ਤਾਜਾ ਖਬਰਾਂ
ਚੰਡੀਗੜ੍ਹ-ਫਾਜ਼ਿਲਕਾ ਦੇ ਅਬੋਹਰ ਸਥਿਤ ਨਿਊ ਵੇਅਰਵੈੱਲ ਦੇ ਡਾਇਰੈਕਟਰ ਸੰਜੇ ਵਰਮਾ ਦਾ ਅੰਤਿਮ ਸੰਸਕਾਰ ਅੱਜ ਕੀਤਾ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਬੋਹਰ ਦੇ ਵਿਧਾਇਕ ਸੰਦੀਪ ਜਾਖੜ, ਸਾਬਕਾ ਵਿਧਾਇਕ ਦੇਵੇਂਦਰ ਸਿੰਘ ਘੁਬਾਇਆ, ਪ੍ਰਕਾਸ਼ ਸਿੰਘ ਭੱਟੀ ਅਤੇ ਮਹਿੰਦਰ ਰਿਣਵਾਨ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ, ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਆਦਿ ਸ਼ਾਮਿਲ ਹੋਏ।
ਅੰਤਿਮ ਸੰਸਕਾਰ ਦੌਰਾਨ ਸੰਜੇ ਵਰਮਾ ਦੇ ਭਰਾ ਜਗਤ ਵਰਮਾ ਨੇ ਕਿਹਾ ਕਿ ਮੈਂ ਮੋਦੀ ਸਰਕਾਰ ਤੋਂ ਜਵਾਬ ਮੰਗਦਾ ਹਾਂ ਕਿ ਉਹ ਗੈਂਗਸਟਰਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ। ਉਨ੍ਹਾਂ ਨੂੰ ਦੇਸ਼ ਭਰ ਵਿਚ ਪਨਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨਾ ਟੈਕਸ ਦੇਣ ਤੋਂ ਬਾਅਦ ਵੀ ਦੇਸ਼ ਵਿਚ ਕਾਰੋਬਾਰੀਆਂ ਲਈ ਕੋਈ ਸੁਰੱਖਿਆ ਨਹੀਂ ਹੈ। ਉਨ੍ਹਾਂ ਸਾਰੇ ਸਿਆਸਤਦਾਨਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ, ਤਾਂ ਜੋ ਉਨ੍ਹਾਂ ਦੇ ਭਰਾ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।
ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਗੈਂਗਸਟਰ ਰਾਜ ਨੂੰ ਖਤਮ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਗੈਂਗਵਾਰ ਦੀਆਂ ਵਧਦੀਆਂ ਘਟਨਾਵਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਨੈਤਿਕ ਆਧਾਰ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਅਬੋਹਰ ਵਿਚ ਵੱਡੇ ਕੱਪੜਾ ਕਾਰੋਬਾਰੀ ਸੰਜੇ ਵਰਮਾ ਦੀ ਬੀਤੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਬਿਸ਼ਨੋਈ ਗੈਂਗ ਲਈ ਸੀl
Get all latest content delivered to your email a few times a month.