ਤਾਜਾ ਖਬਰਾਂ
ਕੈਨੇਡਾ ਦੇ ਬਲੂ ਵਾਟਰ ਬ੍ਰਿਜ ਸਰਹੱਦ 'ਤੇ ਇੱਕ ਵੱਡੀ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਕੈਨੇਡੀਅਨ ਬਾਰਡਰ ਸਿਕਿਓਰਿਟੀ ਏਜੰਸੀ (CBSA) ਦੇ ਅਧਿਕਾਰੀਆਂ ਨੇ 23 ਜੁਲਾਈ ਨੂੰ ਅਮਰੀਕਾ ਤੋਂ ਆ ਰਹੇ ਇੱਕ ਵਪਾਰਕ ਟਰੱਕ ਦੀ ਜਾਂਚ ਦੌਰਾਨ 7 ਬੈਗਾਂ ਵਿੱਚੋਂ 197 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ, ਜਿਸਦੀ ਕੀਮਤ ਲਗਭਗ 24.6 ਮਿਲੀਅਨ ਕੈਨੇਡੀਅਨ ਡਾਲਰ (ਤਕਰੀਬਨ 183 ਕਰੋੜ ਰੁਪਏ) ਹੈ।
ਇਸ ਮਾਮਲੇ ਵਿੱਚ ਕੈਲੇਡਨ, ਓਨਟਾਰੀਓ ਦੇ 29 ਸਾਲਾ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਓਂਕਾਰ ਕਲਸੀ ਨੂੰ ਗ੍ਰਿਫ਼ਤਾਰ ਕਰਕੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (RCMP) ਦੇ ਹਵਾਲੇ ਕਰ ਦਿੱਤਾ ਗਿਆ। ਉਸ 'ਤੇ ਕੋਕੀਨ ਆਯਾਤ ਕਰਨ ਅਤੇ ਤਸਕਰੀ ਦੇ ਇਰਾਦੇ ਨਾਲ ਰੱਖਣ ਦੇ ਦੋਸ਼ ਲਗਾਏ ਗਏ ਹਨ।
ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਾਰੀ ਨੇ ਕਿਹਾ ਕਿ ਸਰਕਾਰ ਅਪਰਾਧ ਨੂੰ ਰੋਕਣ ਅਤੇ ਭਾਈਚਾਰਿਆਂ ਦੀ ਸੁਰੱਖਿਆ ਲਈ ਵਚਨਬੱਧ ਹੈ, ਅਤੇ ਸਰਹੱਦਾਂ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲਿਆਂ ਨਾਲ ਕੋਈ ਰਿਆਯਤ ਨਹੀਂ ਕੀਤੀ ਜਾਵੇਗੀ। CBSA ਦੇ ਅਨੁਸਾਰ, 1 ਜਨਵਰੀ ਤੋਂ 10 ਜੁਲਾਈ 2025 ਤੱਕ ਅਮਰੀਕਾ ਤੋਂ 1,164 ਕਿਲੋਗ੍ਰਾਮ ਅਤੇ ਹੋਰ ਦੇਸ਼ਾਂ ਤੋਂ 514 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਹੈ।
ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਨਸ਼ਾ ਤਸਕਰੀ ਲਈ ਫੜਿਆ ਗਿਆ ਹੋਵੇ। ਇਸ ਤੋਂ ਪਹਿਲਾਂ 10 ਜੂਨ ਨੂੰ ਪੀਲ ਖੇਤਰੀ ਪੁਲਿਸ ਨੇ “ਪ੍ਰੋਜੈਕਟ ਪੈਲੀਕਨ” ਦੇ ਤਹਿਤ 50 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 372 ਕਰੋੜ ਰੁਪਏ) ਦੀ ਕੋਕੀਨ ਬਰਾਮਦ ਕਰਕੇ 6 ਭਾਰਤੀ-ਕੈਨੇਡੀਅਨਾਂ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
Get all latest content delivered to your email a few times a month.