ਤਾਜਾ ਖਬਰਾਂ
ਭਾਖੜਾ-ਬਿਆਸ ਪ੍ਰਬੰਧਨ ਬੋਰਡ (BBMB) ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਪਾਣੀ ਦੀ ਵੰਡ 'ਤੇ ਨਵਾਂ ਵਿਵਾਦ ਚੱਲ ਰਿਹਾ ਹੈ। ਇਹ ਮਾਮਲਾ ਤਦ ਉਭਰਿਆ ਜਦੋਂ BBMB ਦੀ ਮੀਟਿੰਗ ਵਿੱਚ ਪੰਜਾਬ ਵਲੋਂ ਸਕੱਤਰ ਕ੍ਰਿਸ਼ਣ ਕੁਮਾਰ ਅਤੇ ਚੀਫ ਇੰਜੀਨੀਅਰ ਸ਼ੇਰ ਸਿੰਘ ਨੇ ਹਿੱਸਾ ਲਿਆ। ਪੰਜਾਬ ਦੇ ਸਿਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਰਾਜਸਥਾਨ ਨੇ ਪੰਜਾਬ ਦੀ ਤਾਰੀਫ ਕਰਦਿਆਂ ਕਿਹਾ ਕਿ ਜਦੋਂ ਵੀ ਰਾਜਸਥਾਨ ਨੂੰ ਪਾਣੀ ਦੀ ਲੋੜ ਪਈ, ਪੰਜਾਬ ਨੇ ਮਦਦ ਕੀਤੀ। ਪਰ ਦੁਸਰੇ ਪਾਸੇ, ਹਰਿਆਣਾ ਸਰਕਾਰ ਨੇ 21 ਮਈ ਤੋਂ ਬਾਅਦ ਆਪਣੇ ਨਿਸ਼ਚਿਤ ਹਿੱਸੇ ਤੋਂ ਵੱਧ ਪਾਣੀ ਦੀ ਮੰਗ ਕਰ ਦਿੱਤੀ ਹੈ।
ਜਿਵੇਂ ਕਿ 21 ਮਈ ਨੂੰ ਹਰਿਆਣਾ ਲਈ ਨਵਾਂ ਕੋਟਾ 8500 ਕਿਊਸਿਕ ਪਾਣੀ ਦਾ ਨਿਰਧਾਰਿਤ ਕੀਤਾ ਗਿਆ ਸੀ, ਪਰ ਹਰਿਆਣਾ ਨੇ ਇਸ ਦੀ ਥਾਂ 10,300 ਕਿਊਸਿਕ ਪਾਣੀ ਦੀ ਮੰਗ ਰੱਖ ਦਿੱਤੀ ਜੋ ਕਿ ਪ੍ਰਬੰਧਨ ਅਤੇ ਤਕਨੀਕੀ ਹਾਲਾਤਾਂ ਮੁਤਾਬਕ ਸੰਭਵ ਨਹੀਂ। ਇਸ ਤੋਂ ਪਹਿਲਾਂ ਵੀ, ਹਰਿਆਣਾ ਨੇ ਲਿਖਤੀ ਪੱਤਰ ਰਾਹੀਂ 9525 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ।
ਮੰਤਰੀ ਬਰਿੰਦਰ ਗੋਇਲ ਨੇ ਆਖਿਆ ਕਿ ਭਾਖੜਾ ਮੇਨ ਲਾਈਨ, ਜਿਸ ਰਾਹੀਂ ਇਹ ਪਾਣੀ ਆਉਂਦਾ ਹੈ, ਦੀ ਕੁੱਲ ਸਮਰੱਥਾ 11700 ਕਿਊਸਿਕ ਹੈ, ਜਿਸ ਵਿੱਚੋਂ ਪੰਜਾਬ ਨੂੰ 3000 ਕਿਊਸਿਕ ਦੀ ਲੋੜ ਹੁੰਦੀ ਹੈ। ਜੇਕਰ ਹਰਿਆਣਾ 10,300 ਕਿਊਸਿਕ ਮੰਗਦਾ ਹੈ ਤਾਂ ਇਹ ਸੰਭਵ ਨਹੀਂ, ਖਾਸ ਕਰਕੇ ਇਸ ਲਈ ਕਿ ਲਾਈਨ ਦੀ ਮੁਰੰਮਤ ਵੀ ਜਾਰੀ ਹੈ।
ਜਦ BBMB ਦੇ ਚੇਅਰਮੈਨ ਕੋਲ ਇਹ ਮਾਮਲਾ ਪੇਸ਼ ਕੀਤਾ ਗਿਆ, ਤਾਂ ਉਨ੍ਹਾਂ ਵਾਅਦਾ ਕੀਤਾ ਕਿ ਉਹ ਇਸ ਵਿਵਾਦ ਨੂੰ ਵਿਚਾਰਧੀਨ ਲੈ ਕੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਸਾਰੇ ਮਾਮਲੇ ਨੇ ਪੰਜਾਬ ਅਤੇ ਹਰਿਆਣਾ ਵਿਚ ਪਾਣੀ ਵੰਡ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
Get all latest content delivered to your email a few times a month.