ਤਾਜਾ ਖਬਰਾਂ
ਸ਼ੰਭੂ ਬਾਰਡਰ : ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ 'ਤੇ ਪਿਛਲੇ 11 ਮਹੀਨੇ 8 ਦਿਨਾਂ ਤੋਂ ਸੰਘਰਸ਼ ਕਰ ਰਹੇ ਕਿਸਾਨ ਅੰਦੋਲਨ 2 'ਤੇ ਬੈਠੇ ਕਿਸਾਨ ਮਜ਼ਦੂਰ ਮੋਰਚਾ ਨੇ ਸ਼ੰਭੂ ਮੋਰਚਾ ਵਿਖੇ ਪ੍ਰੈਸ ਕਾਨਫਰੰਸ ਕੀਤੀ। ਮੀਡੀਆ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਭਾਜਪਾ ਵਿਧਾਇਕਾਂ, ਮੰਤਰੀਆਂ ਦੇ ਘਰਾਂ ਅਤੇ ਭਾਜਪਾ ਦਫ਼ਤਰਾਂ ਅਤੇ ਵੱਡੇ ਕਾਰਪੋਰੇਟਾਂ ਦੇ ਮਾਲਾਂ ਅਤੇ ਸਾਇਲੋ ਅੱਗੇ ਮਾਰਚ ਕਰਕੇ ਟਰੈਕਟਰ ਖੜ੍ਹੇ ਹੋਣਗੇ 1.30 ਵਜੇ ਤੱਕ ਖੜੇ ਰਹਿਣਗੇ । 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਵਾਲੇ 101 ਕਿਸਾਨਾਂ ਦੇ ਚੌਥੇ ਜੱਥੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਸੱਦੀ ਗਈ ਮੀਟਿੰਗ ਦੇ ਮੱਦੇਨਜ਼ਰ ਇਹ ਜੱਥਾ 26 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਡੱਲੇਵਾਲ ਸਾਹਿਬ ਦੀ ਸਿਹਤ ਦੇ ਮੱਦੇਨਜ਼ਰ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਦਾ ਸਮਾਂ ਅਤੇ ਸਥਾਨ ਬਦਲਿਆ ਜਾਵੇ ਅਤੇ ਸਰਕਾਰ ਜਲਦੀ ਤੋਂ ਜਲਦੀ ਮੀਟਿੰਗ ਬੁਲਾਵੇ ਅਤੇ ਇਸ ਮੀਟਿੰਗ ਦਿੱਲੀ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਹਨ, ਇਸ ਲਈ ਇਸ ਲਈ ਮੀਟਿੰਗ ਦਿੱਲੀ ਵਿੱਚ ਕੀਤੀ ਜਾਵੇ ਤਾਂ ਢੁਕਵਾਂ ਹੋਵੇਗਾ। ਉਹਨਾਂ ਕਿਸਾਨੀ ਮੰਗਾਂ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਸੰਦਰਭ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐਸ.ਕੇ.ਐਮ ( ਗੈਰ ਰਾਜਨੀਤਿਕ ), ਬੀ.ਕੇ.ਯੂ. ਸਿੱਧੂਪੁਰ ਨੂੰ ਬੇਨਤੀ ਕੀਤੀ ਕਿ ਤੁਸੀ ਡਾਕਟਰੀ ਏਡ ਲਈ ਹੈ ਅਤੇ ਡਾਕਟਰ ਸਵੈਮਾਣ ਸਿੰਘ ਦੀ ਡਾਕਟਰੀ ਸਲਾਹ ਹੇਠ,ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ , ਹੁਣ ਚੰਗੀ ਪੌਸ਼ਟਿਕ ਆਹਾਰ ਖਾਣ ਅਤੇ ਜਲਦੀ ਤੋਂ ਜਲਦੀ ਤੰਦਰੁਸਤ ਹੋਣ । ਐਸ.ਕੇ.ਐਮ ਨਾਲ ਏਕਤਾ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ, ਅਸੀਂ ਲੋਕਾਂ ਦੀ ਅਵਾਜ਼ ਅਨੁਸਾਰ ਵੱਧ ਤੋਂ ਵੱਧ ਏਕਤਾ ਲਈ ਵਚਨਬੱਧ ਹਾਂ ਅਤੇ ਸਾਨੂੰ ਪੂਰੀ ਉਮੀਦ ਹੈ ਕਿ 24 ਜਨਵਰੀ ਨੂੰ ਐਸ.ਕੇ.ਐਮ ਦੀ ਕੌਮੀ ਮੀਟਿੰਗ ਵਿਚ ਪੂਰਨ ਏਕਤਾ ਕਾਇਮ ਹੋਵੇਗੀ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅੱਜ 21/01/25 ਨੂੰ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਸ਼ੰਭੂ ਮੋਰਚੇ 'ਤੇ ਪੁੱਜਣੀਆਂ ਸ਼ੁਰੂ ਹੋ ਜਾਣਗੀਆਂ ਅਤੇ 29 ਜਨਵਰੀ ਨੂੰ ਪੰਜਾਬ ਦੇ ਮਾਝਾ ਖੇਤਰ ਤੋਂ ਕਿਸਾਨਾਂ ਦਾ ਸੈਂਕੜੇ ਟਰੈਕਟਰ ਟਰਾਲੀਆਂ ਦਾ ਜੱਥਾ ਸ਼ੰਭੂ ਮੋਰਚੇ 'ਤੇ ਪਹੁੰਚ ਜਾਵੇਗਾ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਜਸਵਿੰਦਰ ਸਿੰਘ ਲੌਂਗੋਵਾਲ, ਤੇਜਵੀਰ ਸਿੰਘ ਪੰਜੋਖਰਾ ਸਾਹਿਬ, ਜੰਗ ਸਿੰਘ, ਬਲਵੰਤ ਸਿੰਘ ਬਹਿਰਾਮਕੇ, ਮਲਕੀਤ ਸਿੰਘ ਗੁਲਾਮੀਵਾਲਾ, ਸੁਰਜੀਤ ਸਿੰਘ ਫੂਲ, ਬਲਕਾਰ ਸਿੰਘ ਬੈਂਸ, ਗੁਰਮਨੀਤ ਸਿੰਘ ਮਾਂਗਟ, ਸਾਬ ਸਿੰਘ ਆਦਿ ਹਾਜ਼ਰ ਸਨ | .
Get all latest content delivered to your email a few times a month.