ਤਾਜਾ ਖਬਰਾਂ
ਪਟਿਆਲਾ, 3 ਫਰਵਰੀ- ਪੰਜਾਬ ਜੇਲ੍ਹ ਓਲੰਪਿਕ 2025 ਦੇ 9 ਫਰਵਰੀ ਤੱਕ ਹੋਣ ਵਾਲੇ ਜ਼ੋਨਲ ਮੈਚ ਅੱਜ ਕੇਂਦਰੀ ਜੇਲ੍ਹ, ਪਟਿਆਲਾ ਵਿਖੇ ਸ਼ੁਰੂ ਹੋਏ। ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਇਨ੍ਹਾਂ ਖੇਡਾਂ ਦਾ ਉਦਘਾਟਨ ਕੀਤਾ ਅਤੇ ਭਾਗ ਲੈਣ ਵਾਲੇ ਕੈਦੀ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੰਦੀਆਂ ਦੀ ਹੌਂਸਲਾ ਅਫਜਾਈ ਕੀਤੀ।
ਵਰੁਣ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਕੇਂਦਰੀ ਜੇਲ੍ਹ ਪਟਿਆਲਾ, ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ, ਜ਼ਿਲ੍ਹਾ ਜੇਲ੍ਹ ਰੂਪਨਗਰ, ਜ਼ਿਲ੍ਹਾ ਜੇਲ੍ਹ ਸੰਗਰੂਰ, ਨਵੀਂ ਜੇਲ੍ਹ ਨਾਭਾ ਅਤੇ ਸਬ ਜੇਲ੍ਹ ਮਲੇਰਕੋਟਲਾ ਦੇ ਕੈਦੀ ਹਿੱਸਾ ਲੈ ਰਹੇ ਹਨ।
ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ, ਪੰਜਾਬ ਦੀਆਂ ਜੇਲ੍ਹਾਂ ਦੇ ਕੈਦੀ ਰੱਸਾਕਸ਼ੀ, ਵਾਲੀਬਾਲ, ਬੈਡਮਿੰਟਨ, ਐਥਲੈਟਿਕਸ (100 ਮੀਟਰ, 400 ਮੀਟਰ, ਲੰਬੀ ਛਾਲ), ਅਤੇ ਕਬੱਡੀ ਸਮੇਤ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।ਉਨ੍ਹਾਂ ਦੱਸਿਆ ਕਿ ਜੋਨਲ ਖੇਡਾਂ ਦੇ ਜੇਤੂ ਸ਼ਾਨਦਾਰ ਖਿਡਾਰੀ 15-16 ਮਾਰਚ ਨੂੰ ਹੋਣ ਵਾਲੀਆਂ ਅੰਤਰ-ਜ਼ੋਨਲ ਪੰਜਾਬ ਜੇਲ੍ਹ ਓਲੰਪਿਕ ਖੇਡਾਂ 2025 ਲਈ ਕੁਆਲੀਫਾਈ ਕਰਨਗੇ।
ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਕੈਦੀਆਂ ਦੇ ਪੁਨਰਵਾਸ ਅਤੇ ਸਮਾਜ ਵਿੱਚ ਮੁੜ ਏਕੀਕਰਨ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਕੈਦੀਆਂ ਲਈ ਕਈ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਤਹਿਤ ਪੁਰਸ਼ ਕੈਦੀਆਂ ਲਈ ਪਲੰਬਿੰਗ ਕੋਰਸ ਸ਼ੁਰੂ ਕੀਤਾ ਗਿਆ ਹੈ, ਜਦੋਂ ਕਿ ਮਹਿਲਾ ਕੈਦੀਆਂ ਨੂੰ ਸਿਲਾਈ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
Get all latest content delivered to your email a few times a month.