IMG-LOGO
ਹੋਮ ਚੰਡੀਗੜ੍ਹ: 2,240 ਲੀਟਰ ਨਜ਼ਾਇਜ਼ ਈ.ਐਨ.ਏ ਜ਼ਬਤ ਕਰਕੇ ਜਹਰੀਲੀ ਸ਼ਰਾਬ ਦੇ ਵੱਡੇ...

2,240 ਲੀਟਰ ਨਜ਼ਾਇਜ਼ ਈ.ਐਨ.ਏ ਜ਼ਬਤ ਕਰਕੇ ਜਹਰੀਲੀ ਸ਼ਰਾਬ ਦੇ ਵੱਡੇ ਦੁਖਾਂਤ ਦੀ ਸੰਭਾਵਨਾ ਨੂੰ ਟਾਲਿਆ: ਹਰਪਾਲ ਸਿੰਘ ਚੀਮਾ

Admin User - Apr 27, 2025 07:16 PM
IMG

ਚੰਡੀਗੜ੍ਹ/ਸੰਗਰੂਰ, 27 ਅਪ੍ਰੈਲ- ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ, ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਸਫਲਤਾ ਦਾ ਐਲਾਨ ਕਦਦਿਆਂ ਦੱਸਿਆ ਕਿ 2,240 ਲੀਟਰ ਨਜ਼ਾਇਜ਼ ਚੋਰੀ ਕੀਤੀ ਗਈ ਐਕਸਟਰਾ ਨਿਊਟਰਲ ਅਲਕੋਹਲ (ਈਐਨਏ) ਜ਼ਬਤ ਕੀਤੀ ਗਈ ਹੈ ਜਿਸ ਨਾਲ ਨਕਲੀ ਸ਼ਰਾਬ ਕਾਰਨ ਵਾਪਰਨ ਵਾਲੇ ਕਿਸੇ ਵੱਡੀ ਦੁਰਘਟਨਾ ਦੀ ਸੰਭਾਵਨਾ ਨੂੰ ਟਾਲਣ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 4,745 ਐਨ.ਡੀ.ਪੀ.ਐਸ ਕੇਸ ਦਰਜ ਕਰਨ, 7,536 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਅਤੇ 71 ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦੇਣ ਵਿੱਚ ਸਫਲਤਾ ਹਾਸਿਲ ਹੋਈ ਹੈ।


ਸੰਗਰੂਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ 'ਯੁੱਧ ਨਸ਼ਿਆਂ ਵਿਰੁੱਧ' ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਾਰਵਾਈ ਦੇ ਵੇਰਵਿਆਂ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਭਰੋਸੇਯੋਗ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ ਅਤੇ ਸੰਗਰੂਰ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਸੰਗਰੂਰ-ਦਿੜ੍ਹਬਾ ਹਾਈਵੇਅ 'ਤੇ ਲਗਭਗ 200 ਲੀਟਰ ਗੈਰ-ਕਾਨੂੰਨੀ ਈਥਾਨੌਲ ਲਿਜਾ ਰਹੇ ਇੱਕ ਵਾਹਨ ਨੂੰ ਰੋਕਿਆ ਅਤੇ ਡਰਾਈਵਰ, ਜਿਸਦੀ ਪਛਾਣ ਸ਼ਾਨ ਮੁਹੰਮਦ ਵਜੋਂ ਹੋਈ ਹੈ, ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ।


ਵਿੱਤ ਮੰਤਰੀ ਨੇ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਇੱਕ ਗੁਪਤ ਸਟੋਰ ਦਾ ਪਤਾ ਲੱਗਿਆ, ਜਿਸ ਦੇ ਨਤੀਜੇ ਵਜੋਂ 34 ਡਰੰਮ ਬਰਾਮਦ ਹੋਏ ਜਿਸ ਵਿੱਚ 60 ਲੀਟਰ ਹਰੇਕ ਅਨੁਸਾਰ ਕੁੱਲ 2,040 ਲੀਟਰ ਈ.ਐਨ.ਏ ਸੀ ਅਤੇ ਇੱਕ ਹੋਰ ਵਿਅਕਤੀ ਅਰਮਾਨ ਮੁਹੰਮਦ ਨੂੰ ਵੀ ਛਾਪੇਮਾਰੀ ਦੌਰਾਨ ਹਿਰਾਸਤ ਵਿੱਚ ਲੈ ਲਿਆ ਗਿਆ।


 ਜ਼ਬਤ ਕੀਤੇ ਗਏ ਈ.ਐਨ.ਏ ਦੀ ਗੰਭੀਰਤਾ 'ਤੇ ਜ਼ੋਰ ਦਿੰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਕਾਰਵਾਈ ਨੇ ਜ਼ਹਰੀਲੀ ਸ਼ਰਾਬ ਕਰਕੇ ਵਾਪਰ ਸਕਣ ਵਾਲੀ ਕਿਸੇ ਵੱਡੀ ਦੁਰਘਟਨਾ ਨੂੰ ਸਫਲਤਾਪੂਰਵਕ ਰੋਕਿਆ ਹੈ, ਕਿਉਂਕਿ ਇਸ ਈ.ਐਨ.ਏ ਦੀ ਵਰਤੋਂ ਲਗਭਗ 10,000 ਬੋਤਲਾਂ ਨਾਜਾਇਜ਼ ਸ਼ਰਾਬ ਬਣਾਉਣ ਲਈ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਰੈਕੇਟ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਜਾਂਚ ਜਾਰੀ ਹੈ, ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


ਇਸ ਮੌਕੇ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਪ੍ਰਗਤੀ ਦੇ ਵੇਰਵੇ ਦਿੰਦੇ ਹੋਏ, ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਹੁਣ ਤੱਕ 4,745 ਐਨ.ਡੀ.ਪੀ.ਐਸ ਮਾਮਲੇ ਦਰਜ ਕੀਤੇ ਗਏ ਹਨ, 7,536 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ 71 ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ, ਜਿਸ ਵਿੱਚ 301 ਕਿਲੋਗ੍ਰਾਮ ਹੈਰੋਇਨ, 9,969 ਕਿਲੋਗ੍ਰਾਮ ਚੂਰਾ ਪੋਸਤ, 154 ਕਿਲੋਗ੍ਰਾਮ ਅਫੀਮ, 96 ਕਿਲੋਗ੍ਰਾਮ ਗਾਂਜਾ ਅਤੇ 21,84,276 ਪਾਬੰਦੀਸ਼ੁਦਾ ਦਵਾਈਆਂ ਦੀਆਂ ਗੋਲੀਆਂ ਜਾਂ ਕੈਪਸੂਲ ਸ਼ਾਮਲ ਹਨ।


ਵਿੱਤ ਮੰਤਰੀ ਨੇ ਸੂਬੇ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਸੂਬੇ ਦੇ ਆਬਕਾਰੀ ਅਤੇ ਪੁਲਿਸ ਵਿਭਾਗਾਂ ਵਿਚਕਾਰ ਤਾਲਮੇਲ ਵਾਲੇ ਯਤਨਾਂ ਦੀ ਸਫਲਤਾ 'ਤੇ ਚਾਨਣਾ ਪਾਇਆ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ, ਸੂਬੇ ਵਿੱਚ ਸ਼ਰਾਬ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਵਿਰੁੱਧ 4 ਐਫ.ਆਈ.ਆਰ ਮੁਹਾਲੀ ਵਿੱਚ ਦਰਜ ਕੀਤੀਆਂ ਗਈਆਂ ਹਨ, ਅਤੇ ਪੁਲਿਸ ਸਟੇਸ਼ਨ ਛਾਜਲੀ ਵਿਖੇ ਨਜਾਇਜ਼ ਸ਼ਰਾਬ ਸਬੰਧੀ ਇੱਕ ਹੋਰ ਐਫ.ਆਈ.ਆਰ ਦਰਜ ਕੀਤੀ ਗਈ ਹੈ।


'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਸਫਲਤਾ ਦਾ ਸਿਹਰਾ ਲੋਕਾਂ ਦੇ ਸਮਰਥਨ ਨੂੰ ਦਿੰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੇ ਵਪਾਰ ਵਿਰੁੱਧ ਜੰਗ ਵਿੱਚ ਪੰਜਾਬ ਦੇ ਨਾਗਰਿਕਾਂ ਦੇ ਸਹਿਯੋਗ ਅਤੇ ਸਹਾਇਤਾ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਬਕਾਰੀ ਅਤੇ ਪੁਲਿਸ ਵਿਭਾਗ ਪੰਜਾਬ ਦੇ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਦੇ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ, ਈਟੀਓ ਸਰੂਪਿੰਦਰ ਸਿੰਘ ਸੰਧੂ ਅਤੇ ਡੀਐਸਪੀ ਰੁਪਿੰਦਰ ਕੌਰ ਬਾਜਵਾ ਵੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.