ਤਾਜਾ ਖਬਰਾਂ
.
ਨਵੀਂ ਦਿੱਲੀ- ਬੰਗਲਾਦੇਸ਼ ਦੀ ਯੂਨਸ ਸਰਕਾਰ ਨੇ ਮੰਗਲਵਾਰ ਨੂੰ ਜੁਲਾਈ 'ਚ ਹੋਈ ਹਿੰਸਾ ਕਾਰਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਮੇਤ 97 ਲੋਕਾਂ ਦੇ ਪਾਸਪੋਰਟ ਰੱਦ ਕਰ ਦਿੱਤੇ। ਬੰਗਲਾਦੇਸ਼ ਦੀ ਸਮਾਚਾਰ ਏਜੰਸੀ ਬੀਐੱਸਐੱਸ ਮੁਤਾਬਕ ਇਨ੍ਹਾਂ 'ਚੋਂ 22 ਪਾਸਪੋਰਟ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨੂੰ ਜ਼ਬਰਦਸਤੀ ਗਾਇਬ ਕਰ ਦਿੱਤਾ ਗਿਆ ਸੀ, ਜਦਕਿ ਸ਼ੇਖ ਹਸੀਨਾ ਸਮੇਤ 75 ਲੋਕਾਂ ਦੇ ਪਾਸਪੋਰਟ ਜੁਲਾਈ 'ਚ ਹੋਈਆਂ ਹੱਤਿਆਵਾਂ 'ਚ ਸ਼ਾਮਲ ਹੋਣ ਕਾਰਨ ਰੱਦ ਕਰ ਦਿੱਤੇ ਗਏ ਸਨ।
ਸ਼ੇਖ ਹਸੀਨਾ ਦਾ ਪਾਸਪੋਰਟ ਰੱਦ ਹੋਣ ਤੋਂ ਕੁਝ ਸਮੇਂ ਬਾਅਦ ਹੀ ਭਾਰਤ ਸਰਕਾਰ ਨੇ ਉਨ੍ਹਾਂ ਦਾ ਵੀਜ਼ਾ ਵਧਾ ਦਿੱਤਾ ਸੀ। ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਹਸੀਨਾ ਨੂੰ ਬੰਗਲਾਦੇਸ਼ ਡਿਪੋਰਟ ਨਹੀਂ ਕਰੇਗਾ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਨੇ ਉਨ੍ਹਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਟ੍ਰਿਬਿਊਨਲ ਨੇ ਹਸੀਨਾ ਨੂੰ 12 ਫਰਵਰੀ ਤੱਕ ਆਪਣੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਵੀ ਭਾਰਤ ਨੂੰ ਹਸੀਨਾ ਨੂੰ ਡਿਪੋਰਟ ਕਰਨ ਦੀ ਅਪੀਲ ਕੀਤੀ ਹੈ।
ਬੰਗਲਾਦੇਸ਼ ਦੇ ਸੁਤੰਤਰ ਜਾਂਚ ਕਮਿਸ਼ਨ ਦੇ ਮੁਖੀ ਮੇਜਰ ਜਨਰਲ ਫਜ਼ਲੁਰ ਰਹਿਮਾਨ ਦਾ ਕਹਿਣਾ ਹੈ ਕਿ ਜੇਕਰ ਭਾਰਤ ਸ਼ੇਖ ਹਸੀਨਾ ਨੂੰ ਡਿਪੋਰਟ ਨਹੀਂ ਕਰਦਾ ਤਾਂ ਕਮਿਸ਼ਨ ਭਾਰਤ ਆ ਕੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਲਈ ਤਿਆਰ ਹੈ। ਦਰਅਸਲ 5 ਅਗਸਤ ਨੂੰ ਤਖਤਾਪਲਟ ਤੋਂ ਬਾਅਦ ਸ਼ੇਖ ਹਸੀਨਾ ਨੇ ਭੱਜ ਕੇ ਭਾਰਤ 'ਚ ਸ਼ਰਨ ਲਈ ਸੀ। ਉਹ ਉਦੋਂ ਤੋਂ ਹੀ ਇੱਥੇ ਹਨ । ਬੰਗਲਾਦੇਸ਼ 'ਚ ਤਖਤਾਪਲਟ ਤੋਂ ਬਾਅਦ ਬਣੀ ਯੂਨਸ ਸਰਕਾਰ ਨੇ ਹਸੀਨਾ ਖਿਲਾਫ ਕਤਲ, ਅਗਵਾ ਤੋਂ ਲੈ ਕੇ ਦੇਸ਼ਧ੍ਰੋਹ ਤੱਕ ਦੇ 225 ਤੋਂ ਵੱਧ ਮਾਮਲੇ ਦਰਜ ਕੀਤੇ ਹਨ।
Get all latest content delivered to your email a few times a month.