ਤਾਜਾ ਖਬਰਾਂ
ਅੰਮ੍ਰਿਤਸਰ- ਅੰਮ੍ਰਿਤਸਰ 'ਚ ਮੰਦਰ 'ਤੇ ਹੈਂਡ ਗ੍ਰਨੇਡ ਸੁੱਟਣ ਵਾਲੇ ਬਦਮਾਸ਼ਾਂ 'ਚੋਂ ਇਕ ਨੂੰ ਪੁਲਸ ਨੇ ਮਾਰ ਦਿੱਤਾ ਹੈ। ਸੋਮਵਾਰ ਸਵੇਰੇ ਪੁਲਿਸ ਅਤੇ ਹਮਲਾਵਰਾਂ ਵਿਚਕਾਰ ਮੁੱਠਭੇੜ ਹੋਈ। ਜਿਸ ਵਿੱਚ ਮੁਲਜ਼ਮ ਗੁਰਸਿਦਕ ਉਰਫ਼ ਸਿਦਕੀ ਮਾਰਿਆ ਗਿਆ, ਜਦੋਂ ਕਿ ਉਸ ਦਾ ਸਾਥੀ ਵਿਸ਼ਾਲ ਉਰਫ਼ ਚੂਈ ਫਰਾਰ ਹੋ ਗਿਆ। ਪੁਲਿਸ ਨੂੰ ਮਿਲੀ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਸੀਆਈਏ ਅਤੇ ਛੇਹਰਟਾ ਪੁਲਿਸ ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਫੜਨ ਲਈ ਮੁਹਿੰਮ ਚਲਾਈ ਸੀ, ਜਿਸ ਦੌਰਾਨ ਇਹ ਮੁਕਾਬਲਾ ਹੋਇਆ। ਐਸਐਚਓ ਛੇਹਰਟਾ ਨੂੰ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਬਾਰੇ ਭਰੋਸੇਯੋਗ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲੀਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁੱਛਗਿੱਛ 'ਚ ਗੁਰਸਿਦਕ ਅਤੇ ਵਿਸ਼ਾਲ ਦੇ ਨਾਂ ਸਾਹਮਣੇ ਆਏ। ਪੁਲੀਸ ਨੂੰ ਸੂਚਨਾ ਮਿਲੀ ਕਿ ਇਹ ਦੋਵੇਂ ਮੁਲਜ਼ਮ ਰਾਜਾਸਾਂਸੀ ਇਲਾਕੇ ਵਿੱਚ ਘੁੰਮ ਰਹੇ ਹਨ। ਇਸ ਤੋਂ ਬਾਅਦ ਪੁਲਿਸ ਟੀਮਾਂ ਦਾ ਗਠਨ ਕਰਕੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ਸਾਰੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਵੇਰੇ ਜਦੋਂ ਪੁਲਿਸ ਨੇ ਮੁਲਜ਼ਮਾਂ ਦੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੋਟਰਸਾਈਕਲ ਛੱਡ ਕੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ 'ਚ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥ 'ਤੇ ਗੋਲੀ ਲੱਗੀ, ਜਦਕਿ ਇਕ ਗੋਲੀ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਅਤੇ ਪੁਲਸ ਦੀ ਗੱਡੀ ਨੂੰ ਲੱਗੀ। ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ ਜਿਸ ਵਿੱਚ ਗੁਰਸਿਦਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦਕਿ ਉਸਦਾ ਸਾਥੀ ਵਿਸ਼ਾਲ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਗੁਰਸਿਦਕ ਅਤੇ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਗੁਰਸਿਦਕ ਦੀ ਮੌਤ ਹੋ ਗਈ। ਪੁਲਿਸ ਹੁਣ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਪਾਕਿਸਤਾਨ ਅਤੇ ਆਈਐਸਆਈ ਨਾਲ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਫਿਲਹਾਲ ਫ਼ਰਾਰ ਮੁਲਜ਼ਮ ਵਿਸ਼ਾਲ ਦੀ ਭਾਲ ਜਾਰੀ ਹੈ ਅਤੇ ਪੁਲਿਸ ਵੱਲੋਂ ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
Get all latest content delivered to your email a few times a month.