IMG-LOGO
ਹੋਮ ਪੰਜਾਬ: ਪੰਜਾਬ ਦੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਹੋਈ...

ਪੰਜਾਬ ਦੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਹੋਈ ਪ੍ਰਬੰਧਕੀ ਕਮੇਟੀ ਦੀ ਮੀਟਿੰਗ, ਵਿਦਿਆਰਥੀਆਂ ਦੀ ਭਲਾਈ ਬਾਰੇ ਹੋਈ ਵਿਚਾਰ-ਚਰਚਾ

Admin User - Feb 11, 2025 08:17 PM
IMG

ਚੰਡੀਗੜ੍ਹ, 11 ਫਰਵਰੀ:ਪੰਜਾਬ ਦੇ ਸਕੂਲਾਂ ਦੀ ਪ੍ਰਸ਼ਾਸਨ ਪ੍ਰਣਾਲੀ ਵਿੱਚ ਲੋਕਤੰਤਰ ਹੋਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਰਾਜ ਭਰ ਦੇ ਸਾਰੇ 19,110 ਸਰਕਾਰੀ ਸਕੂਲਾਂ ਵਿੱਚ ਮੈਗਾ ਸਕੂਲ ਮੈਨੇਜਮੈਂਟ ਕਮੇਟੀ (ਐਸ.ਐਮ.ਸੀ.) ਮੀਟਿੰਗ ਕਰਵਾਈ ਗਈ, ਜਿਸ ਨਾਲ ਵਿਦਿਆਰਥੀਆਂ ਦੇ ਮਾਪਿਆਂ ਅਤੇ ਨੁਮਾਇੰਦਿਆਂ ਨੂੰ ਸਕੂਲਾਂ ਦੇ ਪ੍ਰਬੰਧਨ ਸਬੰਧੀ ਫੈਸਲੇ ਲੈਣ ਵਿੱਚ ਸਿੱਧੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।


ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਾਰ ਮੈਗਾ ਐਸ.ਐਮ.ਸੀ. ਮੀਟਿੰਗ ਸਕੂਲ ਕੈਂਪਸਾਂ ਵਿੱਚ ਸਫਾਈ 'ਤੇ ਕੇਂਦ੍ਰਿਤ ਸੀ। ਇਸ ਦੌਰਾਨ ਐਸ.ਐਮ.ਸੀ. ਮੈਂਬਰਾਂ ਅਤੇ ਮਾਪਿਆਂ ਨੇ ਸਫਾਈ ਦਾ ਮੁਲਾਂਕਣ ਕਰਨ, ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਸਥਾਨਕ ਹੱਲ ਸਾਂਝੇ ਕਰਨ ਲਈ ਆਪਣੇ-ਆਪਣੇ ਸਕੂਲਾਂ ਦੇ ਦੌਰੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਇੱਕ ਸਿਹਤਮੰਦ ਅਤੇ ਵਧੇਰੇ ਅਨੁਕੂਲ ਸਿੱਖਣ ਦਾ ਮਾਹੌਲ ਸਿਰਜਣ ਦੇ ਉਦੇਸ਼ ਨਾਲ ਸੁੰਦਰੀਕਰਨ ਦੇ ਯਤਨਾਂ ਅਤੇ ਲੰਬੇ ਸਮੇਂ ਲਈ ਰੱਖ-ਰਖਾਅ ਸਬੰਧੀ ਯੋਜਨਾਵਾਂ 'ਤੇ ਵੀ ਚਰਚਾ ਕੀਤੀ।


ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਅੱਜ ਦੀ ਵਿਚਾਰ-ਚਰਚਾ ਦਾ ਕੇਂਦਰ "ਸਕੂਲ ਦਾ ਬਦਲਾਵ, ਐਸ.ਐਮ.ਸੀ. ਦੇ ਨਾਲ" ਸੀ। ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਸਮੂਹਿਕ ਯਤਨਾਂ ਨਾਲ ਹੀ ਸੰਭਵ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਐਸ.ਐਮ.ਸੀ. ਮੈਂਬਰਾਂ ਨੇ ਸਕੂਲ ਦੇ ਬੁਨਿਆਦੀ ਢਾਂਚੇ, ਵਿਦਿਆਰਥੀਆਂ ਦੀ ਭਲਾਈ ਅਤੇ ਅਕਾਦਮਿਕ ਤਰੱਕੀ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਚਰਚਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਿਚਾਰ-ਵਟਾਂਦਰਾ ਕੀਤਾ।


 ਹਰਜੋਤ ਸਿੰਘ ਬੈਂਸ ਨੇ ਇਸ ਮੀਟਿੰਗ ਨੂੰ ਸਫਲਤਾਪੂਰਵਕ ਕਰਵਾਉਣ ਲਈ ਸਕੂਲ ਮੁਖੀਆਂ ਅਤੇ ਸਟਾਫ਼ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਦੇਸ਼ ਦੀ ਸਰਬੋਤਮ ਸਿੱਖਿਆ ਪ੍ਰਣਾਲੀ ਬਣਾਉਣ ਦੀ ਵਚਨਬੱਧਤਾ ਨੂੰ ਦਹੁਰਾਇਆ।


ਉਨ੍ਹਾਂ ਕਿਹਾ ਕਿ ਅੱਜ ਦੀ ਮੈਗਾ ਐਸ.ਐਮ.ਸੀ. ਮੀਟਿੰਗ ਸਕੂਲ ਪ੍ਰਸ਼ਾਸਨ ਵਿੱਚ ਹੋਰ ਬਦਲਾਅ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ, ਜਿਸ ਨਾਲ ਵਿਦਿਅਕ ਮਾਹੌਲ ਦੇ ਵੱਖ-ਵੱਖ ਪਹਿਲੂਆਂ ਵਿੱਚ ਹੋਰ ਸੁਧਾਰ ਹੋਵੇਗਾ। ਇਸ ਪਹਿਲਕਦਮੀ ਦਾ ਉਦੇਸ਼ ਮਾਪਿਆਂ, ਕਮਿਊਨਿਟੀ ਨੁਮਾਇੰਦਿਆਂ ਅਤੇ ਸਕੂਲ ਸਟਾਫ ਦਰਮਿਆਨ ਸਹਿਯੋਗ ਨੂੰ ਵਧਾਉਣਾ ਹੈ, ਜੋ ਪੰਜਾਬ ਵਿੱਚ ਇੱਕ ਵਧੇਰੇ ਪ੍ਰਭਾਵਸ਼ਾਲੀ ਅਤੇ ਸਰਬਪੱਖੀ ਵਿਕਾਸ ਵਾਲੀ ਸਿੱਖਿਆ ਪ੍ਰਣਾਲੀ ਦੇ ਮੁੱਖ ਟੀਚਿਆਂ ਨੂੰ ਹਾਸਲ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸਮੂਹਿਕ ਜ਼ਿੰਮੇਵਾਰੀ ਅਤੇ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ, ਇਹ ਮੀਟਿੰਗ ਸਕਾਰਾਤਮਕ ਬਦਲਾਅ ਲਿਆਵੇਗੀ ਜਿਸ ਨਾਲ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ।


ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਭਾਈਚਾਰਕ ਸ਼ਮੂਲੀਅਤ ਅਤੇ ਭਾਗੀਦਾਰੀ ਵਾਲੇ ਸਕੂਲ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਸਬੰਧੀ ਆਪਣੇ ਯਤਨਾਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਪੰਜਾਬ ਦੇ ਹਰ ਬੱਚੇ ਨੂੰ ਅਨੁਕੂਲ ਅਤੇ ਸਹਾਇਕ ਮਾਹੌਲ ਵਿੱਚ ਮਿਆਰੀ ਸਿੱਖਿਆ ਦਿੱਤੀ ਜਾ ਸਕੇ ਤਾਂ ਜੋ ਅਜਿਹਾ ਮਾਹੌਲ ਸਿਰਜਿਆ ਜਾ ਸਕੇ ਜਿੱਥੇ ਵਿਦਿਆਰਥੀ ਅਕਾਦਮਿਕ ਅਤੇ ਸਮਾਜਿਕ ਤੌਰ 'ਤੇ ਹੋਰ ਪ੍ਰਫੁੱਲਤ ਹੋ ਸਕਣ।


ਇਸ ਦੌਰਾਨ, ਪੰਜਾਬ ਭਰ ਦੇ ਪੰਚਾਇਤ ਮੈਂਬਰਾਂ, ਜ਼ਿਲ੍ਹਾ ਅਧਿਕਾਰੀਆਂ ਅਤੇ ਵਿਭਾਗ ਦੇ ਨੁਮਾਇੰਦਿਆਂ ਨੇ ਮੀਟਿੰਗਾਂ ਵਿੱਚ ਸ਼ਾਮਲ ਹੋਣ ਅਤੇ ਜ਼ਮੀਨੀ ਪੱਧਰ ‘ਤੇ ਭਾਗੀਦਾਰੀ ਦਾ ਮੁਲਾਂਕਣ ਕਰਨ ਲਈ ਸਕੂਲਾਂ ਦਾ ਦੌਰਾ ਕੀਤਾ। ਮੀਟਿੰਗ ਤੋਂ ਬਾਅਦ, ਸਕੂਲ ਆਫ਼ ਐਮੀਨੈਂਸ, ਬਨੂੜ ਦੇ ਇੱਕ ਐਸ.ਐਮ.ਸੀ. ਮੈਂਬਰ ਨੇ ਕਿਹਾ, "ਅੱਜ ਦੀ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮਾਪਿਆਂ ਵਜੋਂ, ਸਾਡੇ ਕੋਲ ਆਪਣੇ ਬੱਚਿਆਂ ਦੇ ਸਕੂਲਾਂ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਸਮਰੱਥਾ ਹੈ। ਅਜਿਹੀਆਂ ਪਹਿਲਕਦਮੀਆਂ ਸ਼ੁਰੂ ਕਰਨਾ ਉਤਸ਼ਾਹਜਨਕ ਹੈ ਜੋ ਸਿੱਧੇ ਤੌਰ 'ਤੇ ਸਾਡੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦੀਆਂ ਹਨ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.