ਤਾਜਾ ਖਬਰਾਂ
ਐਸ.ਏ.ਐਸ. ਨਗਰ, 25 ਜੁਲਾਈ:
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ‘ਮੀਡੀਏਸ਼ਨ ਫਾਰ ਦਿ ਨੇਸ਼ਨ’ ਮੁਹਿੰਮ ਦੀ ਸਫਲਤਾ ਲਈ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਸ਼੍ਰੀ ਅਤੁਲ ਕਸਾਨਾ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਐਸ.ਏ.ਐਸ. ਨਗਰ ਨੇ ਕੀਤੀ।
ਇਸ ਮੀਟਿੰਗ ਵਿੱਚ ਸੈਸ਼ਨ ਡਿਵੀਜ਼ਨ, ਐਸ.ਏ.ਐਸ. ਨਗਰ ਵਿਚ ਤਾਇਨਾਤ ਸਾਰੇ ਨਿਆਂਇਕ ਅਧਿਕਾਰੀਆਂ ਨੇ ਭਾਗ ਲਿਆ।
ਸ਼੍ਰੀ ਕਸਾਨਾ ਨੇ ਨਿਆਂਇਕ ਅਧਿਕਾਰੀਆਂ ਨੂੰ 'ਮੀਡੀਏਸ਼ਨ ਫਾਰ ਦਿ ਨੇਸ਼ਨ' ਮੁਹਿੰਮ ਦੀ ਸਫਲਤਾ ਲਈ ਲਗਨ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀਆਂ ਨੂੰ ਰਵਾਇਤੀ ਅਦਾਲਤੀ ਕਾਰਵਾਈ (ਮੁਕੱਦਮੇਬਾਜੀ) ਦੀ ਥਾਂ ਤੇ ਮੀਡੀਏਸ਼ਨ ਵਰਗੇ ਤੇਜ਼, ਘੱਟ ਖਰਚੇ ਵਾਲੇ ਅਤੇ ਆਪਸੀ ਸੰਬੰਧਾਂ ਨੂੰ ਬਚਾਉਣ ਦਾ ਵਿਕਲਪ ਦੇਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੀਮਤੀ ਸੁਰਭੀ ਪਰਾਸ਼ਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮੀਡੀਏਸ਼ਨ ਫਾਰ ਦਿ ਨੇਸ਼ਨ’ ਇੱਕ 90 ਦਿਨਾਂ ਦੀ ਰਾਸ਼ਟਰੀ ਮੁਹਿੰਮ ਹੈ, ਜਿਸ ਦੀ ਸ਼ੁਰੂਆਤ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਅਤੇ ਮੀਡੀਏਸ਼ਨ ਐਂਡ ਕੰਸੀਲੀਏਸ਼ਨ ਪ੍ਰੋਜੈਕਟ ਕਮੇਟੀ ਵੱਲੋਂ ਕੀਤੀ ਗਈ ਹੈ। ਇਹ ਮੁਹਿੰਮ 1 ਜੁਲਾਈ ਤੋਂ 30 ਸਤੰਬਰ 2025 ਤੱਕ ਚੱਲੇਗੀ ਅਤੇ ਇਸਦਾ ਮੁੱਖ ਉਦੇਸ਼ ਸਬ-ਡਵੀਜ਼ਨ ਅਤੇ ਜ਼ਿਲ੍ਹਾ ਅਦਾਲਤਾਂ ਵਿੱਚ ਚੱਲ ਰਹੇ ਲੰਬਿਤ ਮਾਮਲਿਆਂ ਨੂੰ ਧਿਰਾਂ ਦੀ ਆਪਸੀ ਸਹਿਮਤੀ ਨਾਲ ਵਿਚੋਲਗੀ ਰਾਹੀਂ ਨਿਪਟਾਉਣਾ ਹੈ।
ਮੁਹਿੰਮ ਦੌਰਾਨ ਵਿਆਹ ਸੰਬੰਧੀ ਝਗੜੇ, ਦੁਰਘਟਨਾ ਦਾਅਵੇ, ਘਰੇਲੂ ਹਿੰਸਾ, ਚੈਕ ਬਾਊਂਸ ਅਤੇ ਵਪਾਰਕ ਝਗੜੇ ਵਰਗੇ ਮਾਮਲੇ ਪ੍ਰਾਥਮਿਕਤਾ ਦੇ ਆਧਾਰ 'ਤੇ ਵਿਚੋਲਗੀ ਰਾਹੀਂ ਸੁਲਝਾਏ ਜਾਣਗੇ। ਵਿਚੋਲਗੀ ਵਿੱਚ ਇੱਕ ਨਿਰਪੱਖ ਤੀਜੀ ਧਿਰ (ਵਿਚੋਲਾ) ਸ਼ਾਮਿਲ ਹੁੰਦੀ ਹੈ ਜੋ ਦੋਵੇਂ ਧਿਰਾਂ ਨੂੰ ਸਹਿਮਤੀ ਨਾਲ ਸਰਬ ਪ੍ਰਵਾਨਿਤ ਹੱਲ ਤੱਕ ਪਹੁੰਚਣ ਵਿੱਚ ਮਦਦ ਕਰਦੀ ਹੈ।
Get all latest content delivered to your email a few times a month.