ਤਾਜਾ ਖਬਰਾਂ
ਸੁਖਬੀਰ ਸਿੰਘ ਬਾਦਲ ‘ਤੇ 4 ਦਸੰਬਰ 2024 ਨੂੰ ਹੋਏ ਇਰਾਦਾਤਨ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਧਰਮ ਸਿੰਘ ਨੂੰ ਅੱਜ ਅਦਾਲਤ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਧਰਮ ਸਿੰਘ ਨੂੰ ਭਾਈ ਨਰਾਇਣ ਸਿੰਘ ਚੌੜਾ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ। ਯਾਦ ਰਹੇ ਕਿ ਨਰਾਇਣ ਸਿੰਘ ਨੂੰ ਪਹਿਲਾਂ ਹੀ ਇਸ ਕੇਸ ਵਿੱਚ ਜ਼ਮਾਨਤ ਮਿਲ ਚੁੱਕੀ ਹੈ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਧਰਮ ਸਿੰਘ ਨੂੰ ਇਰਾਦਾਤਨ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਦੱਸਿਆ ਗਿਆ ਸੀ। ਚਲਾਣ ਮੁਤਾਬਕ, ਘਟਨਾ ਤੋਂ ਇੱਕ ਦਿਨ ਪਹਿਲਾਂ 3 ਦਸੰਬਰ ਨੂੰ, ਨਰਾਇਣ ਸਿੰਘ ਅਤੇ ਧਰਮ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਕੇ ਪਰਚੀ ਪਾਈ ਸੀ ਕਿ ਇਹ ਘਟਨਾ ਅੰਜਾਮ ਦੇਣੀ ਹੈ ਜਾਂ ਨਹੀਂ। ਅਰਦਾਸ ਨਰਾਇਣ ਸਿੰਘ ਨੇ ਕੀਤੀ ਸੀ, ਜਦਕਿ ਪਰਚੀ ਧਰਮ ਸਿੰਘ ਨੇ ਚੁੱਕੀ ਸੀ।
ਸੁਖਬੀਰ ਬਾਦਲ ਨੇ ਅਜੇ ਤੱਕ ਵੀ ਅਦਾਲਤ ਵਿੱਚ ਆਪਣਾ ਬਿਆਨ ਦਰਜ ਨਹੀਂ ਕਰਵਾਇਆ। ਇਸਦੇ ਨਾਲ ਹੀ, ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਮੰਗ ਕਰ ਚੁੱਕੇ ਹਨ ਕਿ ਜਾਂਚ ਕਿਸੇ ਕੇਂਦਰੀ ਏਜੰਸੀ ਨੂੰ ਸੌਂਪੀ ਜਾਵੇ। ਹਾਲਾਂਕਿ, ਪੰਜਾਬ ਪੁਲਸ ਨੇ ਇਸ ਕੇਸ ਦੀ ਜਾਂਚ ਪੂਰੀ ਕਰਕੇ ਚਲਾਣ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ।
ਧਰਮ ਸਿੰਘ ਨੂੰ 4 ਅਗਸਤ ਨੂੰ ਵਧੀਕ ਸੈਸ਼ਨ ਜੱਜ ਅੰਮ੍ਰਿਤਸਰ ਸੰਜੀਵ ਕੁੰਦੀ ਵਲੋਂ ਜ਼ਮਾਨਤ ਮਿਲੀ ਸੀ ਅਤੇ ਅੱਜ ਜਮਾਨਤੀ ਮੁਚਲਕਾ ਭਰਨ ਤੋਂ ਬਾਅਦ ਉਸਦੀ ਰਿਹਾਈ ਹੋ ਗਈ।
Get all latest content delivered to your email a few times a month.