ਤਾਜਾ ਖਬਰਾਂ
ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੱਖੜ ਪੁੰਨਿਆਂ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਵੱਡੀ ਕਾਨਫਰੰਸ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਅੰਮ੍ਰਿਤਸਰ ਵਿਖੇ ਕਰਵਾਈ ਗਈ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਆਗੂ ਉਪਕਾਰ ਸਿੰਘ ਸੰਧੂ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਰਜਿੰਦਰ ਕੌਰ ਜੈਤੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਮਾਗਮ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਅਜ਼ਾਦੀ ਦੀ ਆਵਾਜ਼ ਬਣੇਗਾ। ਰਾਜਸਥਾਨ ਦੀ ਘਟਨਾ ਦਾ ਹਵਾਲਾ ਦਿੰਦਿਆਂ ਸੰਧੂ ਨੇ ਦੱਸਿਆ ਕਿ ਇਕ ਸਿੱਖ ਬੱਚੀ ਨੂੰ ਕੇਵਲ ਕਕਾਰ ਪਹਿਨਣ ਕਰਕੇ ਇਕਜ਼ਾਮ ਤੋਂ ਰੋਕਿਆ ਗਿਆ, ਜੋ ਕਿ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ।
ਬੀਬੀ ਰਜਿੰਦਰ ਕੌਰ ਨੇ ਮਹਿਲਾਵਾਂ ਨੂੰ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਮਾਈ ਭਾਗੋ ਦੀ ਵਾਰਸ ਹਾਂ ਅਤੇ ਜੇਕਰ ਸਾਡੀ ਆਬਾਦੀ 50% ਹੈ ਤਾਂ ਅਸੀਂ ਰਾਜਨੀਤਿਕ ਦਿਸ਼ਾ ਵੀ ਬਦਲ ਸਕਦੇ ਹਾਂ। ਉਨ੍ਹਾਂ ਕਿਹਾ ਕਿ SAD ਅੰਮ੍ਰਿਤਸਰ ਸਿੱਖ ਇਤਿਹਾਸ, ਧਰਮ ਅਤੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਿ਼ਆਸੀ ਅਤੇ ਧਾਰਮਿਕ ਲੀਡਰਸ਼ਿਪ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਮਾਨ ਨੇ ਹਮੇਸ਼ਾ ਸੱਚ ਲਈ ਆਪਣੀ ਆਵਾਜ਼ ਉਠਾਈ ਹੈ, ਚਾਹੇ ਉਹ 2002 ਦੇ ਗੁਜਰਾਤ ਦੰਗੇ ਹੋਣ ਜਾਂ ਕਿਸੇ ਹੋਰ ਧਾਰਮਿਕ ਪਿੱਛੋਕੜ ਵਾਲੇ ਉੱਤੇ ਹੋਏ ਜੁਲਮ।
ਪਾਰਟੀ ਨੇ ਦਾਅਵਾ ਕੀਤਾ ਕਿ ਉਹ ਸਿਰਫ਼ ਵਾਅਦੇ ਨਹੀਂ ਕਰਦੀ, ਸਗੋਂ ਮੈਦਾਨ 'ਚ ਉਤਰ ਕੇ ਜਨਤਾ ਦੀ ਭਲਾਈ ਲਈ ਕੰਮ ਕਰਦੀ ਹੈ। ਬੀਬੀ ਜੈਤੋ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਅਜਿਹੀਆਂ ਪੰਜਾਬੀ ਬੱਚੀਆਂ ਨੂੰ ਵੀ ਵਾਪਸ ਲਿਆਇਆ ਹੈ ਜੋ ਵਿਦੇਸ਼ਾਂ ਵਿਚ ਜ਼ਬਰ ਜਹਿਲ ਰਹੀਆਂ ਸਨ। ਇਸ ਮੌਕੇ ਭਗਵੰਤ ਮਾਨ ਸਰਕਾਰ 'ਤੇ ਵੀ ਸਿੱਧੇ ਦੋਸ਼ ਲਗਾਏ ਗਏ। ਉਨ੍ਹਾਂ ਕਿਹਾ ਕਿ ਲੈਂਡ ਪੋਲਿੰਗ, ਰਾਏਪੇਰੀਅਨ ਕਾਨੂੰਨ ਅਤੇ ਸਰਹੱਦੀ ਇਲਾਕਿਆਂ ਵਿੱਚ ਫੌਜੀ ਦਖਲ ਜਿਹੇ ਮੁੱਦੇ ਪੰਜਾਬੀਆਂ ਦੇ ਹਿੱਤਾਂ ਉੱਤੇ ਹਮਲੇ ਹਨ।
ਤਰਨ ਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਪੁੱਛੇ ਸਵਾਲ ਉੱਤੇ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਪੀਏਸੀ ਦੀ ਮੀਟਿੰਗ ਅਗਲੇ ਦਿਨਾਂ ਵਿੱਚ ਹੋਵੇਗੀ ਜਿਸ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਪਾਰਟੀ ਆਪਣਾ ਉਮੀਦਵਾਰ ਖੜਾ ਕਰੇਗੀ ਜਾਂ ਕਿਸੇ ਹੋਰ ਦੀ ਹਿਮਾਇਤ ਕਰੇਗੀ। ਆਖ਼ਿਰ 'ਚ ਬੀਬੀ ਜੈਤੋ ਨੇ ਪੰਜਾਬ ਦੀ ਜਨਤਾ ਨੂੰ SAD ਅੰਮ੍ਰਿਤਸਰ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹੋ ਇਕਲੌਤੀ ਪਾਰਟੀ ਹੈ ਜੋ ਸੱਚਮੁੱਚ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਰਾਖੀ ਲਈ ਸਮਰਪਿਤ ਹੈ।
Get all latest content delivered to your email a few times a month.