ਤਾਜਾ ਖਬਰਾਂ
ਚੰਡੀਗੜ੍ਹ, 5 ਜੁਲਾਈ- ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਵਿਖੇ ਰੁੱਖ ਲਗਾਉਣ ਸਬੰਧੀ ਵਿਆਪਕ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਯੂ.ਟੀ. ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਮੁੱਖ ਵਣਪਾਲ ਸੌਰਭ ਕੁਮਾਰ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਅਤੇ ਸੀ.ਆਈ.ਐਸ.ਐਫ. ਯੂਨਿਟ ਕਮਾਂਡੈਂਟ ਦੇ ਯੂਨਿਟ ਕਮਾਂਡਰ ਲਲਿਤ ਪਵਾਰ ਮੌਜੂਦ ਸਨ।
ਉਕਤ ਪ੍ਰੋਗਰਾਮ ਦੀ ਸ਼ੁਰੂਆਤ ਨਾਲ, ਵਣ ਮਹੋਤਸਵ 2025 ਦਾ ਆਗਾਜ਼ ਹੋਇਆ ਜੋ ਇੱਕ ਨਾਗਰਿਕ-ਸੰਚਾਲਿਤ ਵਾਤਾਵਰਣ ਲਹਿਰ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਚੰਡੀਗੜ੍ਹ ਵਿੱਚ 253 ਥਾਵਾਂ 'ਤੇ 1 ਲੱਖ ਤੋਂ ਵੱਧ ਪੌਦੇ ਲਗਾਉਣਾ ਹੈ, ਜਿਸ ਵਿੱਚੋਂ ਲਗਭਗ 300 ਪੌਦੇ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਲਗਾਏ ਗਏ ਹਨ।
ਇਹ ਮੁਹਿੰਮ ਚੰਡੀਗੜ੍ਹ ਨੂੰ ਹਰਿਆ ਭਰਿਆ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ ਅਤੇ ਵਾਤਾਵਰਣ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰੇਗੀ। ਰੁੱਖ ਲਗਾਉਣ ਦੀ ਇਸ ਮੈਗਾ ਮੁਹਿੰਮ ਦਾ ਉਦੇਸ਼ ਸ਼ਹਿਰੀ ਸਥਾਈ ਵਿਕਾਸ ਪੱਖੋਂ ਮੋਹਰੀ ਸਥਾਨ ਵਜੋਂ ਚੰਡੀਗੜ੍ਹ ਦੀ ਵਾਤਾਵਰਣ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਜਨਤਕ ਭਾਗੀਦਾਰੀ ਰਾਹੀਂ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਮੌਕੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਵਾਤਾਵਰਣ ਸੰਭਾਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਫੋਰਸ ਮੈਂਬਰਾਂ ਨੂੰ ਇਸ ਮੁਹਿੰਮ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
Get all latest content delivered to your email a few times a month.