IMG-LOGO
ਹੋਮ ਚੰਡੀਗੜ੍ਹ: ਖੇਤੀਬਾੜੀ ਅਧਿਕਾਰੀਆਂ ਨੂੰ ਚਿੱਟੇ ਸੋਨੇ ਹੇਠ ਰਕਬਾ ਵਧਾਉਣ ਦੇ ਹੁਕਮ;...

ਖੇਤੀਬਾੜੀ ਅਧਿਕਾਰੀਆਂ ਨੂੰ ਚਿੱਟੇ ਸੋਨੇ ਹੇਠ ਰਕਬਾ ਵਧਾਉਣ ਦੇ ਹੁਕਮ; ਮਾਲਵੇ ਦੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਬਾਰੇ ਦਿੱਤੀ ਜਾਵੇਗੀ ਸਿਖਲਾਈ

Admin User - May 06, 2025 06:50 PM
IMG

•ਪੰਜਾਬ ਸਰਕਾਰ ਵੱਲੋਂ 1.25 ਲੱਖ ਹੈਕਟੇਅਰ ਰਕਬੇ ਨੂੰ ਨਰਮੇ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ: ਗੁਰਮੀਤ ਸਿੰਘ ਖੁੱਡੀਆਂ


ਚੰਡੀਗੜ੍ਹ, 6 ਮਈ: ਸੂਬੇ ‘ਚ ਨਰਮੇ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਾਲਵਾ ਖੇਤਰ ਦੇ ਅੱਠ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਕਿਸਾਨਾਂ ਨੂੰ ਨਰਮੇ ਦੀ ਖੇਤੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਸਿਖਲਾਈ ਅਤੇ ਸੇਧ ਦੇਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੀਟਾਂ ਦੀ ਰੋਕਥਾਮ ਸਬੰਧੀ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਅਤੇ ਨਿਗਰਾਨੀ ਯਕੀਨੀ ਬਣਾਉਣ ਲਈ ਕਿਹਾ ਹੈ।


ਖੁੱਡੀਆਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨਾਲ ਮਾਲਵਾ ਖੇਤਰ ਦੇ ਅੱਠ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਮੋਗਾ ਅਤੇ ਫਰੀਦਕੋਟ ਸ਼ਾਮਲ ਹਨ, ਵਿੱਚ ਨਰਮੇ ਦੀ ਫਸਲ ਦੀ ਕਾਸ਼ਤ ਦੀ ਬਲਾਕ-ਵਾਰ ਪ੍ਰਗਤੀ ਦੀ ਸਮੀਖਿਆ ਕੀਤੀ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ "ਚਿੱਟੇ ਸੋਨੇ" ਅਰਥਾਤ ਨਰਮੇ ਦੇ ਮੋਹਰੀ ਉਤਪਾਦਕ ਵਜੋਂ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬੇ ਨੇ ਇਸ ਸੀਜ਼ਨ ਵਿੱਚ 1.25 ਲੱਖ ਹੈਕਟੇਅਰ ਰਕਬਾ ਨਰਮੇ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਮਿੱਥਿਆ ਹੈ।  


ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਰਮਾ ਉਤਪਾਦਕਾਂ ਵਾਸਤੇ ਲਾਗਤ ਖ਼ਰਚੇ ਨੂੰ ਘਟਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੁਆਰਾ ਸਿਫ਼ਾਰਸ਼ ਕੀਤੇ ਨਰਮੇ ਦੇ ਬੀਟੀ ਕਾਟਨ ਹਾਈਬ੍ਰਿਡ ਬੀਜਾਂ 'ਤੇ 33 ਫੀਸਦ ਸਬਸਿਡੀ ਦਾ ਐਲਾਨ ਕੀਤਾ ਹੈ ਤਾਂ ਜੋ ਨਰਮਾ ਉਤਪਾਦਕਾਂ ਨੂੰ ਗ਼ੈਰ-ਮਿਆਰੀ ਹਾਈਬ੍ਰਿਡ ਬੀਜਾਂ ਦੀ ਕਾਸ਼ਤ ਨਾ ਕਰਕੇ ਜ਼ਿਆਦਾ ਪੈਦਾਵਾਰ ਵਾਲੇ ਅਤੇ ਕੀਟ-ਰੋਧੀ ਹਾਈਬ੍ਰਿਡ ਬੀਜਾਂ ਦੀ ਚੋਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਪੀਏਯੂ ਨੇ ਸੂਬੇ ਦੇ ਖੇਤੀਬਾੜੀ-ਮੌਸਮੀ ਹਾਲਾਤਾਂ ਵਿੱਚ ਚੰਗੀ ਪੈਦਾਵਾਰ ਦੇ ਉਦੇਸ਼ ਨਾਲ ਤਿਆਰ ਕੀਤੀਆਂ ਵੱਧ ਉਪਜ ਵਾਲੀਆਂ ਅਤੇ ਕੀਟ-ਰੋਧਕ 87 ਹਾਈਬ੍ਰਿਡ ਬੀਜ ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ।


ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਗੁਰਮੀਤ ਸਿੰਘ ਖੁੱਡੀਆਂ ਨੇ ਪਿਛਲੇ ਸੀਜ਼ਨ ਦੀਆਂ ਨਰਮੇ-ਕਪਾਹ ਦੀਆਂ ਛਟੀਆਂ ਅਤੇ ਪਿੱਛੇ ਬਚੀ ਰਹਿੰਦ-ਖੂੰਹਦ, ਜੋ ਗੁਲਾਬੀ ਸੁੰਡੀ ਦੇ ਬ੍ਰੀਡਿੰਗ ਗਰਾਊਂਡ ਬਣਦੇ ਹਨ, ਦੇ ਪ੍ਰਬੰਧਨ ਅਤੇ ਖੇਤ ਦੀ ਸਫ਼ਾਈ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਦੇ ਪ੍ਰਬੰਧਨ ਲਈ ਨਰਮਾ ਪੱਟੀ ਵਿੱਚ ਨਦੀਨਾਂ ਦੇ ਖਾਤਮੇ ਸਬੰਧੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ, ਹੋਰ ਵਿਭਾਗਾਂ ਅਤੇ ਮਨਰੇਗਾ ਦੇ ਸਹਿਯੋਗ ਨਾਲ ਸੜਕਾਂ, ਨਹਿਰਾਂ ਅਤੇ ਖਾਲ੍ਹੀ ਪਈਆਂ ਥਾਵਾਂ ਆਦਿ ਵਿੱਚ ਖੜ੍ਹੇ ਨਦੀਨਾਂ ਨੂੰ ਨਸ਼ਟ ਕਰਨ ਲਈ ਚਲਾਈ ਜਾਂਦੀ ਹੈ।


ਖੁੱਡੀਆਂ ਨੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਕਿਹਾ ਕਿ ਉਹ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦੀ ਨਿਗਰਾਨੀ ਅਤੇ ਮਿੱਲਾਂ ਵਿੱਚ ਗੁਲਾਬੀ ਸੁੰਡੀ ਦੇ ਲਾਰਵੇ ਦੀ ਰੋਕਥਾਮ ਲਈ ਨਰਮੇ ਦੇ ਸਟਾਕ ‘ਤੇ ਕੀਟਨਾਸ਼ਕ ਦੇ ਛਿੜਕਾ ਨੂੰ ਯਕੀਨੀ ਬਣਾਉਣ।


ਡਾ. ਬਸੰਤ ਗਰਗ ਨੇ ਖੇਤੀਬਾੜੀ ਮੰਤਰੀ ਨੂੰ ਦੱਸਿਆ ਕਿ ਮਈ ਮਹੀਨੇ ਵਿੱਚ 961 ਕਿਸਾਨ ਜਾਗਰੂਕਤਾ ਕੈਂਪ ਲਾ ਕੇ ਆਊਟਰੀਚ ਮੁਹਿੰਮ ਚਲਾਈ ਜਾਵੇਗੀ, ਜਿਸ ਵਿੱਚ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਖਪਤ ਵਾਲੇ ਝੋਨੇ ਦੀ ਫ਼ਸਲ ਤੋਂ ਨਰਮੇ ਦੀ ਕਾਸ਼ਤ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਆਰੀ ਬੀਜਾਂ ਅਤੇ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਬੀਜ ਤੇ ਖਾਦ ਸਟੋਰਾਂ ਦੀ ਨਿਯਮਤ ਜਾਂਚ ਦੇ ਨਿਰਦੇਸ਼ ਵੀ ਦਿੱਤੇ। ਇਸ ਸਰਗਰਮ ਪਹੁੰਚ ਦਾ ਉਦੇਸ਼ ਕਿਸਾਨਾਂ ਨੂੰ ਸੰਭਾਵੀਂ ਤੌਰ 'ਤੇ ਨੁਕਸਾਨਦੇਹ ਜਾਂ ਘਟੀਆ ਮਿਆਰ ਦੇ ਬੀਜਾਂ ਦੀ ਖਰੀਦ ਤੋਂ ਬਚਾਉਣਾ ਹੈ।


ਡਾਇਰੈਕਟਰ ਖੇਤੀਬਾੜੀ ਜਸਵੰਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਖੇਤੀ ਸਬੰਧੀ ਬਿਹਤਰ ਅਭਿਆਸਾਂ ਅਤੇ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦੇਣ ਲਈ 1,875 ਹੈਕਟੇਅਰ ਰਕਬੇ ਵਿੱਚ ਢੁਕਵੇਂ ਖੇਤੀ ਅਭਿਆਸਾਂ ਨੂੰ ਪ੍ਰਦਰਸ਼ਿਤ ਕਰੇਗਾ। ਸੁਚੱਜੇ ਤਾਲਮੇਲ ਅਤੇ ਨੀਤੀਆਂ ਦੇ ਸਹੀ ਢੰਗ ਨਾਲ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਇੱਕ ਜਾਇੰਟ ਡਾਇਰੈਕਟ ਪੱਧਰ ਦੇ ਅਧਿਕਾਰੀ ਨੂੰ ਨਰਮੇ ਦੀ ਖੇਤੀ ਸਬੰਧੀ ਨੋਡਲ ਅਫ਼ਸਰ ਲਾਇਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.