ਤਾਜਾ ਖਬਰਾਂ
ਅੰਮ੍ਰਿਤਸਰ, 4 ਜੁਲਾਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਨ੍ਹਾਂ ਨੇ ਕਾਂਗਰਸੀ ਦਿਹਾਤੀ ਦਫਤਰ ਵਿੱਚ ਵਰਕਰਾਂ, ਕੌਂਸਲਰਾਂ ਅਤੇ ਸਥਾਨਕ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਨੀਂਵੀਂ ਪੱਧਰ ਤੋਂ ਦੁਬਾਰਾ ਮਜ਼ਬੂਤ ਬਣਾਉਣ ਲਈ ਤਿੰਨ ਮੁੱਖ ਮੁਹਿੰਮਾਂ ’ਤੇ ਕੰਮ ਸ਼ੁਰੂ ਕੀਤਾ ਗਿਆ ਹੈ: "ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ", "ਸੰਵਿਧਾਨ ਬਚਾਓ ਰੈਲੀਆਂ", ਅਤੇ ਸੰਗਠਨ ਦੀ ਮੁਕੰਮਲ ਬਣਤਰ। ਇਹ ਯਤਨ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋ ਰਹੇ ਹਨ ਅਤੇ ਪਾਰਟੀ ਨੂੰ ਨਵੇਂ ਸਰੂਪ ਵਿੱਚ ਮਜਬੂਤੀ ਦੇਣ ਲਈ ਉਮੀਦ ਜਤਾਈ ਗਈ।
ਰਾਜਾ ਵੜਿੰਗ ਨੇ ਦੱਸਿਆ ਕਿ ਪਹਿਲੀ ਮੀਟਿੰਗ ਖਰੜ ਵਿਖੇ ਹੋਈ ਸੀ ਅਤੇ ਅੱਜ ਅੰਮ੍ਰਿਤਸਰ ਸੈਂਟਰਲ ਹਲਕੇ ਦੀ ਮੀਟਿੰਗ ਵਿਕਾਸ ਸੋਨੀ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਅਰਪਤਾ ਅਜਨਾਲਾ ਸਮੇਤ ਕਈ ਹੋਰ ਆਗੂ ਵੀ ਸ਼ਾਮਲ ਹੋਏ। ਰਾਜਾ ਵੜਿੰਗ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਹੋਰ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਵਾਈਆਂ ਜਾਣਗੀਆਂ, ਤਾਂ ਜੋ ਸੰਗਠਨ ਦੇ ਹਰੇਕ ਪੱਖ ਨੂੰ ਫੇਰ ਨਾਲ ਜੁੜਿਆ ਜਾ ਸਕੇ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ 'ਤੇ ਚੋਣਾਂ ਵਿਚ ਧੱਕੇਸ਼ਾਹੀ ਕਰਨ ਦੇ ਗੰਭੀਰ ਆਰੋਪ ਲਾਏ। ਉਨ੍ਹਾਂ ਦੱਸਿਆ ਕਿ ਫਗਵਾੜਾ, ਪਟਿਆਲਾ ਅਤੇ ਜਲੰਧਰ ਵਰਗੇ ਕਈ ਹਲਕਿਆਂ ਵਿਚ ਸਰਕਾਰੀ ਪੱਧਰ ਤੇ ਚੋਣਾਂ ਪ੍ਰਭਾਵਿਤ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੁਲਿਸ, ਕੈਬਨਿਟ ਮੈਂਬਰਾਂ ਅਤੇ ਪਾਰਟੀ ਦੇ ਨਿੱਜੀ ਸਿਸਟਮ ਰਾਹੀਂ ਇਹ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਜੋੜ ਕੇ ਕਿਹਾ ਕਿ ਕਿਸੇ ਵੀ ਨੇਤਾ ਨੂੰ ਆਪਣੀ ਕੁਰਸੀ ਜਾਂ ਅਹੁਦੇ ਦੀ ਨਜਾਇਜ਼ ਵਰਤੋਂ ਨਹੀਂ ਕਰਨੀ ਚਾਹੀਦੀ।
ਸਾਬਕਾ ਆਈਪੀਐਸ ਅਤੇ ਸਿਆਸੀ ਆਗੂ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਪੁੱਛੇ ਸਵਾਲ 'ਤੇ, ਰਾਜਾ ਵੜਿੰਗ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਸੀ। ਉਹ ਕਾਂਗਰਸ ਵਿੱਚ ਵੀ ਆ ਸਕਦੇ ਸਨ, ਪਰ ਉਨ੍ਹਾਂ ਨੇ ਆਪ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦਾ ਆਪਣੇ ਨਿੱਜੀ ਫੈਸਲੇ ਲਈ ਹੱਕ ਹੁੰਦਾ ਹੈ, ਪਰ ਉਹ ਸਹੀ ਹੈ ਜਾਂ ਗਲਤ, ਇਹ ਸਮਾਂ ਦੱਸੇਗਾ। ਰਾਜਾ ਵੜਿੰਗ ਨੇ ਇਹ ਵੀ ਉਚਾਰਨ ਕੀਤਾ ਕਿ ਅਸਲ ਨੇਤਾ ਉਹੀ ਹੁੰਦੇ ਹਨ ਜੋ ਸਮੇਂ, ਸਥਾਨ ਅਤੇ ਹਾਲਾਤ ਦੇ ਅਨੁਸਾਰ ਗੱਲ ਕਰਨਾ ਜਾਣਦੇ ਹਨ।
Get all latest content delivered to your email a few times a month.