IMG-LOGO
ਹੋਮ ਪੰਜਾਬ: ਸਿੱਖਿਆ ਕ੍ਰਾਂਤੀ: 12 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਨੂੰ ਸਰਵੋਤਮ...

ਸਿੱਖਿਆ ਕ੍ਰਾਂਤੀ: 12 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਨੂੰ ਸਰਵੋਤਮ ਸਿੱਖਿਆ ਮਿਆਰਾਂ ਮੁਤਾਬਕ ਕੀਤਾ ਅੱਪਗ੍ਰੇਡ

Admin User - Apr 04, 2025 11:23 AM
IMG

 ਚੰਡੀਗੜ੍ਹ-  ਸੂਬੇ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਾਅਦੇ ਨੂੰ ਸਾਕਾਰ ਕਰਨ ਵੱਲ ਇੱਕ ਠੋਸ ਕਦਮ ਪੁੱਟਦਿਆਂ ਪੰਜਾਬ ਸਰਕਾਰ ਨੇ “ਸਿੱਖਿਆ ਕ੍ਰਾਂਤੀ” ਪ੍ਰੋਗਰਾਮ ਤਹਿਤ 1,2000 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਸਫਲਤਾਪੂਰਵਕ ਅੱਪਗ੍ਰੇਡ ਕੀਤਾ ਹੈ। ਇਸ ਪਹਿਲਕਦਮੀ ਤਹਿਤ ਸੂਬੇ ਵਿੱਚ ਸਿੱਖਿਆ ਨੂੰ ਸਰਵੋਤਮ ਵਿਦਿਅਕ ਮਿਆਰਾਂ ਦੇ ਹਾਣੀ ਬਣਾਉਣ ਲਈ ਕਲਾਸਰੂਮ, ਬੁਨਿਆਦੀ ਢਾਂਚਾ, ਅਤੇ ਡਿਜੀਟਲ ਸਿਖਲਾਈ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ।


ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਵਾਈ-ਫਾਈ ਇੰਟਰਨੈੱਟ ਕੁਨੈਕਸ਼ਨ, ਫਰਨੀਚਰ, ਪੀਣ ਵਾਲਾ ਸਾਫ਼ ਪਾਣੀ, ਲੜਕੀਆਂ ਅਤੇ ਲੜਕਿਆਂ ਲਈ ਵੱਖਰੇ ਪਖਾਨੇ ਸਮੇਤ ਸਾਰੀਆਂ ਜ਼ਰੂਰੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੀ ਸੁਰੱਖਿਆ ਵਿੱਚ ਵਾਧਾ ਕਰਦਿਆਂ 6,812 ਸਕੂਲਾਂ ਵਿੱਚ ਚਾਰਦੀਵਾਰੀ ਦੀ ਉਸਾਰੀ ਕੀਤੀ ਗਈ ਹੈ ਜਾਂ ਮੁਰੰਮਤ ਕੀਤੀ ਗਈ ਹੈ, ਜਿਸ ਦੀ ਲੰਬਾਈ ਲਗਭਗ 1,000 ਕਿਲੋਮੀਟਰ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਲਈ 5,399 ਨਵੇਂ ਕਲਾਸਰੂਮ ਬਣਾਏ ਗਏ ਹਨ, ਜਦਕਿ ਸਵੱਛਤਾ ਸਬੰਧੀ ਸੁਵਿਧਾਵਾਂ ਵਿੱਚ ਸੁਧਾਰ ਕਰਦਿਆਂ 2,934 ਸਕੂਲਾਂ ਵਿੱਚ 2,976 ਨਵੇਂ ਪਖਾਨੇ ਅਤੇ 4,889 ਸਕੂਲਾਂ ਵਿੱਚ 7,166 ਪਖਾਨਿਆਂ ਦੀ ਮੁਰੰਮਤ ਕੀਤੀ ਗਈ ਹੈ।


ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਆਰਾਮ ਅਤੇ ਤੰਦਰੁਸਤੀ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਸਕੂਲਾਂ ਨੂੰ 1,16,901 ਡਿਊਲ ਡੈਸਕ, ਮੇਜ਼ ਅਤੇ ਕੁਰਸੀਆਂ ਪ੍ਰਦਾਨ ਕੀਤੀਆਂ ਗਈਆਂ ਹਨ, ਜੋ ਹਰੇਕ ਵਿਦਿਆਰਥੀ ਦੇ ਸਿੱਖਣ ਲਈ ਇੱਕ ਸਾਜ਼ਗਾਰ ਮਾਹੌਲ ਨੂੰ ਯਕੀਨੀ ਬਣਾਉਂਦੀਆਂ ਹਨ।  ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਪ੍ਰਤੀ ਉਤਸ਼ਾਹਿਤ ਕਰਨ ਲਈ 359 ਸਕੂਲ ਖੇਡ ਮੈਦਾਨ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਸਿੱਖਿਆ ਨੂੰ ਆਧੁਨਿਕ ਬਣਾਉਣ ਲਈ, 1,886 ਸਕੂਲਾਂ ਵਿੱਚ ਇੰਟਰਐਕਟਿਵ ਪੈਨਲਾਂ ਵਾਲੇ 2,261 ਸਮਾਰਟ ਕਲਾਸਰੂਮ ਵੀ ਬਣਾਏ ਗਏ ਹਨ, ਜੋ ਕਿ ਸਿੱਖਿਆ ਖੇਤਰ ਵਿੱਚ ਤਕਨਾਲੋਜੀ ਨੂੰ ਵਰਤ ਕੇ ,ਵਿਦਿਆਰਥੀਆਂ ਵਿੱਚ  ਸਿੱਖਣ ਦੇ ਰੁਝਾਨ ਅਤੇ ਦਿਲਚਸਪੀ  ਨੂੰ ਹੋਰ ਪਕੇਰਾ ਕਰਦੇ ਹਨ।


ਇਨ੍ਹਾਂ ਸੁਧਾਰਾਂ ਦੇ ਮੁਕੰਮਲ ਹੋਣ ਦਾ ਜ਼ਿਕਰ ਕਰਦਿਆਂ, ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 7 ਅਪ੍ਰੈਲ ਤੋਂ ਉਦਘਾਟਨੀ ਸਮਾਰੋਹ ਕਰਵਾਏ ਜਾਣਗੇ, ਜੋ 31 ਮਈ ਤੱਕ ਚੱਲਣਗੇ। ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਸਬੰਧੀ ਕੀਤੇ ਕਾਰਜਾਂ ਵਿੱਚ ਨਵੇਂ  ਕਲਾਸਰੂਮ, ਚਾਰਦੀਵਾਰੀ, ਟਾਇਲਟ ਬਲਾਕ, ਪੀਣ ਵਾਲੇ ਸਵੱਛ ਪਾਣੀ ਦੀ ਸਹੂਲਤ, ਲਾਇਬ੍ਰੇਰੀਆਂ, ਖੇਡ ਦੇ ਮੈਦਾਨ, ਸਮਾਰਟ ਕਲਾਸਰੂਮ ਅਤੇ ਹੋਰ ਮਹੱਤਵਪੂਰਨ ਸੁਧਾਰ ਕਰਨਾ ਸ਼ਾਮਲ ਹਨ ।

ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਸਿੱਖਣ ਦਾ ਬਿਹਤਰ ਮਾਹੌਲ ਵਿਦਿਆਰਥੀਆਂ ਨੂੰ ਅਕਾਦਮਿਕ ਤੌਰ ’ਤੇ ਹੋਰ ਅੱਗੇ ਵਧਣ ਦੇ ਸਮਰੱਥ ਬਣਾਏਗਾ, ਅਤੇ ਸਿੱਖਿਆ ਵਿੱਚ ਇਸ ਨਿਵੇਸ਼ ਦਾ ਪੰਜਾਬ ਦੇ ਭਵਿੱਖ ’ਤੇ ਸਾਕਾਰਤਮਕ ਪ੍ਰਭਾਵ ਪੈਣ ਦੀ ਪੂਰਨ ਆਸ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.