IMG-LOGO
ਹੋਮ ਪੰਜਾਬ, ਰਾਸ਼ਟਰੀ, ਵਿਓਪਾਰ, ਅੰਤਰ-ਰਾਸ਼ਟਰੀ ਟਰੇਡ ਸ਼ੋਅ-ਇੰਡਸਫੂਡ ਦੇ ਮੁੱਖ ਮਹਿਮਾਨ ਸੌਂਦ ਵੱਲੋਂ ਫੂਡ ਉਦਯੋਗ...

ਅੰਤਰ-ਰਾਸ਼ਟਰੀ ਟਰੇਡ ਸ਼ੋਅ-ਇੰਡਸਫੂਡ ਦੇ ਮੁੱਖ ਮਹਿਮਾਨ ਸੌਂਦ ਵੱਲੋਂ ਫੂਡ ਉਦਯੋਗ ਖੇਤਰ ਦੀਆਂ ਨਾਮੀ ਕੰਪਨੀਆਂ ਦੇ ਸੀ.ਈ.ਓਜ਼ ਦਾ ਸਨਮਾਨ, ਕਿਹਾ- ਪੰਜਾਬ ਦੀ ਧਰਤੀ ਵਪਾਰ ਲਈ ਸਭ...

Admin User - Jan 09, 2025 03:46 PM
IMG

.

 ਚੰਡੀਗੜ੍ਹ, 9 ਜਨਵਰੀ:  ਟਰੇਡ ਪ੍ਰਮੋਸ਼ਨ ਕੌਂਸਲ ਆਫ ਇੰਡੀਆ (ਟੀ.ਪੀ.ਸੀ.ਆਈ) ਵੱਲੋਂ ਨੌਇਡਾ ਵਿਖੇ ਕਰਵਾਏ ਗਏ ਅੰਤਰ-ਰਾਸ਼ਟਰੀ ਪੱਧਰ ਦੇ ਭਾਰਤ ਦੇ ਸਭ ਤੋਂ ਵੱਡੇ ਫੂਡ ਟਰੇਡ ਸ਼ੋਅ-ਇੰਡਸਫੂਡ ਦੌਰਾਨ ਆਪਣੇ ਸੰਬੋਧਨ ਵਿਚ ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਉਦਯੋਗ ਤੇ ਵਪਾਰ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਫੂਡ ਉਦਯੋਗ ਨਾਲ ਸਬੰਧਤ ਦੇਸ਼ ਵਿਦੇਸ਼ ਦੀਆਂ ਭਾਗ ਲੈਣ ਵਾਲੀਆਂ ਕੰਪਨੀਆਂ ਦੇ ਸੀ.ਈ.ਓਜ਼ ਅਤੇ ਡੈਲੀਗੇਟਾਂ ਨੂੰ ਪੰਜਾਬ ਦੀ ਨਿੱਘੀ ਆਓ ਭਗਤ ਮਾਨਣ ਲਈ ਸੂਬੇ 'ਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਵਪਾਰ ਤੇ ਉਦਯੋਗ ਲਈ ਸਭ ਤੋਂ ਉੱਤਮ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਅਤੇ ਸੰਤ-ਮਹਾਤਮਾਵਾਂ ਦੀ ਵਸਾਈ ਧਰਤੀ ਪੰਜਾਬ ਦਾ ਮਾਹੌਲ ਸ਼ਾਂਤੀ, ਭਾਈਚਾਰਕ ਸਾਂਝ ਅਤੇ ਖੁਸ਼ਹਾਲੀ ਭਰਪੂਰ ਹੈ ਅਤੇ ਇਹ ਮਾਹੌਲ ਵਪਾਰ ਤੇ ਉਦਯੋਗਾਂ ਦੀ ਪ੍ਰਫੁੱਲਤਾ ਲਈ ਪੂਰਾ ਢੁੱਕਵਾਂ ਅਤੇ ਸਾਜਗਾਰ ਹੈ। ਸੌਂਦ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਸੂਬੇ ਵਿਚਲੇ ਉਦਯੋਗਾਂ ਦੀ ਤਰੱਕੀ ਲਈ ਪੂਰੀ ਸੁਹਿਰਦਤਾ ਅਤੇ ਗੰਭੀਰਤਾ ਨਾਲ ਯਤਨ ਕਰ ਰਹੀ ਹੈ। 

ਜ਼ਿਕਰਯੋਗ ਹੈ ਕਿ ਇੰਡਸਫੂਡ ਵਿਚ ਫੂਡ ਉਦਯੋਗ ਨਾਲ ਸਬੰਧਤ 105 ਮੁਲਕਾਂ ਦੇ 3500 ਦੇ ਕਰੀਬ ਪ੍ਰਦਰਸ਼ਕਾਂ ਨੇ ਭਾਗ ਲਿਆ ਹੈ। ਇਸ ਸਮਾਗਮ ਵਿਖੇ ਮੁੱਖ ਮਹਿਮਾਨ ਵੱਜੋਂ ਪੁੱਜੇ ਪੰਜਾਬ ਦੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਨਾਮੀ ਕੰਪਨੀਆਂ ਦੇ ਸੀ.ਈ.ਓਜ਼ ਅਤੇ ਡੈਲੇਗੇਟਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਇਸ ਗੱਲ ਦੀ ਖੁਸ਼ੀ ਅਤੇ ਤਸੱਲੀ ਪ੍ਰਗਟਾਈ ਕਿ ਇੱਕੋ ਛੱਤ ਹੇਠਾਂ ਦੁਨੀਆਂ ਭਰ ਦੇ ਨਾਮੀਂ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਪੰਜਾਬ ਦੀਆਂ ਸਨਅਤ ਪੱਖੀ ਨੀਤੀਆਂ ਬਾਰੇ ਜਾਣੂੰ ਕਰਵਾਉਣ ਦਾ ਮੌਕਾ ਪ੍ਰਾਪਤ ਹੋਇਆ ਹੈ। 

ਇਸ ਮੌਕੇ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਹੁੰਦਿਆਂ ਸੌਂਦ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਆਉਂਦੇ ਨਵੰਬਰ ਮਹੀਨੇ ਪੰਜਾਬ ਵਿਚ ਇਸੇ ਤਰਜ਼ 'ਤੇ ਅੰਤਰ-ਰਾਸ਼ਟਰੀ ਫੂਡ ਫੈਸਟੀਵਲ ਕਰਵਾਉਣ ਦੀ ਯੋਜਨਾ ਹੈ, ਜਿਸ ਵਿਚ ਫੂਡ ਉਦਯੋਗ ਤੇ ਇਸ ਨਾਲ ਜੁੜੇ ਹੋਰ ਖੇਤਰਾਂ 'ਚ ਕਾਰਜਸ਼ੀਲ ਅੰਤਰ-ਰਾਸ਼ਟਰੀ ਕੰਪਨੀਆਂ ਨੂੰ ਬੁਲਾਇਆ ਜਾਵੇਗਾ। 

ਪੰਜਾਬ ਵਿਚ ਨਿਵੇਸ਼ ਲਈ ਇੱਛਾ ਜਾਹਿਰ ਕਰਨ ਵਾਲੀਆਂ ਕੰਪਨੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਿਵੇਸ਼ ਤੇ ਉਦਯੋਗਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਪ੍ਰਣਾਲੀ ਤੇ ਇੰਨਵੈਸਟ ਪੰਜਾਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। 

ਸੌਂਦ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਸੂਬੇ ਦੇ ਫੂਡ ਖੇਤਰ ਨੂੰ ਗਲੋਬਲ ਪੱਧਰ ਤੱਕ ਲਿਜਾਣਾ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਸੁਹਿਰਦ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵੇਰਕਾ, ਸੋਹਣਾ, ਫਾਈਵ ਰਿਵਰਜ਼ ਅਤੇ ਹੋਰ ਬਰਾਂਡਾਂ ਨੂੰ ਅੰਤਰ-ਰਾਸ਼ਟਰੀ ਪੱਧਰ 'ਤੇ ਸਥਾਪਤ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਅਤੇ ਕੌਮਾਂਤਰੀ ਪੱਧਰ ਉੱਤੇ ਹੁਣ ਪੰਜਾਬ ਦੇ ਉਤਪਾਦਾਂ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ। 

ਸੌਂਦ ਵੱਲੋਂ ਪੰਜਾਬ ਵਿਚ ਨਿਵੇਸ਼ ਦੀ ਇੱਛਾ ਪ੍ਰਗਟਾਉਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵੱਖਰੇ ਤੌਰ ਉੱਤੇ ਮੀਟਿੰਗ ਵੀ ਕੀਤੀ ਗਈ। ਉਨ੍ਹਾਂ ਨੇ ਟੀ.ਪੀ.ਸੀ.ਆਈ ਦੇ ਚੇਅਰਮੈਨ  ਮੋਹਿਤ ਸਿੰਗਲਾ ਨੂੰ ਅੰਤਰ-ਰਾਸ਼ਟਰੀ ਪੈਮਾਨੇ ਦਾ ਫੂਡ ਟਰੇਡ ਸ਼ੋਅ ਕਰਵਾਉਣ ਲਈ ਮੁਬਾਰਕਬਾਦ ਦਿੱਤੀ ਅਤੇ ਟੀ.ਪੀ.ਆਈ.ਸੀ ਦਾ ਪੰਜਾਬ ਚੈਪਟਰ ਬਣਾਉਣ ਲਈ ਵੀ ਆਖਿਆ। 

ਉਨ੍ਹਾਂ ਦੱਸਿਆ ਕਿ ਇਸ ਫੂਡ ਟਰੇਡ ਸ਼ੋਅ ਵਿਚ ਸ਼ਿਰਕਤ ਕਰਨ ਲਈ ਉਨ੍ਹਾਂ ਨੂੰ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾਂ ਵੱਲੋਂ ਪ੍ਰੇਰਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਸਮਾਗਮ ਵਿੱਚ ਪੁੱਜ ਕੇ ਬਹੁਤ ਸਾਰੀਆਂ ਕੌਮਾਂਤਰੀ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਉਦਯੋਗਪਤੀਆਂ ਨੂੰ ਮਿਲਕੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਸੌਂਦ ਨੇ ਇਸ ਮੌਕੇ ਕੇਂਦਰੀ ਵਣਜ ਮੰਤਰਾਲੇ ਦੇ ਡਾਇਰੈਕਟਰ ਮੋਨਿਕਾ ਗੌੜ ਦਾ ਖਾਸ ਧੰਨਵਾਦ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.