ਤਾਜਾ ਖਬਰਾਂ
.
ਮਾਨਸਾ, 8 ਜਨਵਰੀ-(ਜੋਗਿੰਦਰ ਸਿੰਘ ਮਾਨ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 9 ਜਨਵਰੀ ਨੂੰ ਮੋਗਾ ਵਿਖੇ ਹੋ ਰਹੀ ਕਿਸਾਨ ਮਹਾਂ ਪੰਚਾਇਤ ਲਈ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਦਾ ਕਹਿਣਾ ਹੈ ਕਿ ਇਸ ਮਹਾਂ ਪੰਚਾਇਤ ਲਈ ਸਭ ਤਰ੍ਹਾਂ ਦੇ ਬੰਦੋਬਸ਼ਤ ਸੰਪੂਰਨ ਹੋਣ ਦੀਆਂ ਰਿਪੋਰਟਾਂ ਸਾਰੀਆਂ ਜਥੇਬੰਦੀਆਂ ਦੇ ਸੂਬਾ ਪ੍ਰਧਾਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮਹਾਂ ਪੰਚਾਇਤ ਦੌਰਾਨ ਵੱਖ-ਵੱਖ ਜਥੇਬੰਦੀਆਂ ਦੀਆਂ ਲੰਗਰ,ਚਾਹ,ਪੰਡਾਲ,ਸਪੀਕਰ,ਬਿਜਲੀ,ਪਾਣੀ ਦੀਆਂ ਡਿਊਟੀਆਂ ਸਾਂਭੀਆਂ ਹੋਈਆਂ ਹਨ, ਜਿਸ ਲਈ ਅੱਜ ਸ਼ਾਮ ਨੂੰ ਪ੍ਰਬੰਧਕਾਂ ਵੱਲੋਂ ਹਾਮੀ ਭਰੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂ ਪੰਚਾਇਤ ਵਿੱਚ ਇੱਕ ਲੱਖ ਤੋਂ ਵੱਧ ਕਿਸਾਨਾਂ,ਮਜ਼ਦੂਰਾਂ,ਨੌਜ਼ਵਾਨਾਂ ਅਤੇ ਬੀਬੀਆਂ ਦੇ ਬੈਠਣ ਦਾ ਬੰਦੋਬਸ਼ਤ ਕੀਤਾ ਗਿਆ ਹੈ ਅਤੇ ਐਨੇ ਲੋਕਾਂ ਲਈ ਹੀ ਚਾਹ-ਪਾਣੀ ਅਤੇ ਲੰਗਰ ਦੇ ਥਾਂ-ਥਾਂ ’ਤੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਠੰਡ ਦਾ ਮੌਸਮ ਹੋਣ ਕਾਰਨ ਕਿਸਾਨਾਂ ਨੂੰ ਬੱਸਾਂ,ਵੈਨਾਂ,ਜੀਪਾਂ,ਕਾਰਾਂ ਅਤੇ ਹੋਰ ਆਪੋ-ਆਪਣੇ ਸਾਧਨਾਂ ਰਾਹੀਂ ਆਉਣ ਲਈ ਵਿਸ਼ੇਸ ਤੌਰ ’ਤੇ ਪ੍ਰੇਰਿਆ ਗਿਆ ਹੈ।
ਅੱਜ ਦੇਰ ਸ਼ਾਮ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਇਸ ਮਹਾਂ ਪੰਚਾਇਤ ਵਿੱਚ ਖੇਤੀ ਖਰੜਾ ਨੀਤੀ ਨੂੰ ਰੱਦ ਕਰਨ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਦਾ ਕਿਸਾਨਾਂ ਨੂੰ ਜਥੇਬੰਦਕ ਆਗੂਆਂ ਵੱਲੋਂ ਭਰੋਸਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਹਾਂ ਪੰਚਾਇਤ ਨਵੀਂ ਖੇਤੀ ਖਰੜੇ ਸਮੇਤ ਕੇਂਦਰ ਸਰਕਾਰ ਵੱਲੋਂ ਰੋਕੀਆਂ ਹੋਈਆਂ ਕਿਸਾਨਾਂ ਦੀਆਂ ਮੰਗਾਂ ਲਈ ਸੰਘਰਸ਼ ਨੂੰ ਹੋਰ ਪੱਕੇ ਪੈਰੀਂ ਕਰਨ ਦਾ ਨਿਰੰਤਰ ਹੋਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾਂ ਪੰਚਾਇਤ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਕੇਂਦਰ ਸਰਕਾਰ ਨੂੰ ਘੇਰਨ ਵਾਸਤੇ ਨਵੇਂ ਤਰ੍ਹਾਂ ਦੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦੇਵੇਗੀ। ਉਨ੍ਹਾਂ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਵਾਂਗ ਖੇਤੀ ਮੰਡੀ ਨੀਤੀ ਖਰੜਾ ਸੰਘਰਸ਼ ਵਿੱਚ ਵੀ ਕਿਸਾਨਾਂ ਦੀ ਜਿੱਤ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾਂ ਵਾਂਗ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਲਈ ਦੇਸ਼ ਭਰ ਦੇ ਕਿਸਾਨ ਆਗੂ ਅਡੋਲ ਖੜ੍ਹੇ ਹਨ ਅਤੇ ਕੇਂਦਰ ਸਰਕਾਰ ਉਨ੍ਹਾਂ ਨੂੰ ਪਾਟਣ ਲਈ ਬੇਸ਼ੱਕ ਲੱਖ ਉਪਰਾਲੇ ਕਰ ਰਹੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜੇਕਰ ਕੁੱਝ ਹੋ ਜਾਂਦਾ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਅਤੇ ਕੇਂਦਰ ਵਿਰੁੱਧ ਦੁਨੀਆ ਭਰ ’ਚੋਂ ਲੋਕਾਂ ਦਾ ਰੋਹ ਪਹਿਲਾਂ ਵਰਗੇ ਕਿਸਾਨ ਅੰਦੋਲਨ ਵਾਂਗ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਕਿਸਾਨਾਂ ਦੀ ਲੜਾਈ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ।
Get all latest content delivered to your email a few times a month.