ਤਾਜਾ ਖਬਰਾਂ
ਐਮਪੀ ਅਰੋੜਾ ਦੀ ਮਦਦ ਨਾਲ, ਨੌਜਵਾਨ ਕੁੜੀ ਸਵੈ-ਨਿਰਭਰਤਾ ਵੱਲ ਕਦਮ ਵਧਾਉਣ ਦੇ ਹੋਈ ਯੋਗ...
ਲੁਧਿਆਣਾ, 8 ਮਈ, 2025: ਲੁਧਿਆਣਾ ਦੀ ਨੌਜਵਾਨ ਕੁੜੀ ਸੋਨਮ ਅਰੋੜਾ ਲਈ ਸੰਘਰਸ਼ ਭਰੀ ਜ਼ਿੰਦਗੀ ਨੇ ਇੱਕ ਉਮੀਦ ਭਰਿਆ ਮੋੜ ਲਿਆ ਜਦੋਂ ਉਹ ਇੱਕ ਈ-ਰਿਕਸ਼ਾ ਦੀ ਮਾਲਕਣ ਬਣ ਗਈ। ਇਹ ਸਭ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਮੇਂ ਸਿਰ ਸਹਿਯੋਗ ਅਤੇ ਪਹਿਲਕਦਮੀ ਕਾਰਨ ਸੰਭਵ ਹੋਇਆ।
ਸੋਨਮ, ਜੋ ਆਪਣੀ ਬੀਮਾਰ ਮਾਂ ਅਤੇ ਛੋਟੇ ਭੈਣ-ਭਰਾਵਾਂ ਲਈ ਰੋਟੀ ਦਾ ਜੁਗਾੜ ਕਰਨ ਲਈ ਸ਼ਹਿਰ ਦੇ ਬੱਸ ਸਟੈਂਡ ਦੇ ਨੇੜੇ ਸੜਕ ਕਿਨਾਰੇ ਸਾਮਾਨ ਵੇਚਦੀ ਸੀ, ਹੁਣ ਆਤਮਨਿਰਭਰਤਾ ਦਾ ਰਾਹ ਅਪਣਾ ਚੁੱਕੀ ਹੈ। ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ (ਡੀਆਰਸੀਐਸ) ਰਾਹੀਂ ਕਾਰਪੋਰੇਟ ਸੋਸ਼ਲ ਰੇਸਪੋਨਸਿਬਿਲਿਟੀ (ਸੀ ਐਸ ਆਰ) ਫੰਡ ਤਹਿਤ ਦਾਨ ਕੀਤੇ ਗਏ ਈ-ਰਿਕਸ਼ਾ ਨੂੰ ਰਸਮੀ ਤੌਰ 'ਤੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਸੌਂਪਿਆ। ਇਹ ਪ੍ਰੋਗਰਾਮ ਡੀਆਰਸੀਐਸ ਸਕੱਤਰ ਨਵਨੀਤ ਜੋਸ਼ੀ ਅਤੇ ਹੋਰ ਸਥਾਨਕ ਪਤਵੰਤਿਆਂ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ।
ਭਾਵੁਕ ਹੋਈ ਸੋਨਮ ਨੇ ਕਿਹਾ, "ਮੈਂ ਐਮਪੀ ਅਰੋੜਾ ਦੀ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਦੇ ਮੇਰੀ ਬੇਨਤੀ ਨੂੰ ਸਵੀਕਾਰ ਕਰ ਲਿਆ।" "ਇੱਜ਼ਤ ਨਾਲ ਕਮਾਉਣ ਦਾ ਇਹ ਮੌਕਾ ਮੇਰੇ ਅਤੇ ਮੇਰੇ ਪਰਿਵਾਰ ਲਈ ਇੱਕ ਵਰਦਾਨ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨਾ ਵੱਡਾ ਮੌਕਾ ਮਿਲੇਗਾ।"
ਇਸ ਮੌਕੇ ਬੋਲਦਿਆਂ, ਐਮਪੀ ਅਰੋੜਾ ਨੇ ਵਾਝਿਆਂ ਦੇ ਉਥਾਨ ਲਈ ਜ਼ਮੀਨੀ ਪੱਧਰ 'ਤੇ ਕੀਤੇ ਜਾ ਰਹੇ ਯਤਨਾਂ ਦਾ ਸਹਿਯੋਗ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਹਰ ਨਾਗਰਿਕ ਨੂੰ ਸਨਮਾਨ ਨਾਲ ਜਿਉਣ ਦਾ ਮੌਕਾ ਮਿਲਣਾ ਚਾਹੀਦਾ ਹੈ।" ਉਨ੍ਹਾਂ ਕਿਹਾ, "ਮੈਨੂੰ ਖੁਸ਼ੀ ਹੈ ਕਿ ਮੈਂ ਸੋਨਮ ਨੂੰ ਇੱਕ ਬਿਹਤਰ ਭਵਿੱਖ ਵੱਲ ਕਦਮ ਵਧਾਉਣ ਵਿੱਚ ਮਦਦ ਕਰ ਸਕਿਆ। ਉਸਦੀ ਹਿੰਮਤ ਅਤੇ ਦ੍ਰਿੜਤਾ ਸੱਚਮੁੱਚ ਪ੍ਰੇਰਨਾਦਾਇਕ ਹੈ।" ਉਨ੍ਹਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ (ਡੀਆਰਸੀਐਸ) ਰਾਹੀਂ ਯੋਗ ਨੌਜਵਾਨ ਲੜਕੀ ਦੀ ਸਹਾਇਤਾ ਕਰਨ ਦੀ ਉਨ੍ਹਾਂ ਦੀ ਬੇਨਤੀ 'ਤੇ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਵੀ ਕੀਤਾ।
ਸੋਨਮ, ਜਿਸਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ, ਨੇ ਕੁਝ ਦਿਨ ਪਹਿਲਾਂ ਸੰਸਦ ਮੈਂਬਰ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ। "ਜਦੋਂ ਮੈਂ ਆਪਣੀ ਕਹਾਣੀ ਸਾਂਝੀ ਕੀਤੀ, ਤਾਂ ਉਨ੍ਹਾਂ ਮੇਰੀ ਗੱਲ ਧੀਰਜ ਨਾਲ ਸੁਣੀ ਅਤੇ ਮੈਨੂੰ ਮਦਦ ਦਾ ਭਰੋਸਾ ਦਿੱਤਾ। ਸੱਚ ਕਹਾਂ ਤਾਂ, ਮੈਨੂੰ ਪਹਿਲਾਂ ਤਾਂ ਉਨ੍ਹਾਂ ਦੇ ਵਾਅਦੇ 'ਤੇ ਸ਼ੱਕ ਸੀ - ਲੋਕ ਅਕਸਰ ਕਹਿੰਦੇ ਹਨ ਕਿ ਸਿਆਸਤਦਾਨ ਜੋ ਆਖਦੇ ਹਨ, ਉਸਦਾ ਕੋਈ ਅਰਥ ਨਹੀਂ ਹੁੰਦਾ। ਪਰ ਐਮਪੀ ਅਰੋੜਾ ਨੇ ਇਸ ਦੇ ਉਲਟ ਸਾਬਤ ਕੀਤਾ," ਉਸ ਨੇ ਕਿਹਾ। ਉਸਦੀ ਆਵਾਜ਼ ਵਿੱਚ ਨਵੀਂ ਉਮੀਦ ਭਰੀ ਹੋਈ ਸੀ।
ਡੀਆਰਸੀਐਸ ਸਕੱਤਰ ਨਵਨੀਤ ਜੋਸ਼ੀ ਨੇ ਕਿਹਾ, "ਡਿਪਟੀ ਕਮਿਸ਼ਨਰ, ਜੋ ਕਿ ਡੀਆਰਸੀਐਸ ਦੇ ਚੇਅਰਮੈਨ ਵੀ ਹਨ, ਦੇ ਨਿਰਦੇਸ਼ਾਂ ਅਨੁਸਾਰ, ਅਸੀਂ ਸੀਐਸਆਰ ਫੰਡ ਦੇ ਤਹਿਤ ਇਸ ਦਾਨ ਨੂੰ ਸੁਵਿਧਾਜਨਕ ਬਣਾਉਣ ਦੇ ਯੋਗ ਹੋਏ ਹਾਂ। ਸਾਨੂੰ ਉਮੀਦ ਹੈ ਕਿ ਇਹ ਪਹਿਲ ਸੋਨਮ ਦੇ ਜੀਵਨ ਵਿੱਚ ਇੱਕ ਅਸਲ ਤਬਦੀਲੀ ਲਿਆਏਗੀ।"
ਆਪਣੇ ਨਵੇਂ ਈ-ਰਿਕਸ਼ਾ ਨਾਲ, ਸੋਨਮ ਹੁਣ ਲੁਧਿਆਣਾ ਵਿੱਚ ਸੜਕ ਕਿਨਾਰੇ ਵੇਚਣ ਦੀ ਬਜਾਏ ਇਸਨੂੰ ਚਲਾ ਕੇ ਮਾਣ ਨਾਲ ਆਪਣਾ ਗੁਜ਼ਾਰਾ ਚਲਾਉਂਦੀ ਹੈ।
Get all latest content delivered to your email a few times a month.