ਤਾਜਾ ਖਬਰਾਂ
• ਵੱਖ-ਵੱਖ ਮੱਛੀ ਪਾਲਣ ਪ੍ਰੋਜੈਕਟਾਂ ਤਹਿਤ 637 ਲਾਭਪਾਤਰੀ ਮੱਛੀ-ਪਾਲਕਾਂ ਨੂੰ 30.64 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ: ਗੁਰਮੀਤ ਸਿੰਘ ਖੁੱਡੀਆਂ
ਚੰਡੀਗੜ੍ਹ- ਕੌਮੀ ਮੱਛੀ ਪਾਲਕ ਦਿਵਸ ਮੌਕੇ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਵਿੱਚ ਮੱਛੀ ਪਾਲਣ ਖੇਤਰ ਲਗਾਤਾਰ ਵੱਧ-ਫੁੱਲ ਰਿਹਾ ਹੈ ਅਤੇ ਸੂਬੇ ਵਿੱਚ ਪਾਣੀ ਦੇ ਕੁਦਰਤੀ ਸਰੋਤਾਂ, ਨਿੱਜੀ ਤਲਾਬਾਂ ਅਤੇ ਛੱਪੜਾਂ ‘ਚੋਂ ਸਾਲਾਨਾ 2 ਲੱਖ ਮੀਟ੍ਰਿਕ ਟਨ ਮੱਛੀ ਪੈਦਾ ਕੀਤੀ ਜਾ ਰਹੀ ਹੈ।
ਮੱਛੀ ਪਾਲਣ ਖੇਤਰ ਦੀ ਪ੍ਰਗਤੀ ‘ਤੇ ਚਾਨਣਾ ਪਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ 43,683 ਏਕੜ ਤੋਂ ਵੱਧ ਰਕਬਾ ਮੱਛੀ ਪਾਲਣ ਅਧੀਨ ਅਤੇ ਕਰੀਬ 985 ਏਕੜ ਰਕਬਾ ਝੀਂਗਾ ਪਾਲਣ ਅਧੀਨ ਹੈ, ਜੋ ਰਾਜ ਵਿੱਚ ਜਲ-ਜੀਵਾਂ ਦੇ ਪਾਲਣ-ਪੋਸ਼ਣ ਦੇ ਵਧ ਰਹੇ ਰੁਝਾਨ ਨੂੰ ਦਰਸਾਉਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੱਛੀ ਪਾਲਣ ਖੇਤਰ ਦੇ ਵਿਕਾਸ ਲਈ 16 ਸਰਕਾਰੀ ਮੱਛੀ ਪੂੰਗ ਫਾਰਮ, 11 ਮੱਛੀ ਫੀਡ ਮਿੱਲਾਂ ਅਤੇ 7 ਲੈਬਾਟਰੀਆਂ ਸਰਗਰਮੀ ਨਾਲ ਸੂਬੇ ਦੇ ਕਿਸਾਨਾਂ ਦੀ ਮਦਦ ਲਈ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ 637 ਮੱਛੀ ਪਾਲਕਾਂ ਨੂੰ ਮੱਛੀ ਪਾਲਣ ਦੇ ਵੱਖ-ਵੱਖ ਪ੍ਰੋਜੈਕਟਾਂ ਤਹਿਤ 30.64 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ ਜਿਸ ਵਿੱਚ ਮੱਛੀ ਅਤੇ ਝੀਂਗਾ ਪਾਲਣ ਲਈ ਤਲਾਅ ਦੀ ਉਸਾਰੀ, ਮੱਛੀ ਫੀਡ ਮਿੱਲਾਂ, ਰੀਸਰਕੁਲੇਟਰੀ ਐਕੁਆਕਲਚਰ ਸਿਸਟਮ (ਆਰਏਐਸ), ਬਾਇਓਫਲੌਕ-ਕਲਚਰ ਸਿਸਟਮ, ਆਈਸ ਬਾਕਸ ਦੀ ਸਹੂਲਤ ਵਾਲੇ ਇੰਸੂਲੇਟਿਡ ਵਾਹਨ, ਮੋਟਰਸਾਈਕਲ ਅਤੇ ਆਟੋ-ਰਿਕਸ਼ਾ ਸ਼ਾਮਲ ਹਨ, ਜਿਨ੍ਹਾਂ 'ਤੇ 40 ਤੋਂ 60 ਫੀਸਦ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਸਾਫ਼-ਸੁਥਰੇ ਵਾਤਾਵਰਣ ਵਿੱਚ ਮੱਛੀ ਅਤੇ ਮੱਛੀ ਉਤਪਾਦਾਂ ਦੀ ਵਿਕਰੀ ਲਈ 8 ਪ੍ਰਾਈਵੇਟ ਫਿਸ਼ ਕਿਓਸਕ ਵੀ ਸਥਾਪਤ ਕੀਤੇ ਗਏ ਹਨ।
ਸੂਬੇ ਦੇ ਮੱਛੀ ਪਾਲਕਾਂ ਨੂੰ ਕੌਮੀ ਮੱਛੀ ਪਾਲਕ ਦਿਹਾੜੇ ਮੌਕੇ ਨਿੱਘੀਆਂ ਸ਼ੁਭਕਾਮਨਾਵਾਂ ਦਿੰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਮੱਛੀ ਪਾਲਣ ਖੇਤਰ ਚੰਗੀ ਤਰ੍ਹਾਂ ਵਧ-ਫੁੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਯਤਨਾਂ ਨੇ ਮੱਛੀ ਪਾਲਣ ਅਤੇ ਸਹਾਇਕ ਉਦਯੋਗਾਂ ਵਿੱਚ ਵਿਕਾਸ ਲਈ ਵਿਸ਼ਾਲ ਸੰਭਾਵਨਾਵਾਂ ਪੈਦਾ ਕਰਨ ਦੇ ਨਾਲ-ਨਾਲ ਮੱਛੀ ਅਤੇ ਝੀਂਗਾ ਪ੍ਰੋਸੈਸਿੰਗ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਹਨ। ਇਸ ਪ੍ਰਗਤੀ ਸਦਕਾ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਮੱਛੀ ਪਾਲਣ ਮੰਤਰੀ ਨੇ ਸੂਬੇ ਦੇ ਨੌਜਵਾਨਾਂ ਨੂੰ ਮੱਛੀ ਪਾਲਣ ਦੇ ਕਿੱਤੇ ਨੂੰ ਸਵੈ-ਰੁਜ਼ਗਾਰ ਦੇ ਇੱਕ ਫਾਇਦੇਮੰਦ ਮੌਕੇ ਵਜੋਂ ਦੇਖਣ ਦੀ ਅਪੀਲ ਕਰਦਿਆਂ ਇਸ ਉੱਦਮ ਨੂੰ ਅਪਣਾ ਕੇ ਰਾਜ ਦੇ ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਲਈ ਕਿਹਾ।
Get all latest content delivered to your email a few times a month.