IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਜੀ ਦੀ ਪੋਤਰੀ ਰੋਹਾਨਾ ਰਜਬ...

ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਜੀ ਦੀ ਪੋਤਰੀ ਰੋਹਾਨਾ ਰਜਬ ਅਲੀ ਨੂੰ ਲਾਹੌਰ 'ਚ ਦੂਜੀ ਵਾਰ ਕੀਤੀ ਮੁਲਾਕਾਤ- ਗੁਰਭਜਨ ਗਿੱਲ

Admin User - Feb 02, 2025 08:26 PM
IMG

ਮੋਗਾ- ਬਾਬੂ ਰਜਬ ਅਲੀ ਸਾਹੋ ਕੇ(ਮੋਗਾ) ਤੋਂ 1947 ਦੇ ਉਜਾੜੇ ਉਪਰੰਤ ਸਾਹੀਵਾਲ ਜਾ ਵੱਸੇ ਸਨ। ਰੂਹ ਸਾਹੋ ਕਿਆਂ ਵਿੱਚ ਹੀ ਰਹੀ। ਕਵੀਸ਼ਰੀ ਵਿੱਚ ਉਨ੍ਹਾਂ ਦੇ ਪੰਜ ਸੌ ਤੋਂ ਵੱਧ ਸ਼ਾਗਿਰਦ ਨੇ। ਵੰਡ ਮਗਰੋਂ ਵੀ ਉਹ ਆਪਣਾ ਕਲਾਮ ਚਿੱਠੀਆਂ ਰਾਹੀਂ ਸ਼ਾਗਿਰਦਾਂ ਨੂੰ ਲਿਖ ਲਿਖ ਭੇਜਦੇ ਰਹੇ। ਦੋ ਸਾਲ ਪਹਿਲਾਂ ਉਨ੍ਹਾਂ ਦੀ ਪੋਤਰੀ ਰੇਹਾਨਾ ਰਜਬ ਅਲੀ ਸਪੁੱਤਰੀ ਸ਼ਮਸ਼ੇਰ ਖਾਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸਾਹੀਵਾਲ ਤੋਂ ਉਚੇਚੀ ਮੈਨੂੰ ਮਿਲਣ ਆਈ। ਉਸ ਨੂੰ ਮੈਂ ਤੇ ਮੇਰੀ ਸਰਦਾਰਨੀ ਜਸਵਿੰਦਰ ਕੌਰ ਗਿੱਲ ਨਾਲ ਡਾ. ਦੀਪਕ ਮਨਮੋਹਨ, ਹਰਵਿੰਦਰ ਚੰਡੀਗੜ੍ਹ ਤੇ ਜਗਦੀਪ ਸਿੱਧੂ ਤੇ ਹੋਰਨਾਂ ਨੇ ਫੁਲਕਾਰੀ ਪਹਿਨਾਈ ਤਾਂ ਉਹ ਅੱਖਾਂ ਭਰ ਆਈ ਸਾਹੋ ਕੇ ਚੇਤੇ ਕਰਕੇ। 
ਸਾਨੂੰ ਸਭ ਨੂੰ ਪੇਕੇ ਸਮਝ ਕੇ ਕਿੰਨਾ ਚਿਰ ਹੀ ਛਾਤੀ ਨਾਲ ਲੱਗੀ ਰਹੀ। ਡਾ. ਆਤਮ ਹਮਰਾਹੀ ਤੇ ਡਾ. ਰੁਲੀਆ ਸਿੰਘ ਸਿੱਧੂ ਨੂੰ ਚੇਤੇ ਕੀਤਾ ਜਿੰਨ੍ਹਾਂ ਨੇ ਬਾਬੂ ਰਜਬ ਅਲੀ ਜੀ ਨੂੰ ਅਕਾਦਮਿਕ ਪਛਾਣ ਸਭ ਤੋਂ ਪਹਿਲਾਂ ਦਿਵਾਈ। ਪਿਛਲੇ ਸਾਲ ਬੀਮਾਰ ਹੋਣ ਕਾਰਨ ਉਹ ਲਾਹੌਰ ਕਾਨਫਰੰਸ ਤੇ ਨਾ ਆ ਸਕੀ। ਇਸ ਵਾਰ ਆਈ ਫਿਰ ਹਿੰਮਤ ਕਰਕੇ। ਫਿਰ ਮੇਰੇ ਗਲ਼ ਲੱਗੀ ਤਾਂ ਠੰਢ ਪਈ, ਨਿੱਕੀ ਭੈਣ ਨੂੰ ਸਿਹਤਮੰਦ ਵੇਖ ਕੇ। ਸ, ਕਾਹਨ ਸਿੰਘ ਪੰਨੂੰ ਦੀ ਮੁਸਕਾਨ ਚਾਵਾਂ ਵਿੱਚ ਸ਼ਾਮਲ ਹੈ। ਗੁਰਪ੍ਰੀਤ ਸਿੰਘ ਤੂਰ ਤੇ ਡਾ. ਰੁਪਿੰਦਰ ਕੌਰ ਤੂਰ ਉਸ ਲਈ ਦੋਸ਼ਾਲਾ ਲੈ ਕੇ ਗਏ ਹੋਏ ਸਨ, ਜੋ ਉਨ੍ਹਾਂ ਨੇ ਉਸ ਨੂੰ ਉਦਘਾਟਨੀ ਸਮਾਗਮ ਉਪਰੰਤ ਮੰਚ ਤੇ ਬੁਲਾ ਕੇ ਪਹਿਨਾਇਆ।

ਪੇਸ਼ ਹੈ ਬਾਬੂ ਰਜਬ ਅਲੀ ਜੀ ਦੀ ਇੱਕ ਰਚਨਾ ਤੁਸੀਂ ਵੀ ਪੜ੍ਹੋ। 

ਕੋਈ ਦੇਸ਼ ਪੰਜਾਬੋਂ ਸੋਹਣਾ ਨਾ

॥ਦੋਹਿਰਾ॥

ਪੰਜ ਦਰਿਆ ਇਸ ਦੇਸ਼ ਦੇ, ਤਾਹੀਉਂ ਕਹਿਣ ਪੰਜਾਬ ।
ਰਾਵੀ, ਸਤਲੁਜ, ਬਿਆਸ ਜੀ, ਜਿਹਲਮ ਅਤੇ ਚਨਾਬ ।

॥ਛੰਦ॥

ਲਿਖੇ ਮੁਲਕਾਂ ਦੇ ਗੁਣ ਗੁਣੀਆਂ । ਸਾਰੀ ਫਿਰ ਤੁਰ ਵੇਖੀ ਦੁਨੀਆਂ ।
ਕੁੱਲ ਜੱਗ ਦੀਆਂ ਕਰੀਆਂ ਸੈਰਾਂ । ਇੱਕ ਨਜ਼ਮ ਬਣਾਉਣੀ ਸ਼ੈਰਾਂ ।
ਜੀਭ ਕੁਤਰੇ ਲਫ਼ਜ਼ ਪੰਜਾਬੀ ਦੇ ।
ਸਾਕੀ ਨਸ਼ਾ ਚੜ੍ਹਾ ਦੇ ਉਤਰੇ ਨਾ, ਲਾ ਮੁੱਖ ਨੂੰ ਜਾਮ ਸ਼ਰਾਬੀ ਦੇ ।

ਜੁਆਨ ਸੋਹਣੇ ਸ਼ਾਮ ਫ਼ਰਾਂਸੋਂ । ਗੋਲ ਗਰਦਨ ਕੰਚ ਗਲਾਸੋਂ ।
ਸ਼ੇਰਾਂ ਵਰਗੇ ਉੱਭਰੇ ਸੀਨੇ । ਚਿਹਰੇ ਝੱਗਰੇ, ਨੈਣ ਨਗੀਨੇ ।
ਐਸਾ ਗੱਭਰੂ ਜੱਗ ਵਿਚ ਹੋਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਢਲੇ ਬਰਫ਼ ਹਿਮਾਲੇ ਪਰਬਤ । ਜਲ ਮੀਠਾ ਖੰਡ ਦਾ ਸ਼ਰਬਤ ।
ਪੰਜ ਨਦੀਆਂ ਮਾਰਨ ਲਹਿਰਾਂ । ਹੈੱਡ ਬੰਨ੍ਹ ਕੇ ਕੱਢ ਲਈਆਂ ਨਹਿਰਾਂ ।
ਛੱਡ ਵਾਟਰ ਮੈਨਰ ਭਰਮੇਂ ਦੇ ।
ਵੇਖ ਚਾਅ 'ਜਹੇ ਚੜ੍ਹਨ ਕਿਸਾਨਾਂ ਨੂੰ, ਖੇਤ ਖਿੜ-ਖਿੜ ਹਸਦੇ ਨਰਮੇ ਦੇ ।

ਹਰੀ ਚਰ੍ਹੀਆਂ ਦੀ ਹਰਿਆਵਲ । ਕਿਤੇ ਲਹਿ ਲਹਿ ਕਰਦੇ ਚਾਵਲ ।
ਰਲ ਗੁਡਣੇ ਜਾਣ ਕਮਾਦੀ । ਮੁੰਡਿਆਂ ਰੱਜ ਰੱਜ ਚੂਰੀ ਖਾਧੀ ।
ਦੀਂਹਦਾ ਘਿਉ ਨਾਲ ਲਿਬੜਿਆ ਪੋਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਬੜੀ ਰੌਣਕ ਖੇਤਰ ਅਗਲੇ । ਟਾਹਲੀ ਪੁਰ ਬੋਲਣ ਬਗਲੇ ।
ਹਲ ਵਾਹੁੰਦੇ ਫਿਰਨ ਟਰੈਕਟਰ । ਜਿਵੇਂ ਐਕਟਿੰਗ ਕਰਦੇ ਐਕਟਰ ।
ਬੁਲਡੋਜ਼ਰ ਫਿਰਦੇ ਕਮਲੇ ਜ੍ਹਿ,
ਦਿਲ ਖਿੱਚ ਦੇ ਲੰਘਦਿਆਂ ਰਾਹੀਆਂ ਦੇ, ਟਿਊਬਵੈਲ ਪਰ ਫੁੱਲ ਗਮਲੇ ਜ੍ਹਿ ।

ਖਿੜੇ ਕੇਤਕੀਆਂ ਤੇ ਗੇਂਦੇ । ਕਿਤੇ ਸੋਸਣ ਖ਼ੁਸ਼ਬੋ ਦੇਂਦੇ ।
ਥਾਂ-ਥਾਂ ਤੇ ਬਿਜਲੀਆਂ ਬਲੀਆਂ । ਲਾ ਰੀਝਾਂ ਗੁੰਦ ਲਾਂ ਕਲੀਆਂ ।
ਕਿਸੇ ਐਸਾ ਹਾਰ ਪਰੋਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਗੋਭੀ, ਮਟਰ, ਟਮਾਟਰਾਂ, ਗਾਜਰ । ਜਿੱਥੇ ਰੇਤ ਮਤੀਰੇ, ਬਾਜਰ ।
ਕਣਕਾਂ ਦੀਆਂ ਗਿਠ-ਗਿਠ ਬੱਲੀਆਂ । ਮੱਕੀਆਂ ਦੇ ਕੁਛੜੀਂ ਛੱਲੀਆਂ ।
ਛਣ ਕੰਗਣ ਛਣਕਣ ਟਾਟਾਂ ਦੇ ।
ਕਰੇ ਸਰਸੋਂ ਝਰਮਲ ਝਰਮਲ ਜੀ, ਫੁੱਲ ਟਹਿਕਣ ਸਬਜ਼ ਪਲਾਟਾਂ ਦੇ ।

ਬੋਹੜ ਪੌਣ ਵਗੀ ਤੋਂ ਸ਼ੂਕਣ । ਪਿਪਲਾਂ ਪਰ ਕੋਇਲਾਂ ਕੂਕਣ ।
ਬਾਗ਼ਾਂ ਵਿਚ ਅੰਬੀਆਂ ਰਸੀਆਂ । ਖਾ ਤੋਤਾ ਮੈਨਾ ਹੱਸੀਆਂ ।
ਬੋਲ ਬੁਲਬੁਲ ਵਰਗਾ ਮੋਹਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਲੋਕ ਧਰਮੀ, ਦਾਤੇ, ਦਾਨੇ । ਵੰਡ ਦੇਵਣ ਭਰੇ ਖ਼ਜ਼ਾਨੇ ।
ਨੂੰਹ ਰਾਣੀ ਤੇ ਧੀ ਮੇਲਣ । ਨਿੱਤ ਦੌਲਤ ਦੇ ਵਿਚ ਖੇਲਣ ।
ਲੜ ਉੱਡਦੇ ਰੰਗਲੇ ਸਾਲੂ ਦੇ ।
ਜਾਣ ਪੈਲਾਂ ਪਾਉਂਦੀਆਂ ਮੋਰਨੀਆਂ, ਭੱਤੇ ਢੋਵਣ ਕੰਤ ਰਸਾਲੂ ਦੇ ।

ਮਾਰ ਬੜ੍ਹਕਾਂ ਵਹਿੜੇ ਬੜਕਣ । ਗਲ ਵਿਚ ਘੁੰਗਰਾਲਾਂ ਖੜਕਣ ।
ਥਣ ਬੱਗੀਆਂ ਦੇ ਚੜ੍ਹ ਲਹਿੰਦੇ । ਉਸ ਮੱਝ ਨੂੰ ਮੱਝ ਨਾ ਕਹਿੰਦੇ,
ਜਿਸ ਮੱਝ ਨੇ ਭਰ 'ਤਾ ਦੋਹਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਰੰਗ ਲਾਲ ਕਮਾਣਾਂ ਅੱਬਰੂ । ਮੱਲ ਰੁਸਤਮ ਵਰਗੇ ਗੱਭਰੂ ।
ਕਰ ਵਰਜ਼ਸ ਦੇਹਾਂ ਰੱਖੀਆਂ । ਹੀਰੇ ਹਰਨ ਵਰਗੀਆਂ ਅੱਖੀਆਂ,
ਕੱਦ ਸਰੂਆਂ ਵਰਗੇ ਜੁਆਨਾਂ ਦੇ,
ਹੰਸਾਂ ਦੇ ਵਰਗੀਆਂ ਤੋਰਾਂ ਜੀ , ਹੱਥ ਸੋਹੇ ਗੁਰਜ ਭਲਵਾਨਾਂ ਦੇ ।

ਨਿਰੇ ਘਿਉ ਵਿੱਚ ਰਿਝਦੇ ਸਾਲਣ । ਜਿੰਦ ਦੇ ਕੇ ਵੀ ਲੱਜ ਪਾਲਣ ।
ਸੱਜਣਾਂ ਦੀਆਂ ਵੰਡਦੇ ਪੀੜਾਂ । ਜਿੱਥੇ ਖੜਦੇ ਕਰਦੇ ਛੀੜਾਂ ।
ਜਿੰਦ ਵਾਰਨ ਸੀਸ ਲਕੋਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਪੈਲੀ ਵਧ ਕੇ ਤੇਜ਼ ਕਰੀਨੋਂ । ਲਾਲ ਉੱਗਦੇ ਐਸ ਜ਼ਮੀਨੋਂ ।
ਮੋਠ ਮੂੰਗੀ ਵਿਕਦੇ ਜੱਟ ਦੇ । ਨਾਵੇਂ ਮੂੰਗਫਲੀ ਦੇ ਵੱਟ ਦੇ ।
ਨਵੇਂ ਨੋਟ ਧਰਨ ਵਿੱਚ ਪੇਟੀ ਦੇ ।
ਢੋਂਦੇ(ਪੌਂਦੇ) ਸੱਠ ਸੱਠ ਤੋਲੇ ਨੂੰਹਾਂ ਨੂੰ, ਨਾ ਤਿਉਰ ਮਿਉਂਦੇ ਬੇਟੀ ਦੇ ।

ਮਾਂਵਾਂ ਸ਼ੇਰਨੀਆਂ ਨੂੰ ਚੁੰਘਦੇ । ਲੜ ਦੁਸ਼ਮਣ ਦੇ ਸਿਰ ਡੁੰਗਦੇ ।
ਜ਼ੋਰਾ-ਵਰੀਆਂ ਕਰਨ ਚੁਗੱਤੇ । ਨਾ ਹਾਰਨ ਜੈਮਲ ਫ਼ੱਤੇ ।
ਅਗਾਂਹ ਵਧਦੇ ਪਿਛਾਂਹ ਖੜੋਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਚੜ੍ਹ ਘਟਾ ਪਹਾੜੋਂ ਆਵਣ । ਮੁਟਿਆਰਾਂ ਤੀਆਂ ਲਾਵਣ ।
ਪੈਣ ਟੂਮਾਂ ਦੇ ਚਮਕਾਰੇ । ਪਾ ਪੀਂਘਾਂ ਲੈਣ ਹੁਲਾਰੇ ।
ਰਲ ਗਾਵਣ ਗੀਤ ਮੁਹੱਬਤਾਂ ਦੇ ।
ਹੁੰਡ ਵਰਨ੍ਹ ਮਹੀਨੇ ਸਾਵਨ ਦੇ, ਕਰ ਪਾਰ ਉਤਾਰਾ ਰੱਬ ਤਾਂ ਦੇ ।

ਧੀਆਂ ਅਣਖ ਸ਼ਰਮ ਨਾਲ ਭਰੀਆਂ । ਘਰੇ ਬੁਣਨ ਸਵੈਟਰ ਦਰੀਆਂ ।
ਕੰਨੋਂ ਪਕੜ ਗਹਿਰ 'ਤੀ ਚੋਰੀ । ਗਲ ਹੱਸ(ਹੰਸ) ਪਾ ਬੱਕਰੀ ਤੋਰੀ ।
ਜਾਂਦਾ ਰਾਹੀ, ਪਾਂਧੀ ਖੋਹਣਾ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ ।

ਹੋਏ 'ਪਾਕ ਪਟਣ' ਵਿੱਚ 'ਬਾਵਾ' । ਗੁਰੂ ਨਾਨਕ ਜੀ ਦੇ ਸ਼ਾਵਾ ।
'ਬਾਬੂ' ਸੋਨੇ ਦਾ ਹਰਿਮੰਦਰ । ਹੋਵੇ ਭਜਨ ਹਮੇਸ਼ਾਂ ਅੰਦਰ ।
ਅੰਮ੍ਰਿਤਸਰ ਨਗਰੀ ਗੁਰੂਆਂ ਦੀ ।
ਹਟੇ ਪੱਥਰ ਦੇ ਬੁੱਤ ਪੂਜਣ ਤੋਂ, ਹੋਵੇ ਰੱਬ ਦੀ ਇਬਾਦਤ ਸ਼ੁਰੂਆਂ ਦੀ ।

ਲਾਏ ਸੰਤ ਮਹੰਤਾਂ ਡੇਰੇ । ਏਥੇ ਪੀਰ ਬਜ਼ੁਰਗ ਬਥੇਰੇ ।
ਰੋਹੀ, ਦੁਆਬੇ, ਮਾਲਵੇ, ਮਾਝੇ । ਗੁਰੂ ਦਸਮੇਂ ਨੇ ਸਿੰਘ ਸਾਜੇ ।
ਐਸੀ ਸਜਦੀਆਂ ਪੱਗ ਦੀਆਂ ਚੋਣਾਂ ਨਾ ।
ਵੇਖੇ ਦੇਸ਼ ਬਥੇਰੇ ਦੁਨੀਆਂ ਦੇ, ਕੋਈ ਦੇਸ਼ ਪੰਜਾਬੋਂ ਸੋਹਣਾ ਨਾ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.