ਤਾਜਾ ਖਬਰਾਂ
ਪੂਰੇ ਭਾਰਤ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ, ਉਹ ਭਾਰਤ ਵਿੱਚ ਬਦਲਾਅ ਚਾਹੁੰਦੇ ਹਨ: ਅਰਵਿੰਦ ਕੇਜਰੀਵਾਲ
ਸਕੂਲਾਂ ਦੀਆਂ ਕੰਧਾਂ ਅਤੇ ਮੇਜ਼ਾਂ ਤੋਂ ਸ਼ੁਰੂ ਹੋਇਆ ਸਿੱਖਿਆ ਕ੍ਰਾਂਤੀ ਦਾ ਰਸਤਾ, ਹੁਣ 'ਆਪ' ਸਰਕਾਰ ਨੇ ਪੰਜਾਬ ਨੂੰ ਸਿੱਖਿਆ ਵਿੱਚ ਦਿਲਾਈਆ ਪਹਿਲਾ ਸਥਾਨ: ਅਰਵਿੰਦ ਕੇਜਰੀਵਾਲ
ਮਜੀਠੀਆ ਵਰਗੇ ਡਰੱਗ ਮਾਫੀਆ ਦੀ ਹੁਣ ਨਹੀਂ ਚਲੇਗੀ ਕੋਈ ਚਾਲ, ਜੇਲ੍ਹ ਹੀ ਇੱਕੋ ਇੱਕ ਟਿਕਾਣਾ: ਭਗਵੰਤ ਮਾਨ
ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਦੇਣਾ ਪਵੇਗਾ ਜਵਾਬ, ਕਾਂਗਰਸ ਅਤੇ ਅਕਾਲੀ ਦਲ ਦੀ ਰਾਜਨੀਤੀ ਦਾ ਜਨਾਜਾ ਨਿਕਲ ਚੁੱਕਾ ਹੈ: ਭਗਵੰਤ ਮਾਨ
ਬਜ਼ੁਰਗਾਂ ਦੀਆਂ ਰੰਗੀਨ ਪੱਗਾਂ ਅਤੇ ਲਾਲੀ ਨੇ ਦਿਖਾ ਦਿੱਤਾ ਹੈ ਕਿ ਉਨ੍ਹਾਂ ਨੂੰ ਨਾ ਲੰਡਨ ਨਾ ਕੈਲੀਫੋਰਨੀਆ ਬਨਾਉਣਾ ਹੈ, ਹੁਣ ਉਹ ਪੰਜਾਬ ਨੂੰ ਸਿਰਫ਼ ਪੰਜਾਬ ਬਣਾਉਣਾ ਚਾਹੁੰਦੇ ਹਨ: ਭਗਵੰਤ ਮਾਨ
ਨਸ਼ਿਆਂ ਵਿਰੁੱਧ ਜੰਗ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਕਾਨੂੰਨੀ ਕਾਰਵਾਈ ਵਿੱਚ ਦੇਰੀ ਹੋ ਸਕਦੀ ਹੈ ਪਰ ਇਨਸਾਫ਼ ਤੈਅ ਹੈ: ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ, 'ਆਪ' ਸਰਕਾਰ ਆਮ ਲੋਕਾਂ ਦੀ ਸਰਕਾਰ, ਇਸਨੂੰ ਆਮ ਲੋਕ ਹੀ ਚਲਾਉਣਗੇ
ਲੁਧਿਆਣਾ, 7 ਜੁਲਾਈ 2025-
ਜ਼ਿਮਨੀ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ, ਆਮ ਆਦਮੀ ਪਾਰਟੀ 'ਆਪ' ਨੇ ਲੁਧਿਆਣਾ ਵਿੱਚ "ਧੰਨਵਾਦ ਸਭਾ" ਦਾ ਆਯੋਜਨ ਕੀਤਾ ਅਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਪੰਜਾਬ ਪ੍ਭਾਰੀ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਅਤੇ ਪਾਰਟੀ ਦੇ ਕਈ ਪ੍ਰਮੁੱਖ ਆਗੂ ਮੌਜੂਦ ਸਨ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਪੱਛਮੀ ਅਤੇ ਗੁਜਰਾਤ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਜਰਾਤ, ਜੋ ਕਿ ਭਾਰਤੀ ਜਨਤਾ ਪਾਰਟੀ ਦਾ ਗੜ੍ਹ ਹੈ, ਵਿੱਚ 'ਆਪ' ਉਮੀਦਵਾਰ ਨੇ 17,000 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜੋ ਕਿ ਬਹੁਤ ਮਹੱਤਵਪੂਰਨ ਹੈ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਇੰਨੀ ਗੁੱਸੇ ਵਿੱਚ ਸੀ ਕਿ ਉਹਨਾਂ ਨੇ ਤੁਰੰਤ ਸਾਡੀ ਪਾਰਟੀ ਦੇ ਇੱਕ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਨੇ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਭਾਜਪਾ ਵਾਲੇ ਸਾਨੂੰ ਜਿੰਨਾ ਮਰਜ਼ੀ ਡਰਾਉਣ, ਅਸੀਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਜਿੰਨੇ ਜ਼ਿਆਦਾ ਜ਼ੁਲਮ ਕਰੇਗੀ, ਜਨਤਾ ਓਨੀ ਹੀ ਮਜ਼ਬੂਤੀ ਨਾਲ ਆਮ ਆਦਮੀ ਪਾਰਟੀ ਨਾਲ ਖੜ੍ਹੀ ਹੋਵੇਗੀ।
ਕੇਜਰੀਵਾਲ ਨੇ ਕਿਹਾ ਕਿ ਲੁਧਿਆਣਾ ਅਤੇ ਗੁਜਰਾਤ ਜਿਮਨੀ ਚੋਣਾਂ 2027 ਦੀਆਂ ਚੋਣਾਂ ਦਾ ਸੈਮੀਫਾਈਨਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਇਨ੍ਹਾਂ ਦੋਵਾਂ ਜਿਮਨੀ ਚੋਣਾਂ ਵਿੱਚ ਪਾਰਟੀ ਨੂੰ ਸਮਰਥਨ ਮਿਲਿਆ ਹੈ, ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ 2027 ਵਿੱਚ ਆਮ ਆਦਮੀ ਪਾਰਟੀ ਪੰਜਾਬ ਅਤੇ ਗੁਜਰਾਤ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬਹੁਤ ਕੰਮ ਕੀਤਾ ਹੈ ਅਤੇ ਲੁਧਿਆਣਾ ਵਿੱਚ ਜਿੱਤ ਇਸ 'ਤੇ ਜਨਤਾ ਦੀ ਪ੍ਰਵਾਨਗੀ ਦੀ ਮੋਹਰ ਹੈ।
ਕੇਜਰੀਵਾਲ ਨੇ ਕਾਂਗਰਸ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਕੋਲ ਹੁਣ ਕੋਈ ਵੀ ਜਨਹਿੱਤ ਮੁੱਦਾ ਨਹੀਂ ਬਚਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਲੁਧਿਆਣਾ ਜਿਮਨੀ ਚੋਣ ਵਿੱਚ ਸਿੱਖਿਆ, ਸਿਹਤ, ਸੜਕਾਂ, ਬਿਜਲੀ, ਪਾਣੀ ਅਤੇ ਨਸ਼ਾ ਛੁਡਾਊ ਦੀ ਗੱਲ ਕਰ ਰਹੇ ਸੀ, ਇਹ ਲੋਕ ਸਿਰਫ਼ ਇੱਕ ਹੀ ਗੱਲ ਕਹਿੰਦੇ ਸਨ ਕਿ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਜਾਣ ਤੋਂ ਰੋਕਣਾ ਹੈ।
ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਨੇ ਮੇਰੇ ਰਾਜ ਸਭਾ ਜਾਣ ਦੀ ਅਫਵਾਹ ਸਿਰਫ ਜਨਤਾ ਨੂੰ ਗੁੰਮਰਾਹ ਕਰਨ ਲਈ ਫੈਲਾਈ ਸੀ। ਨਤੀਜੇ ਆਉਣ ਤੋਂ ਤੁਰੰਤ ਬਾਅਦ, ਮੈਂ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟ ਕਰ ਦਿੱਤਾ ਸੀ ਕਿ ਮੈਂ ਰਾਜ ਸਭਾ ਨਹੀਂ ਜਾਵਾਂਗਾ।" ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ 'ਤੇ ਮਿਲੀਭੁਗਤ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਅਤੇ ਹੁਣ ਪੰਜਾਬ ਵਿੱਚ ਵੀ, ਉਹ ਸਾਂਝੇ ਤੌਰ 'ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਪਿਛਲੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ 'ਤੇ ਪੰਜਾਬ ਵਿੱਚ ਨਸ਼ਾ ਫੈਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿੱਚ ਫਸਾ ਕੇ ਬਰਬਾਦ ਕੀਤਾ, ਜਦੋਂ ਕਿ 'ਆਪ' ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁਟ ਰਹੇ ਹਾਂ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ 2017 ਵਿੱਚ ਸਰਵੇਖਣ ਕੀਤਾ ਗਿਆ ਸੀ, ਤਾਂ ਪੰਜਾਬ ਸਿੱਖਿਆ ਦੇ ਮਾਮਲੇ ਵਿੱਚ ਦੇਸ਼ ਵਿੱਚ 29ਵੇਂ ਸਥਾਨ 'ਤੇ ਸੀ, ਪਰ ਹੁਣ ਆਮ ਆਦਮੀ ਪਾਰਟੀ ਦੀ ਮਿਹਨਤ ਕਾਰਨ ਇਹ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਸਫਲਤਾ ਅਧਿਆਪਕਾਂ, ਬੱਚਿਆਂ, ਪ੍ਰਿੰਸੀਪਲਾਂ ਅਤੇ ਅਧਿਕਾਰੀਆਂ ਦੀ ਮਿਹਨਤ ਕਾਰਨ ਹੀ ਸੰਭਵ ਹੋਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ 8,000 ਤੋਂ ਵੱਧ ਸਕੂਲਾਂ ਦੀਆਂ ਚਾਰਦੀਵਾਰੀਆਂ ਬਣਾਈਆਂ ਗਈਆਂ ਹਨ, ਪਖਾਨੇ ਬਣਾਏ ਗਏ ਹਨ, ਸਕੂਲਾਂ ਦੀ ਸਫਾਈ ਕੀਤੀ ਗਈ ਹੈ, ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ ਅਤੇ ਹੁਣ ਬੱਚੇ ਜ਼ਮੀਨ 'ਤੇ ਚਟਾਈਆਂ 'ਤੇ ਨਹੀਂ ਸਗੋਂ ਮੇਜ਼ਾਂ 'ਤੇ ਬੈਠਦੇ ਹਨ। ਉਹਨਾਂ ਨੇ ਕਿਹਾ ਕਿ ਜਨਤਾ ਹੁਣ ਕਹਿ ਰਹੀ ਹੈ ਕਿ ਉਨ੍ਹਾਂ ਨੇ ਅਜਿਹਾ ਕੰਮ ਪਹਿਲਾਂ ਕਦੇ ਨਹੀਂ ਦੇਖਿਆ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਸਕੂਲਾਂ ਵਿੱਚ ਕੰਧਾਂ ਜਾਂ ਪਖਾਨਿਆਂ ਦਾ ਉਦਘਾਟਨ ਕੀਤਾ ਗਿਆ ਸੀ, ਤਾਂ ਕਾਂਗਰਸ ਅਤੇ ਭਾਜਪਾ ਨੇ ਇਸਦਾ ਮਜ਼ਾਕ ਉਡਾਇਆ ਸੀ, ਪਰ ਹੁਣ ਜਨਤਾ ਉਨ੍ਹਾਂ ਤੋਂ ਪੁੱਛ ਰਹੀ ਹੈ ਕਿ ਤੁਸੀਂ 75 ਸਾਲਾਂ ਵਿੱਚ ਕੀ ਕੀਤਾ?
ਉਹਨਾਂ ਨੇ ਅੱਗੇ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਿਆਉਣ ਜਾ ਰਹੇ ਹਨ। ਪਰ ਵਿਰੋਧੀ ਪਾਰਟੀਆਂ ਨੂੰ ਇਸ 'ਤੇ ਵੀ ਦਿੱਕਤ ਹੋਣ ਲਗ ਗਈ ਹੈ। ਉਹਨਾਂ ਨੇ ਕਾਂਗਰਸ 'ਤੇ ਸਵਾਲ ਚੁਕਦੇ ਹੋਏ ਪੁੱਛਿਆ ਕਿ ਕੀ ਉਹ ਇਸ ਕਾਨੂੰਨ ਦਾ ਸਮਰਥਨ ਕਰਨਗੇ ਜਾਂ ਭਾਜਪਾ ਨੂੰ ਪੁੱਛ ਕੇ ਜਵਾਬ ਦੇਣਗੇ? ਕਿਉਂਕਿ ਕਾਂਗਰਸ ਦੇ ਲੋਕ ਜੋ ਵੀ ਕੰਮ ਕਰਦੇ ਹਨ, ਉਹ ਭਾਜਪਾ ਤੋਂ ਇਜਾਜ਼ਤ ਲੈ ਕੇ ਕਰਦੇ ਹਨ।
ਕੇਜਰੀਵਾਲ ਨੇ ਮਾਨ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਗਏ ਕੰਮਾਂ ਦੀ ਵੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣੀ ਸੀ, ਤਾਂ ਸਿੰਚਾਈ ਦਾ ਪਾਣੀ ਸਿਰਫ਼ 20% ਖੇਤਾਂ ਤੱਕ ਪਹੁੰਚਿਆ ਸੀ, ਅੱਜ ਇਹ ਅੰਕੜਾ 60% ਹੈ। ਸਾਡਾ ਟੀਚਾ 2026-27 ਤੱਕ 90% ਖੇਤਾਂ ਤੱਕ ਪਾਣੀ ਪਹੁੰਚਣਾ ਹੈ।
ਵਿਰੋਧੀ ਧਿਰ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਤਿੰਨ ਸਾਲਾਂ ਵਿੱਚ ਇੰਨਾ ਕੰਮ ਕੀਤਾ ਜੋ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ 70 ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ। ਇਨ੍ਹਾਂ ਲੋਕਾਂ ਨੇ ਸਿਰਫ਼ ਪੰਜਾਬ ਨੂੰ ਲੁੱਟਿਆ ਅਤੇ ਆਪਣੇ ਘਰ ਭਰੇ।
ਲੋਕਾਂ ਦੀ ਵੱਡੀ ਭੀੜ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈ ਰਹੀ ਹੈ। 'ਆਪ' ਸਰਕਾਰ ਲੋਕਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ 'ਆਪ' ਨੇ ਦੇਸ਼ ਭਰ ਵਿੱਚ ਨਵੀਂ ਰਾਜਨੀਤੀ ਦੀ ਸ਼ੁਰੂ ਕੀਤੀ ਹੈ।
ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਅੱਜ ਆਪਣੇ ਵਜੂਦ ਲਈ ਲੜ ਰਹੇ ਹਨ। ਇਨ੍ਹਾਂ ਪਾਰਟੀਆਂ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਹਨਾਂ ਨੂੰ 11 ਜਾਂ 21 ਮੈਂਬਰੀ ਕਮੇਟੀ ਬਣਾਉਣ ਲਈ ਵੀ ਲੋਕ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ, ਉਨ੍ਹਾਂ ਨੂੰ ਧਰਮ ਦੇ ਨਾਂ 'ਤੇ ਲੜਾਇਆ ਅਤੇ ਸੂਬੇ ਦੇ ਸਰੋਤ ਲੁੱਟੇ। ਇਸ ਲਈ ਹੁਣ ਜਨਤਾ ਉਨ੍ਹਾਂ ਨੂੰ ਸਬਕ ਸਿਖਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਪੰਜਾਬ ਨੂੰ "ਕੈਲੀਫੋਰਨੀਆ ਜਾਂ ਲੰਡਨ" ਬਣਾਉਣਾ ਨਹੀਂ ਹੈ, ਸਗੋਂ ਇਸਨੂੰ ਇੱਕ ਮਜ਼ਬੂਤ ਅਤੇ ਸਵੈ-ਨਿਰਭਰ ਪੰਜਾਬ ਬਣਾਉਣਾ ਹੈ ਕਿਉਂਕਿ ਪੰਜਾਬ ਦੀ ਸੱਭਿਆਚਾਰਕ ਪਛਾਣ ਅਤੇ ਲੋਕਾਂ ਦੀ ਭਾਗੀਦਾਰੀ ਇਸਨੂੰ ਵਿਸ਼ੇਸ਼ ਬਣਾਉਂਦੀ ਹੈ।
ਉਹਨਾਂ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਸਾਡੀ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਕੰਮ ਕੀਤਾ ਹੈ। ਹਾਲ ਹੀ ਵਿੱਚ ਹੋਏ ਇੱਕ ਰਾਸ਼ਟਰੀ ਪੱਧਰ ਦੇ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਮਾਨ ਨੇ ਕਿਹਾ ਕਿ ਇਸ ਸਰਵੇਖਣ ਵਿੱਚ ਵੱਖ-ਵੱਖ ਵਰਗਾਂ ਅਤੇ ਵੱਖ-ਵੱਖ ਵਿਸ਼ਿਆਂ ਦੇ 28000 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ਪੰਜਾਬ ਦੀ ਸਮੁੱਚੀ ਰੈਂਕਿੰਗ 'ਇੱਕ' ਆਈ ਹੈ। ਮਾਨ ਨੇ ਕਿਹਾ ਕਿ ਸਾਲ 2017 ਵਿੱਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ 29ਵੇਂ ਸਥਾਨ 'ਤੇ ਸੀ, ਪਰ ਅੱਜ ਪੰਜਾਬ ਸਾਰੀਆਂ ਸ਼੍ਰੇਣੀਆਂ ਵਿੱਚ ਪਹਿਲੇ ਸਥਾਨ 'ਤੇ ਹੈ, ਜਿਸਦਾ ਸਿਹਰਾ ਸੂਬੇ ਦੇ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ।
ਅਕਾਲੀ ਆਗੂ ਬਿਕਰਮ ਮਜੀਠੀਆ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੇ ਕਾਤਲਾਂ ਨੂੰ ਸੁਰੱਖਿਆ ਦੇਣ ਵਾਲੇ ਅੱਜ ਨਾਭਾ ਜੇਲ੍ਹ ਵਿੱਚ ਹਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਦੁਹਰਾਇਆ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾ ਕੇ ਤਬਾਹ ਕਰਨ ਵਾਲਿਆਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ। ਕਾਨੂੰਨੀ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ ਪਰ ਇਨਸਾਫ਼ ਜ਼ਰੂਰ ਮਿਲੇਗਾ।
ਵਿਰੋਧੀ ਧਿਰ 'ਤੇ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿਰਫ਼ ਬਿਆਨਬਾਜ਼ੀ ਕਰਦੇ ਹਨ। ਉਨ੍ਹਾਂ ਨੂੰ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ। ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਸਿਫਾਰਸ਼ ਦੇ 55,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਥਰਮਲ ਪਲਾਂਟ ਖਰੀਦਿਆ, ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ। ਅੱਜ ਪੰਜਾਬ ਦੇ 90 ਪ੍ਰਤੀਸ਼ਤ ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਮਿਲ ਰਹੇ ਹਨ।
ਉਹਨਾਂ ਨੇ ਰਵਨੀਤ ਬਿੱਟੂ ਅਤੇ ਚਰਨਜੀਤ ਚੰਨੀ 'ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ ਜੋ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਗਲਤ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਹੁਣ ਮੁਆਫ਼ੀ ਮੰਗ ਰਹੇ ਹਨ। ਇਹ ਸਾਰੇ ਮਿਲੇ ਹੋਏ ਹਨ। ਪੰਜਾਬ ਦੇ ਲੋਕ ਸਿਆਣੇ ਹਨ ਅਤੇ ਹੁਣ ਉਨ੍ਹਾਂ ਦੇ ਜਾਲ ਵਿੱਚ ਨਹੀਂ ਫਸਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਕੋਲ ਦੱਸਣ ਲਈ ਕੁਝ ਨਹੀਂ ਹੈ। ਉਨ੍ਹਾਂ ਦੀ ਰਾਜਨੀਤੀ ਸਿਰਫ਼ ਝੂਠ ਦੀ ਨੀਂਹ 'ਤੇ ਟਿਕੀ ਹੋਈ ਹੈ। ਉਹਨਾਂ ਨੇ ਕਿਹਾ ਕਿ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ 10 ਅਤੇ 11 ਜੁਲਾਈ ਨੂੰ ਹੋਵੇਗਾ, ਜਿਸ ਵਿੱਚ ਵਿਰੋਧੀ ਧਿਰ ਦੇ ਝੂਠਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਮਾਨ ਨੇ ਕਿਹਾ ਕਿ 'ਆਪ' ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਇਸ ਨੂੰ ਚਲਾਉਣ ਦਾ ਅਧਿਕਾਰ ਵੀ ਸਿਰਫ਼ ਆਮ ਲੋਕਾਂ ਦਾ ਹੈ। ਉਨ੍ਹਾਂ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ, ਸਾਡੇ ਮੰਤਰੀ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ।
Get all latest content delivered to your email a few times a month.