ਤਾਜਾ ਖਬਰਾਂ
ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਇੱਕ ਅਣਪਛਾਤੇ ਵਿਅਕਤੀ ਵੱਲੋਂ ਭੇਜੀ ਗਈ ਈਮੇਲ ਰਾਹੀਂ ਲੰਗਰ ਹਾਲ ਨੂੰ RDX ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਸੀ। ਅੰਮ੍ਰਿਤਸਰ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੰਬ ਨਿਰੋਧਕ ਦਸਤੇ, ਸਾਈਬਰ ਕ੍ਰਾਈਮ ਸੈੱਲ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸਤੱਰਕ ਕਰ ਦਿੱਤਾ ਹੈ।
ਇਸ ਧਮਕੀ ਦੇ ਚਲਦੇ ਸ੍ਰੀ ਹਰਿਮੰਦਰ ਸਾਹਿਬ ਅਤੇ ਆਸਪਾਸ ਦੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਕਾਫੀ ਸਖ਼ਤ ਕਰ ਦਿੱਤੇ ਗਏ ਹਨ। ਵੱਡੀ ਗਿਣਤੀ ਵਿੱਚ ਪੁਲਿਸ ਅਤੇ ਸਾਦੇ ਕੱਪੜਿਆਂ ਵਾਲੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਲਈ ਆ ਸਕਦੇ ਹਨ ਕਿਉਂਕਿ ਪੂਰੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵੀ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। SGPC ਦੀ ਟਾਸਕ ਫੋਰਸ ਨੂੰ ਦਰਬਾਰ ਸਾਹਿਬ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। SGPC ਮੈਂਬਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਇਹ ਕਾਰਵਾਈ ਡਰ ਦਾ ਮਾਹੌਲ ਬਣਾਉਣ ਲਈ ਕੀਤੀ ਗਈ ਹੋ ਸਕਦੀ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਜਾਰੀ ਹੈ।
ਧਮਕੀ ਭਰੀ ਈਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜੀ ਗਈ, ਇਸ ਬਾਰੇ ਜਾਂਚ ਜਾਰੀ ਹੈ। ਪੁਲਿਸ ਅਤੇ SGPC ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਚੇ ਪੱਧਰ ਦੀ ਜਾਂਚ ਰਾਹੀਂ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਅਣਚਾਹੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
Get all latest content delivered to your email a few times a month.