ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਬਿਆਸ ਦਰਿਆ ਵਿੱਚ ਪਾਣੀ ਵਧਣ ਨਾਲ ਖਡੂਰ ਸਾਹਿਬ ਹਲਕੇ ਦੇ ਕਿਸਾਨਾਂ ਨੂੰ ਪਹੁੰਚੇ ਭਾਰੀ ਨੁਕਸਾਨ ‘ਤੇ ਗੰਭੀਰ ਚਿੰਤਾ ਅਤੇ ਦੁੱਖ ਜਤਾਇਆ ਹੈ। ਉਨ੍ਹਾਂ ਇਸ ਘਟਨਾ ਲਈ ਸਿੱਧੀ ਤੌਰ ‘ਤੇ ਆਮ ਆਦਮੀ ਪਾਰਟੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਹੋਏ ਕਿਹਾ ਕਿ ਪਾਣੀ ਦੇ ਪੱਧਰ ਵਿੱਚ ਵਾਧੇ ਦੀ ਅਗਾਊਂ ਸੂਚਨਾ ਨਾ ਦੇਣਾ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਹੈ।
ਬ੍ਰਹਮਪੁਰਾ ਦੇ ਅਨੁਸਾਰ, ਖਡੂਰ ਹਲਕੇ ਦੇ ਮੁੰਡਾ ਪਿੰਡ, ਗੋਇੰਦਵਾਲ ਸਾਹਿਬ, ਵੈਰੋਵਾਲ, ਧੁੰਦਾ, ਚੰਬਾ ਕਲਾਂ ਸਮੇਤ ਲਗਭਗ 20 ਪਿੰਡਾਂ ਵਿੱਚ 12,000 ਏਕੜ ਤੋਂ ਵੱਧ ਝੋਨੇ ਅਤੇ ਪਸ਼ੂਆਂ ਦੇ ਚਾਰੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਉਨ੍ਹਾਂ ਨਿਰਾਸ਼ਾ ਜਤਾਈ ਕਿ ਅਜੇ ਤੱਕ ਕੋਈ ਵੀ ਸਰਕਾਰੀ ਨੁਮਾਇੰਦਾ ਪ੍ਰਭਾਵਿਤ ਕਿਸਾਨਾਂ ਦਾ ਹਾਲ ਪੁੱਛਣ ਨਹੀਂ ਆਇਆ, ਜਿਸ ਨਾਲ ਸਰਕਾਰ ਦਾ ਕਿਸਾਨ ਵਿਰੋਧੀ ਰਵੱਈਆ ਸਪੱਸ਼ਟ ਹੁੰਦਾ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਘੱਟੋ-ਘੱਟ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸਦੇ ਨਾਲ-ਨਾਲ, ਖੇਤੀ ਕਰਜ਼ੇ, ਬਿਜਲੀ ਬਿੱਲ ਅਤੇ ਸਹਿਕਾਰੀ ਸਭਾਵਾਂ ਦੀਆਂ ਦੇਣਦਾਰੀਆਂ ਮੁਆਫ਼ ਕਰਨ ਅਤੇ ਪਸ਼ੂਆਂ ਲਈ ਹਰੇ-ਸੁੱਕੇ ਚਾਰੇ ਦਾ ਤੁਰੰਤ ਪ੍ਰਬੰਧ ਕਰਨ ‘ਤੇ ਵੀ ਜ਼ੋਰ ਦਿੱਤਾ।
ਬ੍ਰਹਮਪੁਰਾ ਨੇ ਮੰਗ ਕੀਤੀ ਕਿ ਜਿਨ੍ਹਾਂ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਇਹ ਨੁਕਸਾਨ ਹੋਇਆ, ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਰਾਹਤ ਪ੍ਰਬੰਧ ਨਾ ਕੀਤੇ ਤਾਂ ਅਕਾਲੀ ਦਲ ਕਿਸਾਨਾਂ ਅਤੇ ਜਥੇਬੰਦੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਸ਼ੁਰੂ ਕਰੇਗਾ।
Get all latest content delivered to your email a few times a month.