ਤਾਜਾ ਖਬਰਾਂ
ਲੁਧਿਆਣਾਃ 15 ਮਾਰਚ- ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਸੱਭਿਆਚਾਰਕ ਮਾਮਲਿਆਂ ਸਬੰਧੀ ਵਿਭਾਗ ਦੇ ਸਲਾਹਕਾਰ ਨਿਯੁਕਤ ਤੇ ਸੱਭਿਆਚਾਰ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤ ਦੀਪਕ ਬਾਲੀ ਨੇ ਅੱਜ ਲੁਧਿਆਣਾ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਸਦਭਾਵਨਾ ਮਿਲਣੀ ਦੌਰਾਨ ਕਿਹਾ ਹੈ ਕਿ ਪੰਜਾਬ ਦੀ ਸੱਭਿਆਚਾਰਕ ਵਿਰਾਸਤ, ਸੈਰ ਸਪਾਟਾ ਅਤੇ ਅਜਾਇਬਘਰਾਂ ਦੀ ਸਾਰਥਿਕਤਾ ਵਧਾਉਣ ਲਈ ਪੂਰੇ ਪੰਜਾਬ ਦੀ ਸੱਭਿਆਚਾਰਕ ਐਟਲਸ ਤਿਆਰ ਕੀਤੀ ਜਾਵੇਗੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਦੀਆਂ ਸਾਰਥਕ ਕਦਰਾਂ ਕੀਮਤਾਂ ਤੇ ਇਤਿਹਾਸਕ ਥਾਵਾਂ ਤੋਂ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੀਨੀਅਰ ਲੇਖਕਾਂ , ਕਲਾਕਾਰਾਂ , ਸੰਸਥਾਵਾਂ ਤੇ ਅਦਾਰਿਆਂ ਨਾਲ ਸੰਪਰਕ ਕਰਕੇ ਸਮਾਂ ਬੱਧ ਯੋਜਨਾਕਾਰੀ ਕੀਤੀ ਜਾਵੇਗੀ। ਦੀਪਕ ਬਾਲੀ ਨੇ ਕਿਹਾ ਕਿ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਾਰਜਸ਼ੀਲ ਅਦਾਰਿਆਂ ਤੇ ਸੰਸਥਾਵਾਂ ਨੂੰ ਵੀ ਸਮਾਜ ਲਈ ਹੋਰ ਸਾਰਥਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪ੍ਰੋ. ਗੁਰਭਜਨ ਸਿੰਘ ਨੇ ਦੀਪਕ ਬਾਲੀ ਨੂੰ ਇਹ ਉਚੇਰੀ ਜ਼ਿੰਮੇਵਾਰੀ ਮਿਲਣ ਦੀ ਮੁਬਾਰਕ ਦਿੱਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੁਰਾਤਨ ਸੱਭਿਆਚਾਰਕ ਮਹੱਤਵ ਵਾਲੇ ਮੇਲਿਆਂ, ਸੰਗੀਤ ਕੇਂਦਰਾਂ, ਸੰਗੀਤ ਘਰਾਣਿਆਂ ਦਾ ਸਰਵੇਖਣ ਕਰਵਾ ਕੇ ਉਨ੍ਹਾਂ ਨੂੰ ਸਰਕਾਰੀ ਮਦਦ ਨਾਲ ਪੁਨਰ ਸੁਰਜੀਤ ਕੀਤਾ ਜਾਵੇ।
ਪ੍ਰੋ. ਗਿੱਲ ਨੇ ਕਿਹਾ ਕਿ 75 ਸਾਲ ਤੋਂ ਵਡੇਰੀ ਉਮਰ ਦੇ ਲੋੜਵੰਦ ਕਲਾਕਾਰਾਂ, ਸਾਜ਼ਿੰਦਿਆਂ, ਅਦਾਕਾਰਾਂ ਤੇ ਲੇਖਕਾਂ ਨੂੰ ਗੁਜ਼ਾਰਾ ਪੈਨਸ਼ਨ ਤੇ ਸਿਹਤ ਸੁਰੱਖਿਆ ਯੋਜਨਾ ਅਧੀਨ ਲਿਆਂਦਾ ਜਾਵੇ। ਦੀਪਕ ਬਾਲੀ ਨੂੰ ਉਨ੍ਹਾਂ ਪਿਛਲੇ ਪੰਜਾਹ ਸਾਲ ਦੌਰਾਨ ਲਿਖੇ ਅੱਠ ਗ਼ਜ਼ਲ ਸੰਗ੍ਰਹਿਆਂ ਦਾ ਇੱਕ ਜਿਲਦ ਵਿੱਚ ਪ੍ਰਕਾਸ਼ਨ “ਅੱਖਰ ਅੱਖਰ” ਭੇਂਟ ਕੀਤਾ।
Get all latest content delivered to your email a few times a month.