ਤਾਜਾ ਖਬਰਾਂ
.
ਬਟਾਲਾ : ਪਿੰਡ ਮਚਰਾਏ ਵਿੱਚ ਬੀਤੀ ਰਾਤ ਮੋਟਰਸਾਈਕਲ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਡੇਅਰੀ ਮਾਲਕ ’ਤੇ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਡੇਅਰੀ ਮਾਲਕ ਨੂੰ ਦੋ ਗੋਲੀਆਂ ਲੱਗੀਆਂ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਗੋਲੀਬਾਰੀ ਦਾ ਕਾਰਨ ਦੋਵਾਂ ਧਿਰਾਂ ਦੀ ਦੁਸ਼ਮਣੀ ਦੱਸੀ ਜਾ ਰਹੀ ਹੈ। ਜ਼ਖ਼ਮੀ ਦੀ ਪਛਾਣ ਗੁਰਸੇਵਕ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮਚਰਾਏ ਵਜੋਂ ਹੋਈ ਹੈ। ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਸਮੇਤ ਚਾਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਇਸ ਕੇਸ ਵਿੱਚ ਨਾਮਜ਼ਦ ਮੁੱਖ ਮੁਲਜ਼ਮ ਪਹਿਲਾਂ ਹੀ ਇੱਕ ਕਤਲ ਕੇਸ ਵਿੱਚ ਫਰੀਦਕੋਟ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਏਐੱਸਆਈ ਅਤੇ ਜਾਂਚ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਗੁਰਸੇਵਕ ਸਿੰਘ ਦੀ ਪਤਨੀ ਲਵਦੀਪ ਕੌਰ ਨੇ ਦੱਸਿਆ ਹੈ ਕਿ ਉਸ ਦਾ ਪਤੀ ਗੁਰਸੇਵਕ ਸਿੰਘ ਡੇਅਰੀ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਜਦ ਉਹ ਡੇਅਰੀ ਦੇ ਬਾਹਰ ਅੱਗ ਸੇਕ ਰਿਹਾ ਸੀ ਤਾਂ ਮੋਟਰਸਾਈਕਲ ਤੇ ਆਏ ਤਿੰਨ ਅਣਪਛਾਤੇ ਨਕਾਬਪੋਸ਼ਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਤਾਂ ਉਸ ਨੇ ਆਪਣੇ ਪਤੀ ਗੁਰਸੇਵਕ ਨੂੰ ਖੂਨ ਨਾਲ ਲੱਥਪੱਥ ਦੇਖਿਆ। ਉਸ ਦੀ ਲੱਤ ਅਤੇ ਮੋਢੇ ’ਤੇ ਗੋਲੀ ਲੱਗੀ ਸੀ। ਉਸ ਨੇ ਦੱਸਿਆ ਕਿ ਇਸ ਹਮਲੇ ਦਾ ਕਾਰਨ ਰੰਜਿਸ਼ ਸੀ। ਗੁਰਸੇਵਕ ਸਿੰਘ ਦੇ ਇਸ ਕੇਸ ਦੇ ਮੁੱਖ ਮੁਲਜ਼ਮ ਕੁਲਦੀਪ ਸਿੰਘ ਵਾਸੀ ਧੀਰੋਵਾਲੀ ਜੋ ਇਸ ਵੇਲੇ ਜੇਲ ਵਿੱਚ ਬੰਦ ਹੈ, ਦੀ ਪਤਨੀ ਨਾਲ ਸਬੰਧ ਸਨ। ਇਸ ਤੋਂ ਪਹਿਲਾਂ ਕੁਲਦੀਪ ਸਿੰਘ ਨੇ ਉਸ ਦੇ ਪਤੀ ਗੁਰਸੇਵਕ ਨੂੰ ਇੰਸਟਾਗ੍ਰਾਮ ’ਤੇ ਫੋਨ ਕਰ ਕੇ ਧਮਕੀ ਦਿੱਤੀ ਸੀ। ਇਸੇ ਰੰਜਿਸ਼ ਕਾਰਨ ਉਸ ਦੇ ਪਤੀ 'ਤੇ ਗੋਲੀਆਂ ਚਲਾਈਆਂ ਗਈਆਂ ਹਨ।
ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵਾਸੀ ਧੀਰੋਵਾਲ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਥਾਣਾ ਸ੍ਰੀ ਹਰਗੋਬਿੰਦਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਮੁੱਖ ਮੁਲਜ਼ਮ ਕੁਲਦੀਪ ਸਿੰਘ ਜੋ ਕਿ ਇਸ ਸਮੇਂ ਫਰੀਦਕੋਟ ਜੇਲ 'ਚ ਇਕ ਕਤਲ ਕੇਸ 'ਚ ਸਜ਼ਾ ਕੱਟ ਰਿਹਾ ਹੈ, ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
Get all latest content delivered to your email a few times a month.