹੈ।
ਹਿਮਾਚਲ ਵਿੱਚ ਪੈ ਰਹੀ ਲਗਾਤਾਰ ਬਾਰਿਸ਼ ਨਾਲ ਭਾਖੜਾ ਅਤੇ ਪੌਂਗ ਡੈਮਾਂ ਦਾ ਪਾਣੀ ਪੱਧਰ ਚਿੰਤਾਜਨਕ ਤਰੀਕੇ ਨਾਲ ਵੱਧ ਰਿਹਾ ਹੈ। ਭਾਖੜਾ ਡੈਮ ਦਾ ਪੱਧਰ 1658.79 ਫੁੱਟ ਤੱਕ ਪਹੁੰਚ ਗਿਆ ਹੈ, ਜਦਕਿ ਪੌਂਗ ਡੈਮ ਵਿੱਚ ਵੀ ਲਗਾਤਾਰ ਵਾਧਾ ਜਾਰੀ ਹੈ। ਇਸ ਕਰਕੇ ਹੇਠਲੇ ਇਲਾਕਿਆਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਹੜ੍ਹ ਦੀ ਸਥਿਤੀ ਪੈਦਾ ਹੋਣ ਦਾ ਖ਼ਤਰਾ ਹੈ।
ਇਸ ਤੋਂ ਇਲਾਵਾ, ਹਰੀਕੇ ਪੱਤਣ ਹੈੱਡ ਵਰਕਸ ਵਿੱਚ ਪਾਣੀ ਦਾ ਵਹਾਅ 1.10 ਹਜ਼ਾਰ ਕਿਊਸਿਕ ਦਰਜ ਹੋਇਆ ਹੈ ਅਤੇ ਜੇਕਰ ਇਹ ਵਧਦਾ ਹੈ ਤਾਂ ਪੱਟੀ ਅਤੇ ਖਡੂਰ ਸਾਹਿਬ ਹਲਕਿਆਂ ਦੇ ਦਰਜਨਾਂ ਪਿੰਡਾਂ ਵਿੱਚ ਹੜ੍ਹ ਦੀ ਸੰਭਾਵਨਾ ਹੋ ਸਕਦੀ ਹੈ। ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
Get all latest content delivered to your email a few times a month.