IMG-LOGO
ਹੋਮ ਪੰਜਾਬ: ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ: ਪੰਜਾਬ ਪੁਲਿਸ...

ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਵਿੱਚ ਲਿਆਂਦੀ ਤੇਜ਼ੀ, ਦੋ ਹੋਰ ਐਫ.ਆਈ.ਆਰਜ਼...

Admin User - Feb 12, 2025 07:43 PM
IMG

 ਪੰਜਾਬ ਪੁਲਿਸ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਨੈੱਟਵਰਕਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਵਚਨਬੱਧ: ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ, 12 ਫਰਵਰੀ: ਸੂਬੇ ਦੇ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਸਲਾਹਕਾਰਾਂ 'ਤੇ ਆਪਣੀ ਕਾਰਵਾਈ ਜਾਰੀ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਟ੍ਰੈਵਲ ਏਜੰਟਾਂ ਵਿਰੁੱਧ ਦੋ ਹੋਰ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਐਫਆਈਆਰਜ਼  ਦੀ ਕੁੱਲ ਦੀ ਗਿਣਤੀ 10 ਹੋ ਗਈ ਹੈ।

ਇਹ ਨਵੀਆਂ ਐਫਆਈਆਰਜ਼ ਉਨ੍ਹਾਂ ਏਜੰਟਾਂ ਵਿਰੁੱਧ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਕਥਿਤ ਤੌਰ 'ਤੇ ਪੀੜਤਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦੇਣ ਦੇ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਸੀ।

ਇਸ ਸਬੰਧੀ ਐਫਆਈਆਰ ਨੰਬਰ 4 ਮਿਤੀ 11/2/2025 ਨੂੰ ਜਸਕਰਨ ਸਿੰਘ, ਮਹਿੰਦਰ ਸਿੰਘ, ਹਰਦੇਵ ਕੌਰ ਅਤੇ ਸੁਜਾਨ ਸਿੰਘ, ਸਾਰੇ ਵਾਸੀ ਟਾਹਲੀ, ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਰੁੱਧ ਅਤੇ ਐਫਆਈਆਰ ਨੰਬਰ 5 ਮਿਤੀ 11/2/2025 ਨੂੰ ਹੁਸ਼ਿਆਰਪੁਰ ਦੇ ਟਾਂਡਾ ਦੇ ਏਜੰਟ ਹੈਪੀ ਅਤੇ ਤਰਨਤਾਰਨ ਦੇ ਏਜੰਟ ਗਿੱਲ ਵਿਰੁੱਧ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ ਇਮੀਗ੍ਰੇਸ਼ਨ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਸਟੇਸ਼ਨ ਐਨਆਰਆਈ ਹੁਸ਼ਿਆਰਪੁਰ ਵਿਖੇ ਦਰਜ ਕੀਤੀ ਗਈ ਹੈ।

ਏਡੀਜੀਪੀ ਐਨਆਰਆਈ ਮਾਮਲਿਆਂ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਡਿਪੋਰਟ ਕੀਤੇ ਗਏ ਲੋਕਾਂ ਜਿਨ੍ਹਾਂ ਨੂੰ ਟ੍ਰੈਵਲ ਏਜੰਟਾਂ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਦੇ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਸੀ, ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਟੀਮ ਵੱਲੋਂ ਡਿਪੋਰਟ ਕੀਤੇ ਗਏ ਵਿਅਕਤੀਆਂ ਦੇ ਬਿਆਨ ਦਰਜ ਕਰਕੇ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਨੇ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨ ਅਤੇ ਨਾਗਰਿਕਾਂ ਦੇ ਸ਼ੋਸ਼ਣ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਪ੍ਰਗਟਾਈ।

ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਹਰ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ, ਜੋ ਇਨ੍ਹਾਂ ਦੋਸ਼ੀਆਂ ਨੂੰ ਫੜਨ ਵਿੱਚ ਮਦਦ ਕਰ ਸਕਦੀ ਹੋਵੇ। ਉਨ੍ਹਾਂ ਕਿਹਾ ਕਿ ਧੋਖਾਧੜੀ ਕਰਨ ਵਾਲੇ ਇਹਨਾਂ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਜਨਤਕ ਸਹਿਯੋਗ ਬਹੁਤ ਜ਼ਰੂਰੀ ਹੈ। ਉਹਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਦੂਜਿਆਂ ਨੂੰ ਅਜਿਹੇ ਧੋਖੇਬਾਜ਼ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।

ਏਡੀਜੀਪੀ ਐਨਆਰਆਈ ਮਾਮਲਿਆਂ ਪ੍ਰਵੀਨ ਸਿਨਹਾ ਨੇ ਕਿਹਾ ਕਿ ਐਫਆਈਆਰ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਜਲਦੀ ਅਤੇ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਐਨਆਰਆਈ ਮਾਮਲਿਆਂ ਬਾਰੇ ਵਿੰਗ ਅਤੇ ਜ਼ਿਲ੍ਹਾ ਪੁਲਿਸ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦੇ ਅਗਲੇ-ਪਿਛਲੇ ਸਾਰੇ ਸਬੰਧਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।

ਪੰਜਾਬ ਪੁਲਿਸ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਇਮੀਗ੍ਰੇਸ਼ਨ ਸੇਵਾਵਾਂ ਲੈਣ ਵਾਲੇ ਵਿਅਕਤੀ ਸਿਰਫ਼ ਲਾਇਸੰਸਸ਼ੁਦਾ ਏਜੰਟਾਂ ਜ਼ਰੀਏ ਉਹਨਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਉਪਰੰਤ ਹੀ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ।

ਜ਼ਿਕਰਯੋਗ ਹੈ ਕਿ 2024 ਦੇ ਅਖੀਰ ਵਿੱਚ, ਪੰਜਾਬ ਪੁਲਿਸ ਦੇ ਐਨਆਰਆਈ ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਨੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਨਾਲ ਤਾਲਮੇਲ ਕਰਕੇ ਲੋੜੀਂਦੇ ਲਾਇਸੈਂਸਾਂ ਤੋਂ ਬਿਨਾਂ ਸੋਸ਼ਲ ਮੀਡੀਆ 'ਤੇ ਗੈਰ-ਕਾਨੂੰਨੀ ਇਸ਼ਤਿਹਾਰ ਦੇ ਕੇ ਵਿਦੇਸ਼ਾਂ ਵਿੱਚ ਨੌਕਰੀਆਂ ਦਾ ਝਾਂਸਾ ਦੇਣ ਵਾਲੇ 43 ਟ੍ਰੈਵਲ ਏਜੰਸੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.