ਤਾਜਾ ਖਬਰਾਂ
ਚੰਡੀਗੜ੍ਹ/ਪਠਾਨਕੋਟ, 4 ਅਪ੍ਰੈਲ: ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਵਿੱਚ ਪਿੰਡ ਸਰਨਾ ਵਿਖੇ, 54 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇੱਕ ਪਾਰਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ 2.15 ਕਰੋੜ ਰੁਪਏ ਦੀ ਲਾਗਤ ਵਾਲੀ ਪਠਾਨਕੋਟ - ਮਾਧੋਪੁਰ ਸੜਕ ਦਾ ਨੀਂਹ ਪੱਥਰ ਵੀ ਰੱਖਿਆ। ਜ਼ਿਕਰਯੋਗ ਹੈ ਕਿ ਲਾਲ ਚੰਦ ਕਟਾਰੂਚੱਕ ਦੇ ਸੁਹਿਰਦ ਯਤਨਾਂ ਨਾਲ ਸਰਨਾ ਦੇ ਲੋਕਾਂ ਨੂੰ ਇੱਕ ਸੁੰਦਰ ਪਾਰਕ ਮਿਲੇਗਾ ਅਤੇ ਖਾਨਪੁਰ ਦੇ ਵਸਨੀਕਾਂ ਸਮੇਤ ਦਰਜਨਾਂ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਲਗਭਗ 10 ਸਾਲਾਂ ਬਾਅਦ ਇੱਕ ਨਵੀਂ ਸੜਕ ਦਾ ਤੋਹਫ਼ਾ ਮਿਲੇਗਾ।
ਸਰਨਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪਾਰਕ ਵਿੱਚ 6 ਫੁੱਟ ਚੌੜਾ ਵਾਕਿੰਗ ਟਰੈਕ, ਓਪਨ ਜਿਮ ਅਤੇ ਯੋਗਾ ਲਈ ਸੁਚੱਜੀ ਥਾਂ ਤੋਂ ਇਲਾਵਾ ਡਿਜੀਟਲ ਗੇਟ, ਮਿਊਜ਼ਿਕ ਸਿਸਟਮ ਅਤੇ ਸੁੰਦਰ ਫੁੱਲ-ਬੂਟੇ ਹੋਣਗੇੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤਰੱਕੀ ਦੀਆਂ ਨਵੀਆਂ ਉਚਾਈਆਂ ਛੂਹ ਰਹੀ ਹੈ। ਸ੍ਰੀ ਕਟਾਰੂਚੱਕ ਨੇ ਇਹ ਵੀ ਦੱਸਿਆ ਕਿ ਪਠਾਨਕੋਟ ਨੂੰ ਲਾਇਬ੍ਰੇਰੀਆਂ ਤੋਂ ਇਲਾਵਾ 6 ਸਟੇਡੀਅਮ ਵੀ ਮਿਲਣਗੇ, ਜਿਸ ਨਾਲ ਖੇਡਾਂ ਦੇ ਨਾਲ-ਨਾਲ ਅਕਾਦਮਿਕ ਖੇਤਰ ਵੀ ਹੋਰ ਪ੍ਰਫੁੱਲਿਤ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਾ ਹਿੰਦੂ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਅਮਿਤ ਮੰਟੂ, ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਨਰੇਸ਼ ਕੁਮਾਰ, ਬਲਾਕ ਪ੍ਰਧਾਨ ਸੋਹਨ ਲਾਲ ਅਤੇ ਬਰਜਿੰਦਰ ਕੌਰ ਤੋਂ ਇਲਾਵਾ ਮਾਰਕੀਟ ਕਮੇਟੀ ਪਠਾਨਕੋਟ ਦੇ ਚੇਅਰਮੈਨ ਵਿਕਾਸ ਸੈਣੀ ਵੀ ਮੌਜੂਦ ਸਨ।
Get all latest content delivered to your email a few times a month.