IMG-LOGO
ਹੋਮ ਪੰਜਾਬ: ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੇ ਉਦਯੋਗਿਕ ਦਿੱਗਜਾਂ ਸਾਹਮਣੇ ਪੰਜਾਬ...

ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੇ ਉਦਯੋਗਿਕ ਦਿੱਗਜਾਂ ਸਾਹਮਣੇ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਪੇਸ਼ ਕੀਤਾ

Admin User - Aug 09, 2025 06:20 AM
IMG

 "ਰੰਗਲਾ ਪੰਜਾਬ ਬਣਾਉਣ ਲਈ ਦਿਲੋਂ ਤੇ ਰੂਹ ਤੋਂ ਜੁੜੋ," ਕੇਜਰੀਵਾਲ ਨੇ ਉਦਯੋਗਪਤੀਆਂ ਨੂੰ ਕੀਤੀ ਅਪੀਲ

 ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ  ਦੇਸ਼ ਭਰ ਦੇ ਉੱਘੇ ਉਦਯੋਗਪਤੀਆਂ ਦੀ ਹਾਜ਼ਰੀ ਵਿੱਚ ਸ਼ੁੱਕਰਵਾਰ ਨੂੰ ਇਕ ਉੱਚ ਪੱਧਰੀ ਸੀ.ਈ.ਓ. ਸੰਮੇਲਨ ਦੌਰਾਨ ਪੰਜਾਬ ਨੂੰ ਮੌਕਿਆਂ ਨਾਲ ਭਰੀ ਧਰਤੀ ਵਜੋਂ ਦਰਸਾਇਆ।

ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਦਯੋਗਪਤੀਆਂ ਤੋਂ ਪ੍ਰਾਪਤ ਫੀਡਬੈਕ ਪੰਜਾਬ ਦੇ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਨਾਲ ਨੀਤੀਆਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਉਦਯੋਗਪਤੀਆਂ ਦੇ ਉੱਦਮੀ ਦ੍ਰਿਸ਼ਟੀਕੋਣ ਅਤੇ ਸਮਰਪਣ ਦੀ ਪ੍ਰਸੰਸਾ ਕੀਤੀ, ਜਿਸ ਨੂੰ ਉਨ੍ਹਾਂ ਨੇ ਸੂਬੇ ਦੀ ਤਰੱਕੀ ਲਈ ਮਹੱਤਵਪੂਰਨ ਦੱਸਿਆ।


ਤਿੰਨ ਸਾਲ ਪਹਿਲਾਂ ਦੀ ਸਥਿਤੀ 'ਤੇ ਵਿਚਾਰ ਕਰਦੇ ਹੋਏ ‘ਆਪ' ਦੇ ਰਾਸ਼ਟਰੀ ਕਨਵੀਨਰ ਨੇ ਯਾਦ ਕੀਤਾ ਕਿ ਸੂਬਾ ਇੱਕ ਹਨੇਰੇ ਦੌਰ ਵਿੱਚੋਂ ਲੰਘ ਰਿਹਾ ਸੀ, ਖਾਸ ਕਰਕੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਸਮੱਸਿਆ ਵਿਕਰਾਲ ਰੂਪ ਲੈ ਚੁੱਕੀ ਸੀ। 


ਅਰਵਿੰਦ ਕੇਜਰੀਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਸ਼ਿਆਂ ਕਾਰਨ ਹਥਿਆਰਬੰਦ ਸੈਨਾਵਾਂ ਵਿੱਚ ਪੰਜਾਬ ਦਾ ਯੋਗਦਾਨ ਬਹੁਤ ਘੱਟ ਗਿਆ ਹੈ ਅਤੇ ਪਿਛਲੀਆਂ ਸਰਕਾਰਾਂ ਦੌਰਾਨ ਉਦਯੋਗਿਕ ਵਿਕਾਸ ਰੁਕ ਗਿਆ ਸੀ। 'ਆਪ' ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ, ਲੋਕ ਨਸ਼ਾ ਤਸਕਰਾਂ ਵਿਰੁੱਧ ਬੋਲਣ ਤੋਂ ਡਰਦੇ ਸਨ, ਪਰ ਹੁਣ ਨਾਗਰਿਕ ਇਸ ਲੜਾਈ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਸਿਰਫ਼ ਜਨਤਕ ਸ਼ਿਕਾਇਤਾਂ ਦੇ ਆਧਾਰ 'ਤੇ 3,500 ਤੋਂ ਵੱਧ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਸ ਕਾਰਵਾਈ ਨਾਲ ਛੋਟੇ-ਮੋਟੇ ਅਪਰਾਧਾਂ ਵਿੱਚ ਕਾਫ਼ੀ ਕਮੀ ਆਈ ਹੈ।


'ਆਪ' ਦੇ ਰਾਸ਼ਟਰੀ ਕਨਵੀਨਰ ਨੇ ਖੁਲਾਸਾ ਕੀਤਾ ਕਿ ਨਸ਼ਿਆਂ ਦਾ ਖ਼ਤਰਾ 2008-2009 ਦੌਰਾਨ ਜਾਣ-ਬੁੱਝ ਕੇ ਰਾਜਨੀਤਿਕ ਨੇਤਾਵਾਂ ਦੀ ਸਰਪ੍ਰਸਤੀ ਵਾਲੀ ਸਾਜ਼ਿਸ਼ ਰਾਹੀਂ ਫੈਲਾਇਆ ਗਿਆ ਸੀ ਪਰ ਮੌਜੂਦਾ ਸਰਕਾਰ ਨੇ ਸਾਵਧਾਨੀ ਨਾਲ ਯੋਜਨਾਬੰਦੀ ਕਰਕੇ ਕੰਮ ਕੀਤਾ ਹੈ, ਇੱਥੋਂ ਤੱਕ ਕਿ ਵੱਡੇ ਅਪਰਾਧੀਆਂ ਨੂੰ ਵੀ ਸਲਾਖਾਂ ਪਿੱਛੇ ਸੁੱਟ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕੋ ਸਮੇਂ ਸਿਹਤ ਸੰਭਾਲ ਅਤੇ ਸਿੱਖਿਆ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਨ੍ਹਾਂ ਖੇਤਰਾਂ ਨੂੰ ਪਿਛਲੇ 75 ਸਾਲਾਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਸੀ।


ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਅਗਲੇ ਛੇ ਮਹੀਨਿਆਂ ਵਿੱਚ ਪੰਜਾਬ ਦੇ ਸਾਰੇ 166 ਕਸਬਿਆਂ ਅਤੇ ਸ਼ਹਿਰਾਂ ਨੂੰ ਵੱਡੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਪੂਰੀ ਤਰ੍ਹਾਂ ਬਦਲ ਦਿੱਤਾ ਜਾਵੇਗਾ।


'ਆਪ' ਦੇ ਕੌਮੀ ਕਨਵੀਨਰ ਨੇ ਕਿਹਾ ਕਿ ਸੱਤ ਸ਼ਹਿਰਾਂ ਦੀਆਂ ਮੁੱਖ ਸੜਕਾਂ ਨੂੰ ਯੂਰਪੀਅਨ ਲੀਹਾਂ 'ਤੇ ਵਿਸ਼ਵ ਵਿਆਪੀ ਆਰਕੀਟੈਕਟਾਂ ਰਾਹੀਂ ਦੁਬਾਰਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਸੜਕਾਂ ਬਣਾਈਆਂ ਜਾਣਗੀਆਂ, ਤਲਾਬਾਂ ਦੀ ਸਫਾਈ ਕੀਤੀ ਜਾਵੇਗੀ ਅਤੇ ਨਵੇਂ ਸਟੇਡੀਅਮ ਬਣਾਏ ਜਾਣਗੇ। ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਨਵੇਂ ਮਾਲੀਆ ਸੁਧਾਰਾਂ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਜਨਤਾ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ-ਮੁਕਤ ਸੇਵਾਵਾਂ ਪ੍ਰਦਾਨ ਕਰਨ ਲਈ ਆਸਾਨ ਰਜਿਸਟ੍ਰੇਸ਼ਨ ਅਤੇ ਜਮ੍ਹਾਂਬੰਦੀ ਪੋਰਟਲ ਦੀ ਸ਼ੁਰੂਆਤ ਸ਼ਾਮਲ ਹੈ।


'ਆਪ' ਦੇ ਕੌਮੀ ਕਨਵੀਨਰ ਨੇ ਦੁਹਰਾਇਆ ਕਿ ਪੰਜਾਬ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪਹਿਲਾਂ ਹੀ ਕਈ ਯੋਜਨਾਵਾਂ ਪੇਸ਼ ਕੀਤੀਆਂ ਹਨ। ਉਦਯੋਗਪਤੀਆਂ ਨੂੰ ਸੂਬੇ ਦੇ ਪੁਨਰ ਨਿਰਮਾਣ ਵਿੱਚ ਸਹਿਯੋਗ ਦਾ ਸੱਦਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ “ਸਿਰਫ ਆਪਣਾ ਪੈਸਾ ਨਾ ਲਗਾਓ - ਰੰਗਲਾ ਪੰਜਾਬ ਬਣਾਉਣ ਲਈ ਦਿਲੋਂ ਤੇ ਰੂਹ ਤੋਂ ਜੁੜੋ।" ਉਨ੍ਹਾਂ ਨੇ ਪੰਜਾਬ ਦੇ ਵਿਕਾਸ ਦੇ ਉਦੇਸ਼ ਨਾਲ ਹਰ ਉਦਯੋਗਿਕ ਪਹਿਲਕਦਮੀ ਲਈ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਅਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ।


ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਯੋਗਪਤੀਆਂ ਦੀ ਸਖ਼ਤ ਮਿਹਨਤ, ਦ੍ਰਿੜ੍ਹਤਾ ਅਤੇ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਨੂੰ ਵਿਕਾਸ ਦੀ ਰਾਹ 'ਤੇ ਲਿਜਾਣ ਲਈ ਸਨਅਤਕਾਰਾਂ ਦੀ ਫੀਡਬੈਕ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਿਕ ਖੇਤਰ ਨੂੰ ਦਰਪੇਸ਼ ਹਰ ਚੁਣੌਤੀ ਨੂੰ ਗੱਲਬਾਤ ਅਤੇ ਉਸਾਰੂ ਫੀਡਬੈਕ ਰਾਹੀਂ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 


ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਪਿਛਾਂਹ-ਖਿੱਚੂ ਨੀਤੀਆਂ ਨਾਲ ਉਦਯੋਗ ਪੰਜਾਬ ਤੋਂ ਪਲਾਇਨ ਕਰ ਗਏ ਸਨ। ਉਦੋਂ ਵਿਕਾਸ ਨੂੰ ਸੁਚਾਰੂ ਬਣਾਉਣ ਦੀ ਬਜਾਏ ਸਨਅਤਾਂ ਲਈ ਬੇਲੋੜੀਆਂ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਉਨ੍ਹਾਂ ਸਿਹਤ ਸੰਭਾਲ, ਸਿੱਖਿਆ, ਬਿਜਲੀ, ਪਾਣੀ ਅਤੇ ਬੁਨਿਆਦੀ ਢਾਂਚੇ ਵਰਗੇ ਅਹਿਮ ਖੇਤਰਾਂ ਨੂੰ ਕੌਮੀ ਪੱਧਰ 'ਤੇ ਲਿਆਉਣ ਦਾ ਅਰਵਿੰਦ ਕੇਜਰੀਵਾਲ ਨੂੰ ਸਿਹਰਾ ਦਿੱਤਾ। ਉਨ੍ਹਾਂ ਕਿਹਾ, "ਇਹ ਪੰਜ ਖੇਤਰ ਸਾਡੀਆਂ ਪ੍ਰਮੁੱਖ ਤਰਜੀਹਾਂ ਹਨ ਅਤੇ ਅਸੀਂ ਇਨ੍ਹਾਂ ਖੇਤਰਾਂ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।"


ਮੁੱਖ ਮੰਤਰੀ ਨੇ ਆਪ ਦੀ ਵਿਕਾਸ-ਕੇਂਦ੍ਰਿਤ ਸਿਆਸਤ ਦੀ ਤੁਲਨਾ ਪਿਛਲੀਆਂ ਸਰਕਾਰਾਂ ਦੇ ਫੁੱਟਪਾਊ ਏਜੰਡੇ ਨਾਲ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਦਯੋਗਪਤੀਆਂ ਤੋਂ ਪੈਸਾ ਵਸੂਲਣ ਅਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣ ਤੇ ਧਮਕਾਉਣ ਜਿਹੇ ਹਥਕੰਡੇ ਵਰਤੇ। ਉਨ੍ਹਾਂ ਕਿਹਾ, "ਅੱਜ ਪੰਜਾਬ ਵਿੱਚ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ, ਜੋ ਉਦਯੋਗਾਂ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ।" 


ਮੋਹਰੀ ਸਨਅਤਕਾਰਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਆਟੋ ਕੰਪੋਨੈਂਟ, ਹੈਂਡ ਟੂਲ, ਸਾਈਕਲ ਨਿਰਮਾਣ, ਆਈ.ਟੀ. ਅਤੇ ਸੈਰ-ਸਪਾਟਾ ਜਿਹੇ ਖੇਤਰਾਂ ਵਿੱਚ ਪੰਜਾਬ ਦੀ ਅਗਵਾਈ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਮਾਰਚ 2022 ਤੋਂ ਲੈ ਕੇ ਹੁਣ ਤੱਕ ਸੂਬੇ ਨੂੰ 1.14 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਸ ਨਾਲ 4.5 ਲੱਖ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟਾਟਾ ਸਟੀਲ ਅਤੇ ਸਨਾਤਨ ਟੈਕਸਟਾਈਲ ਵਰਗੀਆਂ ਵੱਡੀਆਂ ਕੰਪਨੀਆਂ ਹੁਣ ਸੂਬੇ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।


ਇਸੇ ਤਰ੍ਹਾਂ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਸਰਕਾਰ, ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਦਰਮਿਆਨ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਤਾਲਮੇਲ ਸਾਡੇ ਰਾਜ ਅਤੇ ਇਸ ਦੇ ਲੋਕਾਂ ਲਈ ਕਾਫ਼ੀ ਲਾਭਦਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਸੰਭਾਲ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਸਾਡੀ ਵਿਕਾਸ ਰਣਨੀਤੀ ਦੇ ਮੁੱਖ ਥੰਮ੍ਹ ਹਨ।


ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸਮਾਗਮ ਵਿੱਚ ਪੁੱਜੇ ਸਾਰੇ ਪਤਵੰਤਿਆਂ ਅਤੇ ਉਦਯੋਗਿਕ ਆਗੂਆਂ ਦਾ ਨਿੱਘਾ ਸਵਾਗਤ ਕੀਤਾ।


ਇਸ ਮੌਕੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਸਕੱਤਰ ਉਦਯੋਗ ਕੇ.ਕੇ. ਯਾਦਵ ਅਤੇ ਹੋਰ ਵੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.