IMG-LOGO
ਹੋਮ ਪੰਜਾਬ: 🟠 ਮੋਗਾ ਕਤਲ ਕਾਂਡ: ਫਰੀਦਕੋਟ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ...

🟠 ਮੋਗਾ ਕਤਲ ਕਾਂਡ: ਫਰੀਦਕੋਟ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਦੋਸ਼ੀ ਗ੍ਰਿਫ਼ਤਾਰ; ਪਿਸਤੌਲ ਬਰਾਮਦ

Admin User - Mar 15, 2025 08:25 PM
IMG

 ਚੰਡੀਗੜ੍ਹ/ਫਰੀਦਕੋਟ, 15 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਸੰਗਠਿਤ ਅਪਰਾਧ ਵਿਰੁੱਧ ਜਾਰੀ ਲੜਾਈ ਦੌਰਾਨ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਫਰੀਦਕੋਟ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ‘ਚ ਫਰੀਦਕੋਟ ਵਿਖੇ ਸੰਖੇਪ ਮੁਕਾਬਲੇ ਤੋਂ ਬਾਅਦ ਵਿਦੇਸ਼ ਅਧਾਰਤ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਇੱਕ ਭਗੌੜੇ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।


ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਵਜੋਂ ਹੋਈ ਹੈ, ਜੋ ਕਿ ਮੋਗਾ ਦੇ ਤਲਵੰਡੀ ਭਾਗੜੀਆਂ ਦਾ ਰਹਿਣ ਵਾਲਾ ਹੈ। ਪੁਲਿਸ ਟੀਮਾਂ ਨੇ ਉਸਦੇ ਕਬਜੇ ‘ਚੋਂ ਚਾਰ ਜ਼ਿੰਦਾ ਕਾਰਤੂਸ ਸਮੇਤ .30 ਬੋਰ ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।


ਪੁਲਿਸ ਟੀਮਾਂ ਨੇ ਦੋਸ਼ੀ ਮਨਪ੍ਰੀਤ ਉਰਫ਼ ਮਨੀ ਨੂੰ ਪਨਾਹ ਦੇਣ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿੱਚ ਉਸਦੇ ਦੋ ਸਾਥੀਆਂ, ਜਿਨ੍ਹਾਂ ਦੀ ਪਛਾਣ ਫਰੀਦਕੋਟ ਦੇ ਚਾਨੀਆ ਦੇ ਜਗਮੀਤ ਸਿੰਘ ਉਰਫ਼ ਮੀਤਾ ਅਤੇ ਫਿਰੋਜ਼ਪੁਰ ਦੇ ਮਹਿਮਾ ਦੇ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ, ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।


ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੂੰ ਇਹ ਸਫ਼ਲਤਾ ਬੁੱਧਵਾਰ ਨੂੰ ਮਨਪ੍ਰੀਤ ਮਨੀ ਦੇ ਸਹਿ-ਦੋਸ਼ੀ ਮਲਕੀਤ ਸਿੰਘ ਉਰਫ਼ ਮਨੂ ਨੂੰ ਚਾਰ ਕਾਰਤੂਸਾਂ ਅਤੇ .32 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਮਿਲੀ ਹੈ। 


ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਸ਼ੀ ਮਲਕੀਤ ਮਨੂ ਨੇ ਮਨਪ੍ਰੀਤ ਉਰਫ਼ ਮਨੀ ਨਾਲ ਮਿਲ ਕੇ 19 ਫਰਵਰੀ, 2025 ਨੂੰ ਮੋਗਾ ਦੇ ਪਿੰਡ ਕਪੂਰਾ ਵਿੱਚ ਆਪਣੇ ਵਿਰੋਧੀ 'ਤੇ ਹਮਲਾ ਕੀਤਾ ਜਿਸ ਦੇ ਨਤੀਜੇ ਵਜੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਔਰਤ ਦੀ ਲੱਤ 'ਤੇ ਗੋਲੀ ਲੱਗੀ। ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀ 26 ਫਰਵਰੀ, 2025 ਨੂੰ ਜਗਰਾਉਂ ਦੇ ਰਾਜਾ ਢਾਬੇ 'ਤੇ ਹੋਈ ਗੋਲੀਬਾਰੀ ਦੀ ਘਟਨਾ, ਜਿਸਦੀ ਯੋਜਨਾ ਵਿਦੇਸ਼ੀ ਗੈਂਗਸਟਰ ਲੱਕੀ ਪਟਿਆਲ ਨੇ ਬਣਾਈ ਸੀ, ਵਿੱਚ ਵੀ ਸ਼ਾਮਲ ਹਨ।


ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।


ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਮਲਕੀਤ ਉਰਫ਼ ਮਨੂ ਦੀ ਗ੍ਰਿਫਤਾਰੀ ਤੋਂ ਬਾਅਦ ਏਜੀਟੀਐਫ ਟੀਮਾਂ ਨੇ ਉਸਤੋਂ ਪੁੱਛਗਿੱਛ ਦੌਰਾਨ ਇਕੱਠੇ ਕੀਤੇ ਸੁਰਾਗਾਂ ਅਤੇ ਮਨੁੱਖੀ/ਤਕਨੀਕੀ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਫਰੀਦਕੋਟ ਦੇ ਖੇਤਰ ‘ਚੋਂ ਉਸਦੇ ਸਾਥੀ ਮਨਪ੍ਰੀਤ ਮਨੀ ਨੂੰ ਟਰੇਸ ਕਰ ਲਿਆ। 


ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਬਿਕਰਮਜੀਤ ਬਰਾੜ ਦੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਨੇ ਐਸਆਈ ਹਰਦਵਿੰਦਰ ਸਿੰਘ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ ਕਾਰਵਾਈ ਕਰਦਿਆਂ ਜਦੋਂ ਦੋਸ਼ੀ ਮਨਪ੍ਰੀਤ ਮਨੀ ਨੂੰ ਫਰੀਦਕੋਟ ਦੇ ਢਿਲਵਾਂ ਰੋਡ ਨੇੜੇ ਰੁਕਣ ਲਈ ਕਿਹਾ ਤਾਂ ਉਸਨੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਪੁਲਿਸ ਟੀਮ 'ਤੇ ਗੋਲੀਬਾਰੀ ਕੀਤੀ, ਜਿਸ ਉਪਰੰਤ ਪੁਲਿਸ ਟੀਮਾਂ ਨੇ ਜਵਾਬੀ ਕਾਰਵਾਈ ਕੀਤੀ। ਏਡੀਜੀਪੀ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਦੋਸ਼ੀ ਮਨੀ ਦੇ ਖੱਬੇ ਪੈਰ 'ਤੇ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਸਦੇ ਕਬਜ਼ੇ ਵਿੱਚੋਂ ਇੱਕ .30 ਬੋਰ ਪਿਸਤੌਲ ਬਰਾਮਦ ਕੀਤੀ ਹੈ।

ਏਆਈਜੀ ਗੁਰਮੀਤ ਚੌਹਾਨ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਅਗਵਾ ਅਤੇ ਲੁੱਟ-ਖਸੁੱਟ ਨਾਲ ਸਬੰਧਤ ਲਗਭਗ ਛੇ ਮਾਮਲੇ ਦਰਜ ਹਨ।


ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮਨਪ੍ਰੀਤ ਉਰਫ਼ ਮਨੀ 24 ਜਨਵਰੀ, 2025 ਨੂੰ ਫਰੀਦਕੋਟ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਹੋਰ ਸੰਚਾਲਕਾਂ ਲਈ ਕੰਮ ਕਰ ਰਿਹਾ ਸੀ, ਜਿਨ੍ਹਾਂ ਨੇ ਉਸਨੂੰ ਪੰਜਾਬ ਵਿੱਚ ਵੱਖ-ਵੱਖ ਅਪਰਾਧਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।


ਇਸ ਸਬੰਧੀ ਨਵਾਂ ਕੇਸ ਥਾਣਾ ਸਾਦਿਕ, ਫਰੀਦਕੋਟ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 109 (1), 132 ਤੇ 221 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 20 ਮਿਤੀ 14/03/2025 ਨੂੰ ਦਰਜ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.