ਤਾਜਾ ਖਬਰਾਂ
“ਰੰਗਲਾ ਪੰਜਾਬ” ਮੁਹਿੰਮ ਅਧੀਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਤੜਕੇ ਪਟਿਆਲਾ ਦੇ ਕਈ ਪਿੰਡਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦਾ ਅਚਾਨਕ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਸਫ਼ਾਈ ਪ੍ਰਬੰਧ, ਸੜਕਾਂ ਦੀ ਹਾਲਤ, ਸੀਵਰੇਜ ਸਿਸਟਮ, ਪਾਰਕਾਂ ਦੀ ਸੰਭਾਲ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਥਿਤੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ।
ਫੈਕਟਰੀ ਏਰੀਆ, ਪਰਾਂਠਾ ਮਾਰਕੀਟ, ਗੁਰਬਖਸ਼ ਕਾਲੋਨੀ, ਛੋਟੀ ਅਤੇ ਵੱਡੀ ਨਦੀ, ਝਿੱਲ, ਤ੍ਰਿਪੜੀ, ਭਾਦਸੋਂ ਰੋਡ ਆਦਿ ਇਲਾਕਿਆਂ ਵਿੱਚ ਜਾ ਕੇ ਡਾ. ਸਿੰਘ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੜਕਾਂ ਦੀ ਮੁਰੰਮਤ, ਪਾਰਕਾਂ ਦੀ ਸਫਾਈ, ਸੀਵਰੇਜ ਸਿਸਟਮ ਦੀ ਸੁਧਾਰ ਅਤੇ ਬਰਸਾਤੀ ਪਾਣੀ ਦੇ ਜਮਾਵੇ ਤੋਂ ਬਚਾਅ ਲਈ ਯੋਜਨਾ ਤਿਆਰ ਕੀਤੀ ਜਾਵੇ।
ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਇਸ ਤਰ੍ਹਾਂ ਦੀ ਚੈਕਿੰਗ ਹਰ ਹਫ਼ਤੇ ਕੀਤੀ ਜਾਵੇਗੀ, ਤਾਂ ਜੋ ਜ਼ਮੀਨੀ ਹਾਲਾਤਾਂ ‘ਤੇ ਨਿਗਰਾਨੀ ਲਗਾਤਾਰ ਰਹੇ। ਉਨ੍ਹਾਂ ਹੁਕਮ ਦਿੱਤਾ ਕਿ ਕਚਰੇ ਦੀ ਲਿਫਟਿੰਗ ਦਿਨ ਵਿੱਚ ਦੋ ਵਾਰ ਹੋਵੇ ਅਤੇ ਗਿੱਲੇ-ਸੁੱਕੇ ਕੂੜੇ ਦੀ ਵੱਖਰੀ ਇਕੱਠੀਕਰਨ ਅਤੇ ਨਿਪਟਾਰੇ ਲਈ ਵਾਰਡ ਅਧਾਰਤ ਕਮੇਟੀਆਂ ਬਣਾਈਆਂ ਜਾਣ। ਉਨ੍ਹਾਂ ਜ਼ੋਰ ਦਿੱਤਾ ਕਿ ਗੰਦਗੀ ਦੇ ਢੇਰਾਂ ਅਤੇ ਪਾਣੀ ਦੇ ਜਮਾਵੇ ਕਾਰਨ ਮੱਛਰਾਂ ਤੋਂ ਪੈਦਾਸ਼ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਪੂਰੀ ਤਿਆਰੀ ਕੀਤੀ ਜਾਵੇ।
ਆਖ਼ਿਰ ਵਿੱਚ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਅਤੇ ਜਗ੍ਹਾ-ਜਗ੍ਹਾ ਕੂੜਾ ਨਾ ਸੁੱਟਣ। ਉਨ੍ਹਾਂ ਕਿਹਾ ਕਿ “ਰੰਗਲਾ ਪੰਜਾਬ” ਮੁਹਿੰਮ ਤਹਿਤ ਸਰਕਾਰ ਦਾ ਮੰਤਵ ਸਿਹਤਮੰਦ ਅਤੇ ਸੁੱਚਾ ਵਾਤਾਵਰਨ ਉਪਲਬਧ ਕਰਵਾਉਣਾ ਹੈ। ਇਸ ਮੌਕੇ ਡਿਪਟੀ ਮੇਅਰ ਹਰਿੰਦਰ ਕੋਹਲੀ, ਸੁਰੇਸ਼ ਰਾਏ ਅਤੇ ਸਥਾਨਕ ਵਾਸੀ ਵੀ ਹਾਜ਼ਰ ਸਨ।
Get all latest content delivered to your email a few times a month.