ਤਾਜਾ ਖਬਰਾਂ
ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਜਿਤਾਉਣ ਦੀ ਕੀਤੀ ਅਪੀਲ, ਕਿਹਾ- ਕੇਜਰੀਵਾਲ ਨੇ ਸਰਕਾਰੀ ਹਸਪਤਾਲਾਂ ਤੇ ਸਕੂਲਾਂ ਦੀ ਕਾਇਆ ਕਲਪ ਕੀਤੀ, ਮੁਫ਼ਤ ਬਿਜਲੀ ਤੇ ਪਾਣੀ ਦਿੱਤਾ
ਚੰਡੀਗੜ੍ਹ, 16 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਘੋਂਡਾ ਵਿਧਾਨ ਸਭਾ ਹਲਕੇ 'ਚ 'ਆਪ' ਉਮੀਦਵਾਰ ਦੇ ਸਮਰਥਨ 'ਚ ਵੱਡਾ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਮਾਨ ‘ਆਪ’ ਉਮੀਦਵਾਰ ਗੌਰਵ ਸ਼ਰਮਾ ਦੀ ਨਾਮਜ਼ਦਗੀ ਮੌਕੇ ਇੱਥੇ ਪੁੱਜੇ ਸਨ।
ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ‘ਆਪ’ ਵਰਕਰਾਂ ਅਤੇ ਸਥਾਨਕ ਲੋਕਾਂ ਨੇ ਸ਼ਮੂਲੀਅਤ ਕੀਤੀ। ਲੋਕਾਂ ਨੇ ਨਾਅਰੇ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਉਮੀਦਵਾਰ ਦਾ ਸਵਾਗਤ ਕੀਤਾ। ਮਾਨ ਨੇ ਪਾਰਟੀ ਦੀ ਵੱਡੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਅੱਜ ਲੋਕਾਂ ਦੀ ਭਾਰੀ ਭੀੜ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ।
ਰੋਡ ਸ਼ੋਅ ਦੌਰਾਨ ਮਾਨ ਨੇ ਰੋਡ ਸ਼ੋਅ ਨੂੰ ਸਮਰਥਨ ਦੇਣ ਲਈ ਭਜਨਪੁਰਾ ਮਾਰਕੀਟ ਦੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। ਮਾਨ ਨੇ ‘ਆਪ’ ਉਮੀਦਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਉਮੀਦਵਾਰ ਗੌਰਵ ਸ਼ਰਮਾ ਇਸ ਇਲਾਕੇ ਲਈ ਕੁਝ ਚੰਗਾ ਕਰਨਾ ਚਾਹੁੰਦੇ ਹਨ। ਉਹ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦੇ ਹਨ। ਉਹ ਖੁਦ ਇੱਕ ਸਾਧਾਰਨ ਪਰਿਵਾਰ ਵਿੱਚੋਂ ਉੱਠ ਕੇ ਇੱਥੇ ਪੁੱਜਿਆ ਹੈ। ਇਸ ਲਈ, ਉਨ੍ਹਾਂ ਨੂੰ ਜਿਤਾਓ, ਜਿੱਤਣ ਤੋਂ ਬਾਅਦ ਉਹ ਤੁਹਾਡੇ ਵਿਚਕਾਰ ਰਹਿਣਗੇ ਅਤੇ ਤੁਹਾਡੇ ਲਈ ਕੰਮ ਕਰਨਗੇ।
ਭਾਸ਼ਣ ਦੌਰਾਨ ਮਾਨ ਨੇ ਕਾਂਗਰਸ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੇ 70 ਸਾਲ ਦੇਸ਼ ਨੂੰ ਲੁੱਟਿਆ। ਉਨ੍ਹਾਂ ਨੇ ਸਾਡੇ ਸਕੂਲ ਅਤੇ ਹਸਪਤਾਲ ਤਬਾਹ ਕਰ ਦਿੱਤੇ। ਦਿੱਲੀ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਇੱਥੋਂ ਦੇ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ। ਉਨ੍ਹਾਂ ਨੇ ਆਮ ਲੋਕਾਂ ਲਈ ਮੁਫ਼ਤ ਬਿਜਲੀ ਅਤੇ ਪਾਣੀ ਦਾ ਪ੍ਰਬੰਧ ਕੀਤਾ ਅਤੇ ਔਰਤਾਂ ਲਈ ਮੁਫ਼ਤ ਬੱਸ ਦੀ ਸਹੂਲਤ ਦਿੱਤੀ।
ਉਨ੍ਹਾਂ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਅਸੀਂ ਉੱਥੇ ਵੀ ਕਾਫ਼ੀ ਕੰਮ ਕਰ ਰਹੇ ਹਾਂ। ਤਿੰਨ ਸਾਲਾਂ ਵਿੱਚ ਅਸੀਂ 850 ਤੋਂ ਵੱਧ ਮੁਹੱਲਾ ਕਲੀਨਿਕ ਬਣਾਏ ਹਨ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਬਿਹਤਰ ਬਣਾਉਣਾ। ਅੱਜ ਦਿੱਲੀ ਵਾਂਗ ਪੰਜਾਬ ਵਿੱਚ ਵੀ 90 ਫ਼ੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆਉਂਦਾ ਹੈ। ਪੰਜਾਬ ਵਿੱਚ ਅਸੀਂ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਦਿੱਤੀਆਂ।
ਭਾਜਪਾ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਚੰਗੀ ਨਹੀਂ ਹੈ। ਉਹ ਜਾਣਬੁੱਝ ਕੇ ਦਿੱਲੀ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਤਾਂ ਜੋ ਦਿੱਲੀ ਦੇ ਲੋਕ ਤੰਗ ਆ ਕੇ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ। ਪਰ ਅਰਵਿੰਦ ਕੇਜਰੀਵਾਲ ਤੁਹਾਡੇ ਪਰਿਵਾਰ ਵਾਂਗ ਤੁਹਾਡੀ ਲੜਾਈ ਲੜ ਰਹੇ ਹਨ।
ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ 5 ਤਰੀਕ ਨੂੰ ਤੁਸੀਂ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਕਿਸਮਤ ਦਾ ਫ਼ੈਸਲਾ ਕਰਨਾ ਹੈ। ਇਸ ਲਈ ਅਜਿਹੇ ਵਿਅਕਤੀ ਨੂੰ ਚੁਣੋ ਜੋ ਕੰਮ ਕਰਨਾ ਜਾਣਦਾ ਹੋਵੇ ਅਤੇ ਨਫ਼ਰਤ ਦੀ ਰਾਜਨੀਤੀ ਨਾ ਕਰੇ। ਉਨ੍ਹਾਂ ਕਿਹਾ ਕਿ ਤੁਹਾਨੂੰ ਆਪਣੇ ਭਵਿੱਖ ਦੀ ਜ਼ਿੰਮੇਵਾਰੀ ਗਾਲ੍ਹਾਂ ਕੱਢਣ ਵਾਲਿਆਂ ਦੇ ਹੱਥਾਂ ਵਿੱਚ ਨਹੀਂ ਛੱਡਣੀ ਚਾਹੀਦੀ। ਨਫਰਤ ਦੀ ਰਾਜਨੀਤੀ ਕਰਨ ਵਾਲੇ ਤੁਹਾਡਾ ਕਦੇ ਭਲਾ ਨਹੀਂ ਕਰ ਸਕਦੇ।
Get all latest content delivered to your email a few times a month.