ਤਾਜਾ ਖਬਰਾਂ
ਚੰਡੀਗੜ੍ਹ, 22 ਜਨਵਰੀ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 21-22 ਜਨਵਰੀ, 2025 ਨੂੰ ਬਿਹਾਰ ਦੇ ਪਟਨਾ ਵਿੱਚ ਆਯੋਜਿਤ 85ਵੀਂ ਆਲ ਇੰਡੀਆ ਪ੍ਰੀਜ਼ਾਈਡਿੰਗ ਆਫ਼ਿਸਰਜ਼ ਕਾਨਫਰੰਸ ਵਿੱਚ ਹਿੱਸਾ ਲਿਆ। ਆਪਣੀ ਫੇਰੀ ਦੌਰਾਨ ਉਨ੍ਹਾਂ ਨੇ ਵੈਸ਼ਾਲੀ ਦੇ ਸਤੂਪ 'ਤੇ ਵੀ ਸ਼ਰਧਾਂਜਲੀ ਭੇਟ ਕੀਤੀ, ਜੋ ਕਿ ਭਗਵਾਨ ਬੁੱਧ ਨਾਲ ਸਬੰਧਤ ਇੱਕ ਪਵਿੱਤਰ ਸਥਾਨ ਹੈ ਅਤੇ ਜਿਸਨੂੰ ਦੁਨੀਆ ਦੇ ਪਹਿਲੇ ਗਣਰਾਜ ਦੇ ਜਨਮ ਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ।
ਕਾਨਫਰੰਸ ਦੌਰਾਨ ਆਪਣੇ ਸੰਬੋਧਨ ਵਿੱਚ ਸਪੀਕਰ ਸੰਧਵਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਬਿਹਾਰ ਵਿਧਾਨ ਸਭਾ ਦੇ ਸਪੀਕਰ ਨੰਦ ਕਿਸ਼ੋਰ ਯਾਦਵ ਦੇ ਨਾਲ-ਨਾਲ ਵੱਖ-ਵੱਖ ਰਾਜਾਂ ਦੇ ਸਾਰੇ ਪ੍ਰੀਜ਼ਾਈਡਿੰਗ ਅਫਸਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਭਾਰਤੀ ਲੋਕਤੰਤਰ ਦੀ ਸ਼ਾਨ ਵਧਾਉਣ ਵਿੱਚ ਉਨ੍ਹਾਂ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ। ਸੰਧਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸੰਵਿਧਾਨ ਸਿਰਫ਼ ਇੱਕ ਇਤਿਹਾਸਕ ਘਟਨਾ ਨਹੀਂ ਹੈ ਸਗੋਂ ਆਧੁਨਿਕ ਲੋਕਤੰਤਰ ਲਈ ਇੱਕ ਨਿਰੰਤਰ ਅਤੇ ਆਪਸੀ ਤਾਲਮੇਲ ਵਾਲੇ ਮਾਰਗਦਰਸ਼ਕ ਢਾਂਚੇ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਜ਼ਾਦੀ ਲਈ ਲੰਬੇ ਸੰਘਰਸ਼ ਨੂੰ ਦੇਖਦਿਆਂ ਸੰਵਿਧਾਨ ਨੂੰ ਬਰਕਰਾਰ ਰੱਖਣਾ ਨਾ ਸਿਰਫ਼ ਵਿਧਾਨ ਸਭਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦੀ ਜ਼ਿੰਮੇਵਾਰੀ ਹੈ, ਸਗੋਂ ਹਰ ਭਾਰਤੀ ਨਾਗਰਿਕ ਦਾ ਫਰਜ਼ ਵੀ ਹੈ, ।
ਸਪੀਕਰ ਸੰਧਵਾਂ ਨੇ ਬੱਚਿਆਂ ਦੇ ਸਿਲੇਬਸ ਵਿੱਚ ਮੌਜੂਦਾ ਵਿਦਿਅਕ ਸਮੱਗਰੀ ਦੇ ਸੀਮਤ ਦਾਇਰੇ 'ਤੇ ਚਿੰਤਾ ਪ੍ਰਗਟ ਕੀਤੀ, ਜੋ ਜ਼ਰੂਰੀ ਹੋਣ ਦੇ ਬਾਵਜੂਦ ਸੰਸਦ ਅਤੇ ਵਿਧਾਨ ਸਭਾਵਾਂ ਦੇ ਕੰਮਕਾਜ ਦੀ ਸਹੀ ਪ੍ਰਤੀਨਿਧਤਾ ਪ੍ਰਦਾਨ ਕਰਨ ਵਿੱਚ ਅਸਫਲ ਰਹਿੰਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਕੂਲੀ ਬੱਚਿਆਂ ਨੂੰ ਵਿਧਾਨ ਸਭਾਵਾਂ ਦੀ ਅਸਲ ਕਾਰਵਾਈ ਨੂੰ ਦੇਖਣ ਲਈ ਉਤਸ਼ਾਹਿਤ ਕੀਤਾ ਜਾਵੇ, ਜਿਸ ਨਾਲ ਲੋਕਤੰਤਰੀ ਪ੍ਰਕਿਰਿਆ ਬਾਰੇ ਵਧੇਰੇ ਸਮਝ ਅਤੇ ਉਤਸੁਕਤਾ ਪੈਦਾ ਹੋਵੇ। ਇਸ ਉਦੇਸ਼ ਲਈ ਪੰਜਾਬ ਵਿਧਾਨ ਸਭਾ ਵੱਲੋਂ ਵਿਦਿਆਰਥੀਆਂ ਨੂੰ ਸਦਨ ਦੇ ਸੈਸ਼ਨਾਂ ਨੂੰ ਦੇਖਣ ਲਈ ਸੱਦਾ ਦੇਣਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਕਦਮ ਨੂੰ ਉਨ੍ਹਾਂ ਨੇ ਨੌਜਵਾਨਾਂ ਦੇ ਭਵਿੱਖ ਲਈ ਸਕਾਰਾਤਮਕ ਦੱਸਿਆ।
ਬਿਹਾਰ ਵਿੱਚ ਆਪਣੇ ਠਹਿਰਾਅ ਦੌਰਾਨ ਸਪੀਕਰ ਸੰਧਵਾਂ ਦਾ ਆਮ ਆਦਮੀ ਪਾਰਟੀ (ਆਪ) ਬਿਹਾਰ ਦੇ ਬੁਲਾਰੇ ਡਾ. ਹੇਮ ਨਾਰਾਇਣ ਵਿਸ਼ਵਕਰਮਾ ਅਤੇ ਆਪ ਨੇਤਾ ਬਬਲੂ ਪ੍ਰਕਾਸ਼ ਨੇ ਨਿੱਘਾ ਸਵਾਗਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਭਗਵਾਨ ਬੁੱਧ ਦੀ ਮੂਰਤੀ ਵੀ ਭੇਟ ਕੀਤੀ। ਸੰਧਵਾਂ ਨੇ ਵੈਸ਼ਾਲੀ, ਜੋ ਕਿ ਇਤਿਹਾਸਕ ਮਹੱਤਤਾ ਵਾਲੀ ਧਰਤੀ ਹੈ ਅਤੇ ਦੁਨੀਆ ਦੇ ਪਹਿਲੇ ਗਣਰਾਜ ਦਾ ਸਥਾਨ ਹੈ, ਦਾ ਦੌਰਾ ਕਰਨ 'ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਵਿਰਾਸਤ ਦੇ ਵਿਸ਼ਵਵਿਆਪੀ ਪ੍ਰਚਾਰ ਅਤੇ ਸੰਭਾਲ ਦਾ ਸੱਦਾ ਦਿੱਤਾ।
ਸਪੀਕਰ ਸੰਧਵਾਂ ਨੇ ਬਿਹਾਰ ਵਿਧਾਨ ਸਭਾ ਦੇ ਸਪੀਕਰ ਨੰਦ ਕਿਸ਼ੋਰ ਯਾਦਵ ਦਾ ਵੀ ਆਪਣੀ ਫੇਰੀ ਦੌਰਾਨ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵੈਸ਼ਾਲੀ ਦੇ ਮਹੱਤਵ ਨੂੰ ਸੁਰਜੀਤ ਕਰਨ ਅਤੇ ਆਲਮੀ ਪੱਧਰ 'ਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਸਮੂਹਿਕ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
Get all latest content delivered to your email a few times a month.