ਤਾਜਾ ਖਬਰਾਂ
ਮਾਨਸਾ, 24 ਮਈ 2025: ਤਿੰਨ ਸਾਲ ਪਹਿਲਾਂ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਕੇ ਕਤਲ ਹੋਏ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਧੱਕਾ ਲੱਗਿਆ ਹੈ। ਇਸ ਮਾਮਲੇ ਦੇ ਮੁੱਖ ਗਵਾਹ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਬੀਤੀ ਰਾਤ ਮੌਤ ਹੋ ਗਈ ਹੈ। ਉਹ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੜ ਰਹੇ ਸਨ। ਪਿਛਲੇ ਦਿਨ ਅਦਾਲਤ ਵਿੱਚ ਗਵਾਹੀ ਦੇਣ ਤੋਂ ਅਣਸਮਰੱਥ ਹੋਣ ਕਾਰਨ ਉਨ੍ਹਾਂ ਨੂੰ 4 ਜੁਲਾਈ ਨੂੰ ਆ ਕੇ ਗਵਾਹੀ ਦੇਣ ਲਈ ਕਿਹਾ ਗਿਆ ਸੀ।
ਅੰਗਰੇਜ਼ ਸਿੰਘ ਦੀ ਮੌਤ ਦੇ ਨਾਲ ਇਸ ਕਤਲ ਮਾਮਲੇ 'ਤੇ ਚਲ ਰਹੀ ਅਦਾਲਤੀ ਕਾਰਵਾਈ ਵਿੱਚ ਰੁਕਾਵਟ ਆ ਸਕਦੀ ਹੈ ਕਿਉਂਕਿ ਉਹ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ। ਇਸ ਕਤਲ ਦੇ ਪਿੱਛੇ ਕੈਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਮੇਵਾਰੀ ਮੰਨੀ ਜਾਂਦੀ ਹੈ। ਪੁਲਿਸ ਅਨੁਸਾਰ, ਕਤਲ ਦੇ ਮਾਮਲੇ ਵਿੱਚ ਜਿਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅੰਗਰੇਜ਼ ਸਿੰਘ ਦੀ ਗਵਾਹੀ ਬਹੁਤ ਮਾਇਨੇ ਰੱਖਦੀ ਸੀ। ਇਸ ਲਈ ਹੁਣ ਕੇਸ ਵਿੱਚ ਅਗਲਾ ਰੁੱਖ ਕਿਵੇਂ ਹੋਵੇਗਾ, ਇਸ ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।
ਮਾਨਸਾ ਦੇ ਜ਼ਿਲ੍ਹਾ ਅਟਾਰਨੀ ਹਰਵਿੰਦਰ ਸਿੰਘ ਨੇ ਕਿਹਾ ਕਿ ਅੰਗਰੇਜ਼ ਸਿੰਘ ਦੀ ਮੌਤ ਦੇ ਬਾਵਜੂਦ ਕੇਸ ਦੀ ਕਾਰਵਾਈ ਪ੍ਰਭਾਵਿਤ ਨਹੀਂ ਹੋਵੇਗੀ। ਉਹਨਾਂ ਦੱਸਿਆ ਕਿ ਅੰਗਰੇਜ਼ ਸਿੰਘ ਦੀ ਗਵਾਹੀ ਤਾਂ ਨਹੀਂ ਹੋਈ ਪਰ ਮਾਮਲੇ ਦੇ ਸਾਰੇ ਮਹੱਤਵਪੂਰਨ ਕਾਗਜ਼ਾਤ ਤੇ ਦਸਤਖਤ ਉਨ੍ਹਾਂ ਦੇ ਹਨ ਅਤੇ ਹੋਰ ਵੀ ਕਈ ਗਵਾਹ ਮੌਜੂਦ ਹਨ ਜੋ ਕੇਸ ਚਲਾਉਣ ਵਿੱਚ ਸਹਾਇਕ ਹੋਣਗੇ।
Get all latest content delivered to your email a few times a month.