ਤਾਜਾ ਖਬਰਾਂ
ਹੁਸ਼ਿਆਰਪੁਰ, 10 ਮਾਰਚ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ-ਊਨਾ ਰੋਡ ਦੀ ਤਰਸਯੋਗ ਹਾਲਤ ਦਾ ਜਾਇਜ਼ਾ ਲੈਂਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰਾਹਗੀਰਾਂ ਦੀ ਭਾਰੀ ਆਮਦ ਅਤੇ ਸੁਰੱਖਿਅਤ ਆਵਾਜਾਈ ਦੇ ਮੱਦੇਨਜ਼ਰ ਇਸ ਸੜਕ ਦੀ ਤੁਰੰਤ ਲੋੜੀਂਦੀ ਮੁਰੰਮਤ ਯਕੀਨੀ ਬਣਾਉਣ ਅਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਅਧਿਕਾਰੀਆਂ ਨੂੰ ਸੜਕ ਦੀ ਹਾਲਤ ਸੁਧਾਰਨ ਲਈ ਪਾਬੰਦ ਕੀਤਾ ਜਾਵੇ।
ਸਿਵਲ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਸਮੇਤ ਊਨਾ ਰੋਡ ’ਤੇ ਵਣਖੰਡੀ ਵਿਖੇ ਕਈ ਥਾਂ ਤੋਂ ਟੁੱਟੇ ਨੈਸ਼ਨਲ ਹਾਈਵੇਅ ਅਤੇ ਬਰਮ ਨਾ ਹੋਣ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਫੌਰੀ ਇਸ ਸੜਕ ਦਾ ਜਾਇਜ਼ਾ ਲੈ ਕੇ ਮੁਰੰਮਤ ਕਰਵਾਉਣੀ ਚਾਹੀਦੀ ਹੈ।
ਵਿਧਾਇਕ ਜਿੰਪਾ ਨੇ ਇਸ ਗੰਭੀਰ ਮਸਲੇ ’ਤੇ ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੂੰ ਲਿਖਤੀ ਪੱਤਰ ਰਾਹੀਂ ਅਪੀਲ ਕੀਤੀ ਕਿ ਆਉਂਦੇ ਦਿਨਾਂ ਵਿਚ ਵੱਡੇ ਧਾਰਮਿਕ ਸਮਾਗਮਾਂ ਜਿਨ੍ਹਾਂ ਵਿਚ ਬਾਬਾ ਬਾਲਕ ਨਾਥ ਅਤੇ ਹੋਲਾ-ਮਹੱਲਾ ’ਤੇ ਭਾਰੀ ਗਿਣਤੀ ਵਿਚ ਸ਼ਰਧਾਲੂਆਂ ਦੇ ਆਉਣ-ਜਾਣ ਨੂੰ ਧਿਆਨ ਵਿਚ ਰੱਖਦਿਆਂ ਇਸ ਸੜਕ ਦੀ ਹਾਲਤ ਸੁਧਾਰੀ ਜਾਵੇ। ਉਨ੍ਹਾਂ ਕਿਹਾ ਕਿ ਸੜਕ ਦੇ ਆਲੇ-ਦੁਆਲੇ 100 ਤੋਂ 200 ਮੀਟਰ ਡੂੰਘੀਆਂ ਖੱਡਾਂ ਹਨ ਅਤੇ ਸੜਕ ਦੀ ਮੌਜੂਦਾ ਹਾਲਤ ਕਾਰਨ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰ ਸਕਦਾ ਹੈ ਜਿਸ ਲਈ ਛੇਤੀ ਤੋਂ ਛੇਤੀ ਸੜਕ ਦੀ ਹਾਲਤ ਸੁਧਾਰਨ ਵਾਲੇ ਪਾਸੇ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਹਜ਼ਾਰਾਂ ਗੱਡੀਆਂ ਦਾ ਇਸ ਸੜਕ ਰਾਹੀਂ ਆਉਣਾ-ਜਾਣਾ ਹੈ ਅਤੇ ਸੁਰਖਿਅਤ ਆਵਾਜਾਈ ਯਕੀਨੀ ਬਣਾਉਣਾ ਐਨ.ਐਚ.ਏ.ਆਈ. ਦੀ ਮੁਢਲੀ ਜ਼ਿੰਮੇਵਾਰੀ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਇਸ ਮਾਮਲੇ ਵਿਚ ਤੁਰੰਤ ਲੋੜੀਂਦੀ ਕਾਰਵਾਈ ਦੀ ਮੰਗ ਕਰਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਕਈ ਥਾਵਾਂ ਤੋਂ ਸੜਕ ਦੀ ਮੌਜੂਦਾ ਹਾਲਤ ਬਹੁਤ ਹੀ ਤਰਸਯੋਗ ਹੈ ਅਤੇ ਬਹੁਤ ਥਾਵਾਂ ’ਤੇ ਬਰਮ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਅਤ ਆਵਾਜਾਈ ਨਾਲ ਜੁੜੇ ਇਸ ਮਾਮਲੇ ’ਤੇ ਐਨ.ਐਚ.ਏ.ਆਈ. ਅਧਿਕਾਰੀਆਂ ਨੂੰ ਤੁਰੰਤ ਪਾਬੰਦ ਕਰਨਾ ਚਾਹੀਦਾ ਹੈ ਕਿ ਉਹ ਇਸ ਸੜਕ ਦੀ ਹਾਲਤ ਸੁਧਾਰਨ ਤਾਂ ਜੋ ਦੋਵਾਂ ਸੂਬਿਆਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਤੇ ਹੋਰ ਸਬੰਧਤ ਅਧਿਕਾਰੀ ਵੀ ਮੌਜੂਦ ਸਨ।
Get all latest content delivered to your email a few times a month.