ਤਾਜਾ ਖਬਰਾਂ
ਗੁਜਰਾਤ, 12 ਜੂਨ 2025- ਗੁਜਰਾਤ ਦੇ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI171 ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਉਡਾਣ ਨੇ ਜਿਵੇਂ ਹੀ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੇਕਆਫ਼ ਕੀਤਾ, ਕੁਝ ਸਕਿੰਟਾਂ ਦੇ ਅੰਦਰ ਹੀ ਜਹਾਜ਼ ਕੈਂਪ ਖੇਤਰ 'ਚ ਬੇਕਾਬੂ ਹੋ ਕੇ ਲੈਂਡ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਨੂੰ ਅੱਗ ਲੱਗ ਗਈ ਜਿਸ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ।
ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਸ ਵਿੱਚ 2 ਪਾਇਲਟ, 10 ਕੈਬਿਨ ਕਰੂ ਅਤੇ ਯਾਤਰੀ ਸ਼ਾਮਲ ਸਨ। ਜਹਾਜ਼ ਦੀ ਕਮਾਂਡ ਕੈਪਟਨ ਸੁਮਿਤ ਸੱਭਰਵਾਲ ਕਰ ਰਹੇ ਸਨ ਅਤੇ ਉਨ੍ਹਾਂ ਨਾਲ ਫਸਟ ਅਫਸਰ ਕਲਾਈਵ ਕੁੰਦਰ ਵੀ ਮੌਜੂਦ ਸਨ। ਇਹ ਵੀ ਦੱਸਿਆ ਗਿਆ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਇਸ ਜਹਾਜ਼ ਵਿੱਚ ਸਵਾਰ ਸਨ। ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਸੂਚੀ ਵੀ ਸਾਹਮਣੇ ਆਈ ਹੈ, ਅਤੇ ਇਸ ਵਿੱਚ 12ਵੇਂ ਨੰਬਰ 'ਤੇ ਵਿਜੇ ਰੂਪਾਨੀ ਦਾ ਨਾਮ ਸ਼ਾਮਲ ਹੈ।
ਹਾਦਸਾ ਸਿਵਲ ਹਸਪਤਾਲ ਨੇੜੇ ਸਥਿਤ ਕੈਂਪ ਖੇਤਰ ਵਿੱਚ ਵਾਪਰਿਆ। ਜਹਾਜ਼ ਹਵਾਈ ਅੱਡੇ ਦੀ ਹੱਦ ਵੀ ਪਾਰ ਨਹੀਂ ਕਰ ਸਕਿਆ ਸੀ। ਟੱਕਰ ਦੇ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।
ਏਅਰ ਇੰਡੀਆ ਨੇ ਆਪਣੇ ਬਿਆਨ ਵਿੱਚ ਪੁਸ਼ਟੀ ਕੀਤੀ ਹੈ ਕਿ "ਉਡਾਣ AI171 ਅੱਜ ਸਵੇਰੇ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਲਈ ਉਡਾਣ ਭਰ ਰਹੀ ਸੀ, ਜੋ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਹਾਦਸੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।”
DGCA ਵੱਲੋਂ ਪੁਸ਼ਟੀ ਕੀਤੀ ਗਈ ਕਿ ਜਹਾਜ਼ ਵਿੱਚ 242 ਯਾਤਰੀ ਸਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।
NDRF (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੀਆਂ 90 ਕਰਮਚਾਰੀਆਂ ਦੀਆਂ 3 ਟੀਮਾਂ ਨੂੰ ਤੁਰੰਤ ਗਾਂਧੀਨਗਰ ਤੋਂ ਰਵਾਨਾ ਕਰ ਦਿੱਤਾ ਗਿਆ। ਵਡੋਦਰਾ ਤੋਂ 3 ਹੋਰ ਟੀਮਾਂ ਵੀ ਭੇਜੀਆਂ ਜਾ ਰਹੀਆਂ ਹਨ। ਫੌਜ ਅਤੇ ਹਵਾਈ ਸੈਨਾ ਵੀ ਕਾਰਵਾਈ 'ਚ ਜੁੱਟ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਫ਼ੋਨ 'ਤੇ ਗੱਲ ਕੀਤੀ ਹੈ ਅਤੇ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਥਿਤੀ ਬਾਰੇ ਪੁੱਛਗਿੱਛ ਕੀਤੀ ਹੈ।
Get all latest content delivered to your email a few times a month.