ਤਾਜਾ ਖਬਰਾਂ
ਚੰਡੀਗੜ੍ਹ, 16 ਅਪ੍ਰੈਲ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀਆਂ ਦਾ ਸਮੂਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਤੇ ਸਤਿਕਾਰ ਵਜੋਂ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਸੁਚਾਰੂ ਰੂਪ ਵਿੱਚ ਯਕੀਨੀ ਬਣਾਉਣ ਲਈ ਪ੍ਰਬੰਧਾਂ ਦੀ ਨਿਗਰਾਨੀ ਕਰੇਗਾ।
ਇਸ ਸਬੰਧ ਵਿੱਚ ਫੈਸਲਾ ਮੁੱਖ ਮੰਤਰੀ ਦੀ ਅਗਵਾਈ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉਤੇ ਹੋਈ ਮੀਟਿੰਗ ਦੌਰਾਨ ਲਿਆ ਗਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਅਤੇ ਮਨੁੱਖੀ ਅਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਮਹਿਫੂਜ਼ ਰੱਖਣ ਲਈ ਬਲੀਦਾਨ ਦੇ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਲਾਮਿਸਾਲ ਕੁਰਬਾਨੀ ਮਨੁੱਖਤਾ ਦੇ ਇਤਿਹਾਸ ਵਿੱਚ ਅਦੁੱਤੀ ਅਤੇ ਬੇਮਿਸਾਲ ਹੈ ਜਿਨ੍ਹਾਂ ਨੇ ਜਬਰ-ਜ਼ੁਲਮ ਅਤੇ ਦਮਨ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਲੜੀਵਾਰ ਸਮਾਗਮ ਕਰਵਾਉਣਾ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਭਰ ਵਿੱਚ ਲੜੀਵਾਰ ਸਮਾਗਮ ਕਰਵਾਏ ਜਾਣਗੇ ਅਤੇ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ, ਲੋਕ ਨਿਰਮਾਣ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀਆਂ ਦੀ ਅਗਵਾਈ ਹੇਠ ਮੰਤਰੀ ਸਮੂਹ (ਜੀ.ਓ.ਐਮ.) ਇਨ੍ਹਾਂ ਸਮਾਗਮਾਂ ਦੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਸਮੂਹ ਤੋਂ ਇਲਾਵਾ ਮੁੱਖ ਸਕੱਤਰ ਦੀ ਅਗਵਾਈ ਵਿੱਚ ਕਾਰਜਕਾਰੀ ਕਮੇਟੀ ਰੋਜ਼ਾਨਾ ਆਧਾਰ 'ਤੇ ਯਾਦਗਾਰੀ ਸਮਾਗਮਾਂ ਦੀ ਨਿਗਰਾਨੀ ਕਰੇਗੀ। ਉਨ੍ਹਾਂ ਕਿਹਾ ਕਿ ਖੇਡਾਂ, ਉਚੇਰੀ ਸਿੱਖਿਆ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਸਬੰਧਤ ਹੋਰ ਵਿਭਾਗ ਇਸ ਸਮਾਗਮ ਨੂੰ ਵੱਡੀ ਪੱਧਰ ’ਤੇ ਮਨਾਉਣ ਲਈ ਸੈਮੀਨਾਰ, ਕਾਨਫਰੰਸਾਂ, ਕਿਤਾਬਾਂ ਦੀ ਪ੍ਰਕਾਸ਼ਨਾ ਸਮੇਤ ਵੱਖ-ਵੱਖ ਉਪਰਾਲਿਆਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਉਣਗੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਰੂਪਨਗਰ, ਮਾਨਸਾ, ਬਠਿੰਡਾ, ਪਟਿਆਲਾ, ਜਲੰਧਰ, ਸੰਗਰੂਰ, ਐਸ.ਬੀ.ਐਸ. ਨਗਰ, ਤਰਨਤਾਰਨ, ਸ੍ਰੀ ਫਤਹਿਗੜ੍ਹ ਸਾਹਿਬ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਐਸ.ਏ.ਐਸ. ਨਗਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ 63 ਸਥਾਨਾਂ 'ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਤਿਹਾਸਕ ਮਹੱਤਤਾ ਵਾਲੇ ਇਨ੍ਹਾਂ ਪਵਿੱਤਰ ਸਥਾਨਾਂ ਦਾ ਸਰਬਪੱਖੀ ਵਿਕਾਸ ਕਰੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੋਹਾਲੀ ਵਿਖੇ ਕਨਵੈਨਸ਼ਨ ਸੈਂਟਰ ਦੀ ਸਥਾਪਨਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮੈਡੀਕਲ ਕਾਲਜ ਤੇ ਹਸਪਤਾਲ ਸਥਾਪਤ ਕਰਨ, ਬਾਬਾ ਬਕਾਲਾ (ਅੰਮ੍ਰਿਤਸਰ) ਵਿਖੇ ਗੁਰੂ ਸਾਹਿਬ ਜੀ ਦੇ ਨਾਮ 'ਤੇ ਡਿਗਰੀ ਕਾਲਜ ਸਥਾਪਤ ਕਰਨ ਅਤੇ ਗੁਰੂ ਤੇਗ ਬਹਾਦਰ ਜੀ ਬਾਰੇ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦੀ ਅਪੀਲ ਪਹਿਲਾਂ ਹੀ ਭਾਰਤ ਸਰਕਾਰ ਨੂੰ ਕੀਤੀ ਹੋਈ ਹੈ।ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਤੇ ਹੋਰ ਹਾਜ਼ਰ ਸਨ।
Get all latest content delivered to your email a few times a month.