IMG-LOGO
ਹੋਮ ਪੰਜਾਬ: ਸੁਖਬੀਰ ਸਿੰਘ ਬਾਦਲ ਨੇ ਮਾਘੀ ਮੇਲੇ ਮੌਕੇ ਲੋਕਾਂ ਨੂੰ ਸ਼੍ਰੋਮਣੀ...

ਸੁਖਬੀਰ ਸਿੰਘ ਬਾਦਲ ਨੇ ਮਾਘੀ ਮੇਲੇ ਮੌਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਜੁੜਨ ਦੀ ਕੀਤੀ ਅਪੀਲ, ਕਿਹਾ ਕਿ ਸਿਰਫ ਅਕਾਲੀ ਦਲ ਹੀ ’ਕੌਮ’...

Admin User - Jan 14, 2025 06:43 PM
IMG

ਕਿਹਾ ਕਿ ਜੋ ਅੱਜ ਸਿਆਸੀ ਦੁਕਾਨਾਂ ਖੋਲ੍ਹ ਰਹੇ ਹਨ, ਉਹ ਸਿਰਫ ਆਪਣੇ ਮਨੋਰਥਾਂ ਦੀ ਪੂਰਤੀ ਵਾਸਤੇ ਨੌਜਵਾਨਾਂ ਨੂੰ ਭੜਕਾਉਣਾ ਚਾਹੁੰਦੇ ਹਨ

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਲੋਕਾਂ ਨੂੰ  ਜ਼ੋਰਦਾਰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਜੁੜਨ ਅਤੇ ਉਹਨਾਂ ਨੇ ਪ੍ਰਣ ਲਿਆ ਕਿ ਉਹ ਪੰਥ ਅਤੇ ਪੰਜਾਬ ਦੀ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਵਾਸਤੇ ਆਪਣੀ ਜਾਨ ਵਾਰਨ ਵਾਸਤੇ ਵੀ ਤਿਆਰ ਬਰ ਤਿਆਰ ਹਨ।

ਇਥੇ ਮਾਘੀ ਮੇਲੇ ’ਤੇ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇਤਿਹਾਸ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਵਿਸ਼ਵਾਸ ਕਰਨ ਕਿਵੇਂ 40 ਮੁਕਤਿਆਂ ਨੂੰ ਗੁਰੂ ਸਾਹਿਬ ਨੇ ਇਸ ਇਤਿਹਾਸਕ ਅਸਥਾਨ ’ਤੇ ਮੁੜ ਅਪਣਾਇਆ ਸੀ।  ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ’ਕੌਮ’ ਨੂੰ ਮੁੜ ਮਜ਼ਬੂਤ ਕਰੀਏ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਅਜਿਹਾ ਕਰ ਸਕਦਾ ਹੈ। ਉਹਨਾਂ ਕਿਹਾ ਕਿ ਮੈਂ ਪ੍ਰਣ ਕਰਦਾ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਵਾਂਗੂ ਮੈਂ ਲੋਕਾਂ ਦੀ ਭਲਾਈ ਵਾਸਤੇ ਜੋ ਲੋੜੀਂਦਾ ਹੋਇਆ, ਉਹ ਕਰਾਂਗਾ। ਉਹਨਾਂ ਕਿਹਾ ਕਿ ਜੇਕਰ ਮੈਨੂੰ ਪੰਜਾਬ, ਪੰਜਾਬੀਅਤ ਤੇ ਖਾਲਸਾ ਪੰਥ ਵਾਸਤੇ ਆਪਣੀ ਕੁਰਬਾਨੀ ਵੀ ਦੇਣੀ ਪਵੇਗੀ ਤਾਂ ਮੈਂ ਪਿੱਛੇ ਨਹੀਂ ਹਟਾਂਗਾ।

ਇਕ ਭਾਵੁਕ ਭਾਸ਼ਣ ਵਿਚ ਬਾਦਲ ਨੇ ਪੰਥ ਤੇ ਪੰਜਾਬ ਨੂੰ ਫਿਰਕੂ ਵੰਡ ਪਾਊ ਤੇ ਪੰਜਾਬੀ ਨੌਜਵਾਨਾਂ ਦਾ ਖੂਨ ਵਹਾਉਣ ਲਈ ਕਾਹਲੀਆਂ ਤਾਕਤਾਂ ਦੀ ਰਾਜਨੀਤੀ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਸਾਡੇ ਮਹਾਨ ਗੁਰੂ ਸਾਹਿਬਾਨ, ਸੰਤਾਂ ਤੇ ਪੀਰਾਂ ਫਕੀਰਾਂ ਵੱਲੋਂ ਦਰਸਾਏ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਰਾਹ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਪਾਰਟੀ ਵੱਲੋਂ ਪੂਰੀ ਜ਼ਿੰਮੇਵਾਰੀ ਨਿਭਾਈ ਹੈ ਤਾਂ ਜੋ ਸੂਬੇ ਭਰ ਦੇ ਲੋਕ ਸਾਡੇ ਨੌਜਵਾਨਾਂ ਦੇ ਚੰਗੇ ਭਵਿੱਖ ਦੀ ਆਸ, ਸ਼ਾਂਤੀ ਤੇ ਖੁਸ਼ਹਾਲੀ ਵੱਲ ਵੇਖ ਸਕਣ ਤੇ ਅੱਗੇ ਵੱਧ ਸਕਣ। ਉਹਨਾਂ ਕਿਹਾ ਕਿ ਕੁਝ ਅਖੌਤੀ ਪੰਥਕ ਸੰਗਠਨ ਬਦਲਵਾਂ ਏਜੰਡਾ ਪੇਸ਼ ਕਰ ਕੇ ਸੂਬੇ ਖਾਸ ਤੌਰ ’ਤੇ ਇਸਦੇ ਨੌਜਵਾਨਾਂ ਨੂੰ ਫਿਰ ਤੋਂ ਕਾਲੇ ਦੌਰ ਵਿਚ ਧੱਕਣਾ ਚਾਹੁੰਦੇ ਹਨ ਜਿਸ ਦੌਰਾਨ ਸਿੱਖ ਨੌਜਵਾਨਾਂ ਨੂੰ ਮੁਕਾਬਲਿਆਂ ਵਿਚ ਕਤਲ ਕੀਤਾ ਗਿਆ। ਉਹਨਾਂ ਨੇ ਸਪਸ਼ਟ ਕਿਹਾ ਕਿ ਅਜਿਹੇ ਹੀ ਧੜੇ ਦੇ ਇਕ ਆਗੂ ਨੇ ਅੱਜ ਆਪਣੀ ਸਿਆਸੀ ਦੁਕਾਨ ਖੋਲ੍ਹ ਲਈ ਹੈ ਜਦੋਂ ਕਿ ਇਸਨੇ ਪਹਿਲਾਂ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਸੀ ਜਦੋਂ ਕਿ ਇਸਦੇ ਆਪਣੇ ਪਰਿਵਾਰਕ ਮੈਂਬਰ ਨਸ਼ਿਆਂ ਨਾਲ ਫੜੇ ਗਏ ਹਨ। ਉਹਨਾਂ ਕਿਹਾ ਕਿ ਇਹ ਲੋਕ ਇਲਾਕੇ ਵਿਚ ਕਤਲੇਆਮ ਵਿਚ ਵੀ ਸ਼ਾਮਲ ਪਾਏ ਗਏ ਹਨ। ਉਹਨਾਂ ਕਿਹਾ ਕਿ ਇਹ ਨੌਜਵਾਨਾਂ ਨੂੰ ਭੜਕਾਉਣਾ ਚਾਹੁੰਦੇ ਹਨ ਅਤੇ ਆਪਣੇ ਮਨੋਰਥਾਂ ਵਾਸਤੇ ਉਲਝਣਾ ਪੈਦਾ ਕਰਨੀਆਂ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਦੀਆਂ ਪੀੜੀਆਂ ਸੁਰੱਖਿਅਤ ਰਹਿਣ ਤੇ ਐਵੇਂ ਹੀ ਆਪਣੀਆਂ ਜਾਨਾਂ ਨਾ ਗੁਆਉਣ।

ਦਿਲੋਂ ਗੱਲ ਕਰਦਿਆਂ ਬਾਦਲ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਪਿਤਾ ਨੇ ਕੋਈ ਗਲਤੀ ਕੀਤੀ ਹੈ ਤਾਂ ਉਸਦੀ ਜ਼ਿੰਮੇਵਾਰੀ ਵੀ ਉਹ ਆਪਣੇ ਸਿਰ ਲੈਣ ਨੂੰ ਤਿਆਰ ਹਨ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਨ ਤੇ ਸਰੋਤਿਆਂ ਨਾਲ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਮਿੱਥ ਕੇ ਹਮਲੇ ਕੀਤੇ ਗਏ ਤੇ ਉਹਨਾਂ ਦੇ ਵਿਛੋੜੇ ਤੋਂ ਬਾਅਦ ਉਹਨਾਂ ਖਿਲਾਫ ਹਮਲੇ ਸ਼ੁਰੂ ਹੋ ਗਏ ਜਿਸਦਾ ਇਕਲੌਤਾ ਮਨੋਰਥ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਖ਼ਤਮ ਕਰਨਾ ਹੈ।

 ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਕੀ ਸਾਬਕਾ ਮੁੱਖ ਮੰਤਰੀ ਜਿਹਨਾਂ ਨੇ 70 ਸਾਲਾਂ ਤੱਕ ਲੋਕਾਂ ਦੀ ਸੇਵਾ ਕੀਤੀ, ਕੀ ਉਹਨਾਂ ਨੇ ਕੋਈ ਗੁਨਾਹ ਕੀਤਾ ? ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇਕਲੌਤਾ ਗੁਨਾਹ ਇਹ ਹੈ ਕਿ ਉਹ ਸੂਬੇ ਦੇ ਲੋਕਾਂ ਵਾਸਤੇ ਅਤੇ ਐਮਰਜੰਸੀ ਦਾ ਵਿਰੋਧ ਤੇ ਪੰਜਾਬ ਸੂਬੇ ਦੀ ਸਿਰਜਣਾ ਦੀ ਲੜਾਈ ਵਿਚ 18 ਸਾਲਾਂ ਤੱਕ ਜੇਲ੍ਹ ਵਿਚ ਰਹੇ। ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਸੱਚੇ ਸਿੱਖ ਹਨ। ਉਹਨਾਂ ਕਿਹਾ ਕਿ ਸਾਡੇ ਸਾਰੇ ਘਰਾਂ ਵਿਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਤੇ ਸਾਡੇ ਬੱਚੇ ਘਰ ਵਿਚੋਂ ਬਾਹਰ ਨਿਕਲਣ ਤੋਂ ਪਹਿਲਾਂ ਗੁਰੂ ਮਹਾਰਾਜ ਅੱਗੇ ’ਅਰਦਾਸ’ ਕਰਦੇ ਹਨ।

 ਬਾਦਲ ਨੇ ਆਪਣੀ ਵਿਚਾਰਾਂ ਭਰੇ ਭਾਸ਼ਣ ਵਿਚ ਦੱਸਿਆ ਕਿ ਕਿਵੇਂ ਉਹਨਾਂ ਨੇ ਬਾਗੀ ਅਕਾਲੀ ਦਲ ਵੱਲੋਂ ਉਹਨਾਂ ਖਿਲਾਫ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਬਿਨਾਂ ਕਿਸੇ ਕਸੂਰ ਦੇ ਸਾਰੇ ਦੋਸ਼ ਆਪਣੇ ਸਿਰ ਲੈ ਲਏ ਹਾਲਾਂਕਿ ਉਹਨਾਂ ਕੋਲ ਹਰ ਸਵਾਲ ਦੇ ਜਵਾਬ ਮੌਜੂਦ ਸਨ। ਉਹਨਾਂ ਕਿਹਾ ਕਿ ਅਸੀਂ ਸਿਰਫ ਇਹੀ ਸੋਚਦੇ ਸੀ ਕਿ ਪੰਥ ਵਿਰੋਧੀ ਤਾਕਤਾਂ ਵੱਲੋਂ ਅਕਾਲੀ ਦਲ ਖਿਲਾਫ ਵਿੱਢੀ ਪ੍ਰਚਾਰ ਮੁਹਿੰਮ ਨੂੰ ਠੱਪ ਕੀਤਾ ਜਾਵੇ ਪਰ ਇਹ ਤਾਕਤਾਂ ਤਾਂ ਸਾਡੇ ਵੱਲੋਂ ਬਿਨਾਂ ਕੀਤੇ ਗੁਨਾਹ ਕਬੂਲਣ ’ਤੇ ਵੀ ਖੁਸ਼ ਨਹੀਂ ਹਨ। ਉਹਨਾਂ ਕਿਹਾ ਕਿ ਇਹਨਾਂ ਦਾ ਅਗਲਾ ਨਿਸ਼ਾਨਾ ਮੈਨੂੰ ਕਤਲ ਕਰਨਾ ਹੈ ਤੇ ਮੈਂ ਅਕਾਲ ਪੁਰਖ ਦੀ ਰਹਿਮਤ ਨਾਲ ਹੀ ਸੁਰੱਖਿਅਤ ਹਾਂ।

ਇਸ ਵਿਸ਼ਾਲ ਕਾਨਫਰੰਸ ਵਿਚ ਪਾਸ ਕੀਤੇ ਮਤੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰ ਏ ਕੌਮ ਖਿਤਾਬ ਵਾਪਸ ਲੈਣ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ। ਸੀਨੀਅਰ ਆਗੂ ਸਰਦਾਰ ਹੀਰਾ ਸਿੰਘ ਗਾਬੜੀਆ ਨੇ ਇਹ ਮਤਾ ਪੇਸ਼ ਕੀਤਾ ਜਿਸਨੂੰ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪਾਸ ਕੀਤਾ।

ਇਸ ਤੋਂ ਪਹਿਲਾਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮਤਾ ਪੇਸ਼ ਕੀਤਾ ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਫੈਸਲਿਆਂ ’ਤੇ ਰਾਜਨੀਤੀ ਕਰਦਿਆਂ ਕਾਂਗਰਸ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਦੀ ਮੰਗ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਉਹਨਾਂ ਕਿਹਾ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਖਤ ਦੇ ਕਿਸੇ ਵੀ ਆਦੇਸ਼ ਨੂੰ ਅਦਾਲਤ ਵਿਚ ਪੇਸ਼ ਨਾ ਕਰਨ ਦੀ ਕੀਤੀ ਹਦਾਇਤ ਦੀ ਉਲੰਘਣਾ ਹੈ।

ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਵਰਗੀਆਂ ਤਾਕਤਾਂ ਦੇ ਖਿਲਾਫ ਲੜਾਈ ਲੜਨ ਜਿਸਨੇ ਝੂਠੇ ਵਾਅਦਿਆਂ ਨਾਲ ਉਹਨਾਂ ਨੂੰ ਗੁੰਮਰਾਹ ਕੀਤਾ ਤੇ ਆਮ ਆਦਮੀ ਪਾਰਟੀ ਨੇ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ’ਤੇ ਹਮਲਾ ਕੀਤਾ।

ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਮੌਕੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੀ ਪਾਲਣਾ ਕੀਤੀ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਦੱਸਿਆ ਹੈ ਕਿ ਉਹ ਤਖਤ ਸਾਹਿਬ ਤੋਂ ਜਾਰੀ ਹਦਾਇਤਾਂ ਦੀ ਇੰਨ ਬਿਨ ਪਾਲਣਾ ਕਰੇਗੀ ਤੇ ਨਾਲ ਹੀ ਪਾਰਟੀ ਨੇ ਅਕਾਲੀ ਦਲ ਦੀ ਮਾਨਤਾ ਖ਼ਤਮ ਕਰਵਾਉਣ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਵੀ ਜਥੇਦਾਰ ਸਾਹਿਬ ਨੂੰ ਜਾਣੂ ਕਰਵਾਇਆ। ਇਸ ਮੌਕੇ ਸੀਨੀਅਰ ਪਾਰਟੀ ਆਗੂ ਸ੍ਰੀ ਐਨ ਕੇ ਸ਼ਰਮਾ ਨੇ ਦੱਸਿਆ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਅਤੇ ਉਹਨਾਂ ਨੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਵਿਚ ਵਿਸ਼ਵ ਪੱਧਰੀ ਸੜਕਾਂ ਅਤੇ ਹਵਾਈ ਅੱਡਿਆਂ ਤੇ ਹੋਰ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ ਸੋਚ ਦਾ ਵੀ ਜ਼ਿਕਰ ਕੀਤਾ।

ਕਾਨਫਰੰਸ ਨੂੰ ਇਸਤਰੀ ਅਕਾਲੀ ਦਲ ਦੇ ਪ੍ਰਧਾਨ  ਹਰਗੋਬਿੰਦ ਕੌਰ, ਯੂਥ ਅਕਾਲੀ ਦਲ ਦੇ ਪ੍ਰਧਾਨ  ਸਰਬਜੀਤ ਸਿੰਘ ਝਿੰਜਰ, ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ,ਮਨਜਿੰਦਰ ਸਿੰਘ ਬਿੱਟੂ,  ਪ੍ਰੀਤਇੰਦਰ ਸਿੰਘ ਸੰਮੇਵਾਲੀ ਤੇ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਵੀ ਸੰਬੋਧਨ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.