ਤਾਜਾ ਖਬਰਾਂ
.
ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਬੱਸ ਅੱਡਾ ਭਾਣੋ ਲੰਗਾ ਵਿਖੇ ਬੀਤੀ ਦੇਰ ਰਾਤ 12 ਤੋ 1 ਵਜੇ ਦੇ ਕਰੀਬ ਇੱਕ ਮੈਡੀਕਲ ਸਟੋਰ 'ਤੇ ਚੋਰੀ ਕਰਨ ਆਏ ਚੋਰਾਂ ਦਾ ਪਤਾ ਲੱਗਣ 'ਤੇ ਮੌਕੇ 'ਤੇ ਪੁੱਜੇ ਦੁਕਾਨ ਮਾਲਕ ਤੇ ਚੋਰਾਂ ਵਿਚਕਾਰ ਹੋਈ ਹੱਥੋਂ ਪਾਈ ਵਿੱਚ ਦੁਕਾਨ ਮਾਲਕ ਤੇ ਚੋਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਚਰਨ ਸਿੰਘ ਦੇ ਪੁੱਤਰ ਪਵਨਦੀਪ ਸਿੰਘ ਨੇ ਦੱਸਿਆ ਕਿ ਉਨਾਂ ਨੂੰ CCTV ਕੈਮਰੇ ਰਾਹੀਂ ਪਤਾ ਲੱਗਾ ਕਿ ਉਨਾਂ ਦੀ ਦੁਕਾਨ ਤੇ ਚੋਰ ਪੈ ਗਏ ਹਨ। ਜਿਸ 'ਤੇ ਦੁਕਾਨ ਮਾਲਕ ਗੁਰਚਰਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਾਜੀਆਂ ਤੇ ਉਸਦਾ ਲੜਕਾ ਪਵਨਦੀਪ ਸਿੰਘ ਜਦੋਂ ਮੌਕੇ ਤੇ ਪੁੱਜੇ ਤਾਂ ਚੋਰ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਦੁਕਾਨ ਮਾਲਕ ਨੇ ਆਪਣੀ ਰਾਫਲ ਨਾਲ ਚੋਰ ਤੇ ਬੱਟ ਨਾਲ ਹਮਲਾ ਕੀਤਾ ਇਸ ਮੌਕੇ ਚੋਰਾਂ ਨਾਲ ਗੁੱਥਮਗੁੱਥਾ ਹੋਏ ਦੌਰਾਨ ਦੁਕਾਨ ਮਾਲਕ ਵਲੋਂ ਚਲਾਈ ਹੋਈ ਗੋਲੀ ਦੁਕਾਨ ਮਾਲਕ ਦੇ ਹੀ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਜ਼ਖ਼ਮੀ ਹੋਏ ਚੋਰ ਨੇ ਵੀ ਦਮ ਤੋੜ ਦਿੱਤਾ। ਦੁਕਾਨ ਮਾਲਕ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਕਥਿਤ ਚੋਰ ਦੀ ਮ੍ਰਿਤਕ ਲਾਸ਼ ਨੂੰ ਵੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਚ ਰਖਵਾ ਦਿੱਤਾ ਗਿਆ। ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਿਊਟੀ ਡਾਕਟਰ ਆਸ਼ੀਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਦੇਰ ਰਾਤ ਇੱਕ ਮਰੀਜ਼ ਨੂੰ ਲੈ ਕੇ ਆਏ ਸੀ ਜਿਸ ਦੇ ਗੋਲ਼ੀ ਵੱਜੀ ਹੋਈ ਸੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਿਸ ਦੀ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਟੀਮ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਸਬੰਧੀ ਜਦੋਂ ਡੀ ਐਸ ਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
Get all latest content delivered to your email a few times a month.