ਤਾਜਾ ਖਬਰਾਂ
ਮਾਨਸਾ, 6 ਜੂਨ- ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਫਿਰ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ ਹੈ। ਮਾਨਸਾ ਵਿੱਚ ਹਾਲ ਹੀ ਵਿੱਚ 2 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ, ਜਿਨ੍ਹਾਂ ਵਿੱਚ ਇੱਕ 28 ਸਾਲਾ ਨੌਜਵਾਨ ਅਤੇ ਇੱਕ 16 ਸਾਲਾ ਲੜਕੀ ਸ਼ਾਮਲ ਹਨ। ਇਹ ਨੌਜਵਾਨ ਕੱਲ੍ਹ ਮਾਨਸਾ ਹਸਪਤਾਲ ਵਿੱਚ ਇਲਾਜ ਲਈ ਆਇਆ ਸੀ, ਜਿੱਥੇ ਡਾਕਟਰਾਂ ਨੇ ਉਸਦਾ ਕੋਰੋਨਾ ਟੈਸਟ ਕਰਨ ਦੀ ਸਿਫਾਰਸ਼ ਕੀਤੀ। ਇਸਦੇ ਨਾਲ-ਨਾਲ, ਇੱਕ 16 ਸਾਲਾ ਲੜਕੀ ਵੀ ਹਸਪਤਾਲ ਵਿੱਚ ਇਲਾਜ ਲਈ ਆਈ ਸੀ ਅਤੇ ਉਸਦੀ ਕੋਰੋਨਾ ਟੈਸਟ ਰਿਪੋਰਟ ਵੀ ਪਾਜ਼ੀਟਿਵ ਆਈ। ਹਾਲਾਂਕਿ, 28 ਸਾਲਾ ਨੌਜਵਾਨ ਹਸਪਤਾਲ ਤੋਂ ਫਰਾਰ ਹੋ ਗਿਆ ਹੈ, ਪਰ ਹਸਪਤਾਲ ਦੇ ਸੂਬਾ ਸਿਹਤ ਅਧਿਕਾਰੀ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਰਿਪੋਰਟ ਸਬੰਧਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਅਤੇ ਬਾਕੀ ਮਰੀਜ਼ਾਂ ਨੂੰ ਕੁਆਰੰਟੀਨ ਕਰਕੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਦੀ ਪਾਲਣਾ ਕਰਵਾਈ ਜਾ ਰਹੀ ਹੈ।
ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਮੁੜ ਤੇਜ਼ੀ ਨਾਲ ਵੱਧ ਰਹੇ ਹਨ। ਅਜੇ ਤੱਕ 5,000 ਤੋਂ ਵੱਧ ਐਕਟਿਵ ਕੇਸ ਦਰਜ ਹੋ ਚੁੱਕੇ ਹਨ। ਕੇਰਲ ਵਿੱਚ ਸਭ ਤੋਂ ਵੱਧ 1,487 ਸਰਗਰਮ ਮਾਮਲੇ ਮਿਲੇ ਹਨ, ਜਦਕਿ ਦਿੱਲੀ ਅਤੇ ਮਹਾਰਾਸ਼ਟਰ ਵਿੱਚ 562 ਮਰੀਜ਼ ਕੋਰੋਨਾ ਨਾਲ ਸੰਘਰਸ਼ ਕਰ ਰਹੇ ਹਨ। ਸਿਹਤ ਮੰਤ੍ਰਾਲੇ ਦੀਆਂ ਰਿਪੋਰਟਾਂ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 7 ਲੋਕ ਕੋਰੋਨਾ ਕਾਰਨ ਮਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 3 ਮਹਾਰਾਸ਼ਟਰ, 2 ਦਿੱਲੀ ਅਤੇ 2 ਕਰਨਾਟਕ ਤੋਂ ਹਨ। ਇਸ ਸਮੇਂ ਗੁਜਰਾਤ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਕੋਰੋਨਾ ਦੇ ਕੇਸ ਵੱਧ ਰਹੇ ਹਨ। ਕੇਰਲ ਅਤੇ ਕਰਨਾਟਕ ਖਾਸ ਕਰਕੇ ਕੋਰੋਨਾ ਦੇ ਹਾਈ ਰਿਸਕ ਖੇਤਰ ਹਨ, ਜਿੱਥੇ ਕੇਰਲ ਵਿੱਚ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਕਰਨਾਟਕ ਵਿੱਚ 24 ਘੰਟਿਆਂ ਵਿੱਚ 112 ਨਵੇਂ ਮਾਮਲੇ ਸਾਹਮਣੇ ਆਏ ਹਨ।
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਫਿਰ ਇੱਕ ਵਾਰੀ ਸਾਵਧਾਨ ਰਹਿਣ ਅਤੇ ਸਰਕਾਰ ਵੱਲੋਂ ਜਾਰੀ ਸਾਰੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
Get all latest content delivered to your email a few times a month.