ਤਾਜਾ ਖਬਰਾਂ
ਪੰਜਾਬ ਵਿੱਚ ਹਾਲ ਹੀ ਦੇ ਹੜ੍ਹਾਂ ਕਾਰਨ ਖ਼ਾਸ ਕਰਕੇ ਹੁਸ਼ਿਆਰਪੁਰ ਸੰਸਦੀ ਹਲਕੇ ਵਿੱਚ ਵਾਪਰੀ ਤਬਾਹੀ ਨੂੰ ਧਿਆਨ ਵਿੱਚ ਰੱਖਦਿਆਂ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਆਪਣੇ ਐਮਪੀ ਲੈਡ ਫੰਡ ਵਿਚੋਂ 50 ਲੱਖ ਰੁਪਏ ਹੜ੍ਹ ਰਾਹਤ ਅਤੇ ਪੁਨਰਵਾਸ ਕਾਰਜਾਂ ਲਈ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਰੀ ਕੀਤੇ ਹਨ। ਇਹ ਰਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਚੈੱਕ ਰਾਹੀਂ ਸੌਂਪੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਵੀ ਹਾਜ਼ਰ ਸਨ।
ਇਹ ਫੰਡ ਮੁੱਖ ਤੌਰ ’ਤੇ ਮੁਕੇਰੀਆਂ ਹਲਕੇ ਦੇ ਧੁੱਸੀ ਬੰਨ੍ਹ ਅਤੇ ਚੱਬੇਵਾਲ ਹਲਕੇ ਦੇ ਕੁੱਕੜਾਂ ਬੰਨ੍ਹ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਵਰਤਿਆ ਜਾਵੇਗਾ, ਕਿਉਂਕਿ ਹੜ੍ਹਾਂ ਦੌਰਾਨ ਇਨ੍ਹਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਖ਼ਾਸ ਕਰਕੇ ਧੁੱਸੀ ਬੰਨ੍ਹ ਦੀ ਤੁਰੰਤ ਮੁਰੰਮਤ ਨੂੰ ਸੰਸਦ ਮੈਂਬਰ ਨੇ ਬਹੁਤ ਹੀ ਜ਼ਰੂਰੀ ਕਰਾਰ ਦਿੱਤਾ ਹੈ, ਕਿਉਂਕਿ ਇਹ ਹੜ੍ਹ ਰੋਕਥਾਮ ਅਤੇ ਨੇੜਲੇ ਪਿੰਡਾਂ ਦੀ ਸੁਰੱਖਿਆ ਲਈ ਅਹਿਮ ਹੈ।
ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਵਿੱਤੀ ਸਹਾਇਤਾ ਉਨ੍ਹਾਂ ਦੀ ਖੇਤਰ ਦੇ ਲੋਕਾਂ ਨਾਲ ਨਿਭਾਈ ਜਾ ਰਹੀ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਜੇ ਲੋੜ ਪਈ ਤਾਂ ਧੁੱਸੀ ਬੰਨ੍ਹ ਦੀ ਪੂਰੀ ਮੁਰੰਮਤ ਲਈ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪਹਿਲ ਨੂੰ ਸਾਰਾਹਿਆ ਹੈ ਅਤੇ ਕਿਹਾ ਹੈ ਕਿ ਜਾਰੀ ਕੀਤੇ ਗਏ ਫੰਡਾਂ ਦੀ ਵਰਤੋਂ ਤੁਰੰਤ ਅਤੇ ਤਰਜੀਹੀ ਅਧਾਰ ’ਤੇ ਕੀਤੀ ਜਾਵੇਗੀ, ਤਾਂ ਜੋ ਰਾਹਤ ਕਾਰਜ ਤੇਜ਼ੀ ਨਾਲ ਹੋ ਸਕਣ ਅਤੇ ਭਵਿੱਖ ਵਿਚ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ।
Get all latest content delivered to your email a few times a month.