ਤਾਜਾ ਖਬਰਾਂ
ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਅਲੀ ਦੀ ਮੌਤ ਨੇ ਪੂਰੇ ਫਿਲਮੀ ਜਹਾਨ ਨੂੰ ਹੈਰਾਨ ਕਰ ਦਿੱਤਾ ਹੈ। 32 ਸਾਲਾ ਹੁਮੈਰਾ ਦੀ ਲਾਸ਼ ਕਰਾਚੀ ਦੇ ਇੱਤੇਹਾਦ ਕਮਰਸ਼ੀਅਲ ਖੇਤਰ ਦੇ ਇੱਕ ਫਲੈਟ ਵਿੱਚ ਮਿਲੀ, ਜੋ ਪੂਰੀ ਤਰ੍ਹਾਂ ਸੜ ਚੁੱਕੀ ਸੀ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਉਸਦੀ ਮੌਤ ਹਾਲ ਹੀ ਵਿੱਚ ਹੋਈ, ਪਰ ਡਿਜੀਟਲ ਅਤੇ ਫੋਰੈਂਸਿਕ ਜਾਂਚ ਨੇ ਖੁਲਾਸਾ ਕੀਤਾ ਹੈ ਕਿ ਉਸਦੀ ਮੌਤ 9 ਮਹੀਨੇ ਪਹਿਲਾਂ, ਅਕਤੂਬਰ 2024 ਵਿੱਚ ਹੋ ਚੁੱਕੀ ਸੀ। ਪੁਲਿਸ ਨੂੰ ਇਹ ਲਾਸ਼ ਉਸ ਵੇਲੇ ਮਿਲੀ ਜਦੋਂ ਮਕਾਨ ਮਾਲਕ ਨੇ ਕਿਰਾਇਆ ਨਾ ਆਉਣ ਦੀ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਫਲੈਟ ਦਾ ਦਰਵਾਜ਼ਾ ਤੋੜਿਆ।
ਜਾਂਚ ਦੌਰਾਨ ਪਤਾ ਲੱਗਾ ਕਿ ਅਦਾਕਾਰਾ ਦੀ ਆਖਰੀ ਸੋਸ਼ਲ ਮੀਡੀਆ ਗਤੀਵਿਧੀ ਸਤੰਬਰ 2024 ਵਿੱਚ ਹੋਈ ਸੀ। ਕਾਲ ਰਿਕਾਰਡਾਂ ਅਤੇ ਬਿਜਲੀ ਬਿੱਲ ਦੇ ਆਧਾਰ 'ਤੇ ਪੁਲਿਸ ਨੇ ਮੰਨਿਆ ਕਿ ਉਸਦੀ ਮੌਤ ਸ਼ਾਇਦ ਬਿਜਲੀ ਕੱਟ ਹੋਣ ਦੇ ਦਿਨਾਂ 'ਚ ਹੋਈ। ਘਰ ਵਿੱਚ ਪਾਣੀ ਦੀਆਂ ਪਾਈਪਾਂ ਸੁੱਕੀਆਂ ਹੋਈਆਂ ਸਨ, ਭਾਂਡਿਆਂ ਨੂੰ ਜੰਗ ਲੱਗੀ ਹੋਈ ਸੀ ਅਤੇ ਰਸੋਈ ਵਿੱਚ ਪਿਆ ਖਾਣਾ ਬਹੁਤ ਮਹੀਨੇ ਪਹਿਲਾਂ ਖਰਾਬ ਹੋ ਚੁੱਕਾ ਸੀ। ਇਹ ਸਾਰੇ ਇਸ਼ਾਰੇ ਦੱਸਦੇ ਹਨ ਕਿ ਉਹ ਕਾਫੀ ਸਮੇਂ ਤੱਕ ਅਕੇਲੀ ਅਤੇ ਬਿਨਾਂ ਕਿਸੇ ਮਦਦ ਦੇ ਰਹਿ ਰਹੀ ਸੀ।
ਪੜੋਸੀਆਂ ਨੇ ਦੱਸਿਆ ਕਿ ਉਹਨਾਂ ਨੇ ਹੁਮੈਰਾ ਨੂੰ ਆਖਰੀ ਵਾਰ ਪਿਛਲੇ ਸਾਲ ਦੇ ਸਤੰਬਰ ਜਾਂ ਅਕਤੂਬਰ ਵਿੱਚ ਦੇਖਿਆ ਸੀ। ਮੰਜ਼ਿਲ 'ਤੇ ਸਿਰਫ਼ ਇੱਕ ਹੋਰ ਫਲੈਟ ਸੀ ਜੋ ਫਰਵਰੀ 2025 ਤੱਕ ਖਾਲੀ ਸੀ, ਜਿਸ ਕਰਕੇ ਕਿਸੇ ਨੂੰ ਲਾਸ਼ ਦੀ ਸੂਚਨਾ ਨਹੀਂ ਮਿਲੀ। ਹੁਮੈਰਾ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੇ ਸ਼ੁਰੂ ਵਿੱਚ ਲਾਸ਼ ਲੈਣ ਤੋਂ ਇਨਕਾਰ ਕੀਤਾ, ਪਰ ਹੁਣ ਉਸਦਾ ਭਰਾ ਨਵੀਦ ਅਸਗਰ ਲਾਸ਼ ਲੈਣ ਕਰਾਚੀ ਪਹੁੰਚ ਗਿਆ ਹੈ। ਨਵੀਦ ਨੇ ਦੱਸਿਆ ਕਿ ਹੁਮੈਰਾ ਪਿਛਲੇ ਡੇਢ ਸਾਲ ਤੋਂ ਘਰ ਨਹੀਂ ਆਈ ਸੀ ਅਤੇ ਉਹ ਪਰਿਵਾਰ ਤੋਂ ਵੱਖ ਰਹਿ ਰਹੀ ਸੀ।
ਹੁਮੈਰਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2014 ਵਿੱਚ 'ਵੀਟ ਮਿਸ ਸੁਪਰ ਮਾਡਲ' ਖਿਤਾਬ ਜਿੱਤਣ ਤੋਂ ਬਾਅਦ ਕੀਤੀ। ਉਸਨੇ ਕਈ ਪ੍ਰਸਿੱਧ ਨਾਟਕਾਂ ਅਤੇ ਰਿਐਲਿਟੀ ਸ਼ੋਅ 'ਤਮਾਸ਼ਾ ਘਰ' ਵਿੱਚ ਕੰਮ ਕੀਤਾ। ਫਿਲਮਾਂ 'ਜਲੇਬੀ' ਅਤੇ 'ਲਵ ਵੈਕਸੀਨ' ਵਿੱਚ ਵੀ ਉਸਦੇ ਅਭਿਨੈ ਨੂੰ ਪਸੰਦ ਕੀਤਾ ਗਿਆ। ਉਸਦੀ ਅਚਾਨਕ ਅਤੇ ਭਿਆਨਕ ਮੌਤ ਨੇ ਪਾਕਿਸਤਾਨੀ ਮਨੋਰੰਜਨ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿੱਥੇ ਹੁਣ ਸਵਾਲ ਇਹ ਉਠ ਰਿਹਾ ਹੈ ਕਿ ਇੱਕ ਉਭਰਦੀ ਹੋਈ ਅਦਾਕਾਰਾ ਇੰਨੀ ਲੰਬੀ ਦੇਰ ਤੱਕ ਕਿਵੇਂ ਲਾਪਤਾ ਰਹੀ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ।
Get all latest content delivered to your email a few times a month.