IMG-LOGO
ਹੋਮ ਵਿਰਾਸਤ: ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ...

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ

Admin User - Jan 06, 2025 09:57 AM
IMG

.

ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖਸੀਅਤ ਨੂੰ ਸ਼ਬਦਾਂ ਜਰੀਏ ਚਿੱਤਵਿਆ ਨਹੀਂ ਜਾ ਸਕਦਾ । ਗੁਰੂ ਸਾਹਿਬ ਸਬੰਧੀ ਅੱਲਾ ਯਾਰ ਖਾਂ ਜੋਗੀ ਵਰਗੇ ਆਲਮ ਫਾਜ਼ਲ ਸ਼ਾਇਰ ਨੇ ਲਿਖਿਐ ,

'ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ਼ ਵੁਹ ਕਮ ਹੈ, ਹਰਚੰਦ ਮੇਰੇ ਹਾਥ ਮੇ ਪੁਰਜੋਰ ਕਲਮ ਹੈ, 

ਸਤਿਗੁਰ ਕੇ ਲਿਖੂੰ ਵਸਫ਼ ਕਹਾਂ ਤਾਬੇ ਰਕਮ ਹੈ, 

ਗੁਰੂ ਜੀ ਦਾ ਜਨਮ ਪੰਜਾਬ ਤੋਂ ਬਾਹਰ ਬਿਹਾਰ ਦੇ ਸ਼ਹਿਰ ਪਟਨੇ ਦੀ ਧਰਤੀ 'ਤੇ ਹੋਇਆ । ਇਹ ਵੀ ਇੱਕ ਕੌਤਕ ਹੀ ਸੀ ਕਿ ਸਾਡੇ ਦਸ ਗੁਰੂ ਸਾਹਿਬਾਨਾਂ ਵਿੱਚੋਂ ਇਕੱਲੇ ਦਸਮ ਪਿਤਾ ਹੀ ਪੰਜਾਬ ਦੀ ਧਰਤੀ ਤੋਂ ਬਾਹਰ ਦੇ ਜੰਮਪਲ਼ ਸਨ । ਇਹ ਸਹਿਤ ਭਾਸ਼ਾ ਤੇ ਭੰਗੋਲਿਕਤਾ ਤੋਂ ਬਾਹਰ ਦੀ ਗੱਲ ਹੈ ਕਿ ਭਾਰਤ ਧਰਤੀ ਨੇ ਕੋਈ ਚੰਗੇ ਕਰਮ ਜਾਂ ਵੱਡੀ ਤਪੱਸਿਆ ਕੀਤੀ ਹੋਵੇਗੀ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੀ ਸ਼ਖਸੀਅਤ ਨੇ ਜਨਮ ਲਿਆ । ਗੁਰੂ ਸਾਹਿਬ ਸੰਬੰਧਿਤ ਬਚਪਨ ਦੀਆਂ ਸਾਖੀਆਂ ਵੀ ਇਹ ਸਿੱਧ ਕਰਦੀਆਂ ਹਨ ਕਿ ਉਨ੍ਹਾਂ ਨੇ ਉਸ ਵੇਲੇ ਕਿੱਡਾ ਵੱਡਾ ਸੰਕੇਤ ਦੇ ਦਿੱਤਾ । ਜਦ ਗੁਰੂ ਜੀ ਦਾ ਇੱਕ ਕੰਗਣ ਗੰਗਾ ਨਦੀ ਵਿੱਚ ਡਿੱਗ ਗਿਆ ਤਾਂ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੰਗਣ ਕਿੱਥੇ ਹੈ ਤਾਂ ਬਾਲ ਗੋਬਿੰਦ ਨੇ ਝੱਟ ਆਖ ਦਿੱਤਾ ਚਲੋ ਮੇਰੇ ਨਾਲ, ਦੱਸਦਾ ਹਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਗੰਗਾ ਦੇ ਕਿਨਾਰੇ ਤੇ ਲਿਆ ਖੜਾ ਕਰ ਦਿੱਤਾ ਅਤੇ ਆਪਣਾ ਦੂਜਾ ਕੰਗਣ ਹੱਥ ਵਿੱਚੋਂ ਕੱਢ ਗੰਗਾ ਵਿੱਚ ਛੁੱਟ ਦਿੱਤਾ ਤੇ ਆਖ ਦਿੱਤਾ ਇੱਥੇ ਹੈ । ਸਾਰੇ ਹੈਰਾਨ ਹੋਏ ਇੱਕ ਕੰਗਣ ਤਾਂ ਗੁੰਮ ਹੋਇਆ ਹੀ ਸੀ ਗੁਰੂ ਜੀ ਨੇ ਦੂਜਾ ਵੀ ਗੰਗਾ ਵਿੱਚ ਸੁੱਟ ਦਿੱਤਾ । ਕਿਸੇ ਨੂੰ ਕੁਝ ਸਮਝ ਨਾ ਆਇਆ ਪਰ ਗੁਰੂ ਸਾਹਿਬ ਨੇ ਬਾਲ ਅਵਸਥਾ ਵਿੱਚ ਹੀ ਦੁਨੀਆਂ ਨੂੰ ਦੱਸ ਦਿੱਤਾ ਸੀ ਕਿ ਸੰਸਾਰ ਰੂਪੀ ਪਦਾਰਥਾਂ ਦੀ ਮੇਰੇ ਕੋਲ ਕੋਈ ਕੀਮਤ ਨਹੀਂ ਇਹ ਸੋਨਾ ਰੂਪੀ ਕੰਗਣ ਦੀ ਕੀਮਤ ਤੁਹਾਡੇ ਕੋਲ ਹੋਵੇਗੀ । ਉਨ੍ਹਾਂ ਨੇ ਵੱਡੇ ਤਿਆਗੀ ਹੋਣ ਦਾ ਸੁਨੇਹਾ ਉਸ ਵੇਲੇ ਹੀ ਸਾਨੂੰ ਦੇ ਦਿੱਤਾ ਸੀ । ਗੁਰੂ ਸਾਹਿਬ ਦਾ ਦੂਜਾ ਇਮਤਿਹਾਨ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਸਮੇਂ ਦੁਵਿਧਾ ਵਿੱਚੋਂ ਕੱਢ ਇੱਕਦਮ ਉਨ੍ਹਾਂ ਦੀ ਰੱਖਿਆ ਖਾਤਰ ਕੁਰਬਾਨੀ ਕਰਨ ਲਈ ਆਪਣੇ ਪਿਤਾ ਜੀ ਨੂੰ ਆਖਣਾ ਸੀ ਕਿ ਤੁਹਾਡੇ ਤੋਂ ਬਲੀ ਹੋਰ ਕੌਣ ਹੋ ਸਕਦਾ ਹੈ । ਗੁਰੂ ਜੀ ਦਾ ਇਹ ਸੰਦੇਸ਼ ਲੁਕਾਈ ਦੀ ਰੱਖਿਆ ਲਈ ਕੀਤੀ ਜਾ ਰਹੀ ਵੱਡੀ ਤੋਂ ਵੱਡੀ ਕੁਰਬਾਨੀ ਮੌਕੇ ਦਿੱਤਾ ਜਾ ਸਕਦਾ ਹੈ । 

ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕੁਦਰਤ ਨਾਲ ਜੋੜ ਕੇ ਰੱਖਿਆ । ਉਨ੍ਹਾਂ ਨੇ ਮਨੁੱਖ ਜਾਤੀ ਨੂੰ ਖਾਲਸ ਰੂਪ ਬਖਸ਼ ਕੇ ਸਭ ਤੋਂ ਪਹਿਲਾਂ ਕੁਦਰਤੀ ਨਿਯਮਾਂ ਦੀ ਪਾਲਣਾ ਕੀਤੀ । ਖਾਲਸਾ ਪੰਥ ਦੀ ਇਹ ਇੱਕ ਵਿਲੱਖਣਤਾ ਹੈ ਜੋ ਸਾਰੇ ਧਰਮਾਂ ਨਾਲੋਂ ਇਸ ਨੂੰ ਵੱਖਰਾ ਕਰਦੀ ਹੈ । ਉਸ ਸਮੇਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਜਾਤ-ਪਾਤ ਵਿੱਚ ਹੋਣਾ ਸੀ । ਉਨ੍ਹਾਂ ਨੇ ਜਦੋਂ ਪੰਡਤਾਂ ਨਾਲ ਬੈਠ ਹਵਨ ਕੀਤਾ ਅਤੇ ਆਖਿਆ ਕਿ ਦੈਵੀ ਸ਼ਕਤੀਆਂ ਦੇ ਨਾਲ ਅਸੀਂ ਅਤੇ ਸਾਡੇ ਧਰਮ ਜਿਉਂਦੇ ਨਹੀਂ ਰਹਿ ਸਕਦੇ । ਇੱਥੇ ਸਾਨੂੰ ਤਲਵਾਰ ਰੂਪੀ ਦੈਵੀ ਦੀ ਪੂਜਾ ਜਰੂਰੀ ਹੈ । ਖਾਲਸਾ ਪੰਥ ਦੀ ਸਥਾਪਨਾ ਨੇ ਇੱਕੋ ਝਟਕੇ ਨਾਲ ਸੁੱਤੇ ਹਿੰਦੁਸਤਾਨ ਨੂੰ ਇੱਕਮੁੱਠ ਕਰ ਦਿੱਤਾ । ਜਾਤ ਪਾਤ ਦਾ ਖਾਤਮਾ, ਪੰਚ ਸਿਧਾਂਤ ਦੀ ਪਾਲਣਾ ਨਾਲ ਕੀਤਾ । ਦੁਨੀਆਂ ਦੀ ਇਸ ਤੋਂ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਹੈ ਕਿ ਗੁਰੂ ਸਾਹਿਬ ਲੋਕਰਾਜੀ ਸਿਧਾਂਤ ਦੇ ਕਿੰਨੇ ਹਾਮੀ ਸਨ । ਪੰਜ ਪਿਆਰਿਆਂ ਦੀ ਚੋਣ ਤੇ ਪੰਜ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਦਿੱਤਾ । ਜਿਸ ਦਾ ਅਰਥ ਪੂਰੇ ਅੰਬਰ ਦੀ ਤਾਕਤ, ਪੂਰੇ ਬ੍ਰਹਿਮੰਡ ਦੀ ਸ਼ਕਤੀ ਪੰਜਾਂ ਪਿਆਰਿਆਂ ਨੂੰ ਛਕਾ ਦਿੱਤੀ ਸੀ‌ । ਉਸ ਨਾਲੋਂ ਵੀ ਵੱਡੀ ਗੱਲ ਪੰਚਮ ਸਿਧਾਂਤ ਅਨੁਸਾਰ ਉਨ੍ਹਾਂ ਤੋਂ ਖੁਦ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ । 

'ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ 

 ਵਾਹੁ-ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ 

ਉਹ ਕਿਹੜੀ ਕੁਰਬਾਨੀ ਹੈ ਜਿਹੜੀ ਖਾਲਸੇ ਨੇ ਨਹੀਂ ਕੀਤੀ । ਹਜ਼ਾਰਾਂ ਨਹੀਂ, ਲੱਖਾਂ ਕੁਰਬਾਨੀਆਂ ਦੇਣ ਵਾਲਾ ਖਾਲਸਾ ਅੱਜ ਤੱਕ ਕਿਸੇ ਜ਼ੁਲਮ ਅੱਗੇ ਈਨ ਮੰਨਦਾ ਨਹੀਂ ਵੇਖਿਆ । ਕਦੇ ਖਾਲਸੇ ਨੇ ਡਰ ਨਾਲ ਆਪਣਾ ਧਰਮ ਤਬਦੀਲ ਨਹੀਂ ਕੀਤਾ ਇਸ ਨਾਲੋ ਖਾਲਸੇ ਦੀ ਵੱਡੀ ਜਿੱਤ ਹੋਰ ਕੀ ਹੋ ਸਕਦੀ ਹੈ ਕਿ ਖੰਡੇ ਬਾਟੇ ਦੀ ਪਾਹੁਲ ਨੇ 65 ਕੁ ਸਾਲਾਂ ਵਿੱਚ ਖਾਲਸੇ ਦਾ ਝੰਡਾ ਲਾਹੌਰ ਤੇ ਝੁਲਾ ਦਿੱਤਾ ਸੀ । ਗੁਰੂ ਸਾਹਿਬ ਦੇ ਅੰਮ੍ਰਿਤ ਵਿੱਚ ਅੰਤਾਂ ਦੀ ਸਕਤੀ ਸੀ ਜਿਸ ਨੂੰ ਛਕ ਕੇ ਮੌਤ ਨੂੰ ਮਖੌਲ ਕਰਨ ਵਾਲੀ ਬਖਸ਼ੀ ਧਾਰਨਾ ਨੂੰ ਪੱਕੇ ਕਰ ਦਿੱਤਾ ਸੀ । ਗੁਰੂ ਸਾਹਿਬ ਵੱਲੋਂ ਖਾਲਸੇ ਨੂੰ ਬਖਸ਼ੀ ਪੋਸ਼ਾਕ ਵੀ ਕਮਾਲ ਦੀ ਹੈ । ਉਨ੍ਹਾਂ ਅੱਗੇ ਆਖਿਆ, 

'ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ,

ਗੁਰੂ ਸਾਹਿਬ ਦੀ ਇਹ ਧਾਰਨਾ ਵੀ ਇੱਕ ਦਿਨ ਜ਼ਰੂਰ ਪੂਰੀ ਹੋਵੇਗੀ, ਕਿਉਂਕਿ ਅੱਜ ਮਨੁੱਖ ਦਿਖਾਵੇ ਦੀ ਜ਼ਿੰਦਗੀ ਜਿਉ ਰਿਹਾ ਹੈ । ਮਨੁੱਖ ਜਾਤੀ ਅੰਦਰ ਹਜ਼ਾਰਾਂ ਹੀ ਕਮਜ਼ੋਰੀਆਂ ਆ ਗਈਆਂ ਹਨ ਜਦੋਂ ਮਨੁੱਖ ਨੂੰ ਇਹ ਸਮਝ ਆ ਜਾਵੇਗੀ ਕਿ ਭੈੜੇ ਤੇ ਬਨਾਵਟੀ ਗੁਣਾਂ ਵਾਲੀ ਜ਼ਿੰਦਗੀ ਨਾਲੋਂ ਅਸਲੀ ਤੇ ਕੁਦਰਤੀ ਨਿਯਮਾਂ ਵਿੱਚ ਰਹਿਣ ਵਾਲੀ ਜਿੰਦਗੀ ਹਜ਼ਾਰਾਂ ਗੁਣਾਂ ਚੰਗੀ ਹੈ । ਜਦੋਂ ਅਜਿਹੀ ਸੋਚ ਦੇ ਲੋਕ ਰਾਜ ਕਰਨ ਲੱਗ ਜਾਣਗੇ ਤਾਂ ਉਸ ਸਮੇਂ ਗੁਰੂ ਸਾਹਿਬ ਦੀ ਭਵਿੱਖਬਾਣੀ ਸੱਚ ਸਾਬਤ ਹੋਵੇਗੀ । 

ਗੁਰੂ ਜੀ ਦੇ ਵਿੱਚ ਯੁੱਧ ਕਲਾ ਦਾ ਨਮੂਨਾ ਦੁਨੀਆਂ ਵਿੱਚ ਕਿਤੇ ਹੋਰ ਨਹੀਂ ਮਿਲਦਾ, ਕਿੰਨੇ ਹੀ ਯੁੱਧ ਉਨ੍ਹਾਂ ਆਪਣੀ ਯੁੱਧ ਨੀਤੀ ਕਰਕੇ ਜਿੱਤੇ ਸਨ ਅਤੇ ਕਦੇ ਹਾਰ ਨਹੀਂ ਮੰਨੀ । ਪੂਰੇ ਭਾਰਤ ਵਿੱਚ ਸਾਰੇ ਸੂਬਿਆਂ ਦੇ ਅਧੀਨ ਰਾਜਿਆਂ ਸਮੇਤ 10 ਲੱਖ ਸੈਨਾ ਦਾ ਮੁਕਾਬਲਾ ਗੁਰੂ ਸਾਹਿਬ ਨੇ ਪੰਜ ਸਿੰਘਾਂ ਤੋਂ ਕਰਵਾ ਦਿੱਤਾ । ਇਥੇ ਕਈ ਲੋਕ ਮੈਦਾਨ ਵਿੱਚ 10 ਲੱਖ ਫੌਜ ਦੀ ਗਿਣਤੀ ਨੂੰ ਮੰਨ ਲੈਂਦੇ ਹਨ ਪਰ ਇਹ ਅਜਿਹੀ ਗੱਲ ਨਹੀਂ ਸੀ । ਗੁਰੂ ਸਾਹਿਬ ਦੇ ਅਰਥ ਸਨ ਕਿ 10 ਲੱਖ ਫੌਜ ਦੀ ਗਿਣਤੀ ਨਹੀਂ ਬਲਕਿ ਪੂਰੀ ਤਾਕਤ ਦੀ ਗੱਲ ਸੀ । ਜਿਵੇਂ ਹੁਣ ਸਾਡੇ ਭਾਰਤ ਕੋਲ 12 ਲੱਖ ਫੌਜ ਹੈ ਅਤੇ ਜੋ ਇੱਕ ਥਾਂ ਕਦੇ ਵੀ ਇਕੱਠੀ ਨਹੀਂ ਹੁੰਦੀ ਪਰ ਉਸ ਦੀ ਪੂਰੀ ਤਾਕਤ ਦਾ ਕੇਂਦਰ ਬਿੰਦੂ ਤਾਂ ਇੱਕ ਹੀ ਹੈ । ਗੁਰੂ ਸਾਹਿਬ ਨੇ ਇੱਕੋ ਝਟਕੇ ਨਾਲ ਭਾਰਤ ਦੀ ਜਾਤੀ ਵਿਵਸਥਾ ਨੂੰ ਅੰਮ੍ਰਿਤ ਦੀ ਦਾਤ ਨਾਲ ਜੋੜ ਕੇ ਜੜਾਂ ਤੋਂ ਪੁੱਟ ਦਿੱਤਾ ਇਸ ਨਾਲੋਂ ਵੱਡੀ ਕ੍ਰਾਂਤੀ ਹੋਰ ਕੀ ਹੋ ਸਕਦੀ ਹੈ । ਇਸ ਕ੍ਰਾਂਤੀ ਕਰਕੇ ਹੀ ਸਿੰਘਾਂ ਨੇ 10 ਲੱਖ ਦੀ ਸੈਨਾ ਦਾ ਮੁਕਾਬਲਾ ਕਰਕੇ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਹਾਸਲ ਕੀਤਾ । ਗੁਰੂ ਸਾਹਿਬ ਦੇ ਪਰਿਵਾਰ ਵਿੱਚ ਪਿਆ ਵਿਛੋੜਾ ਵੀ ਕੋਈ ਛੁਪੀ ਹੋਈ ਅਲੌਕਿਕ ਸਕਤੀ ਹੀ ਸੀ ਕਿ ਉਨ੍ਹਾਂ ਨੇ ਆਪਣੇ ਮਹਿਲਾਂ ਨੂੰ ਪਹਿਲਾਂ ਹੀ ਭਾਈ ਮਨੀ ਸਿੰਘ ਨੂੰ ਤੋਰ ਦਿੱਤਾ ਤੇ ਛੋਟੇ ਸਾਹਿਬਜ਼ਾਦੇ ਇੱਕ ਮਾਂ ਨਾਲੋਂ ਅਲੱਗ ਕਿਵੇਂ ਕਰ ਦਿੱਤੇ । ਇਸ ਸਬੰਧੀ ਗੁਰੂ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਕਿ ਸੀ ਕਿ ਪੁੱਤਰ ਦੀ ਕੁਰਬਾਨੀ ਦੇ ਵੇਲੇ ਮਾਂ ਡੋਲ੍ਹ ਨਾ ਜਾਵੇ ਇਸੇ ਲਈ ਉਨ੍ਹਾਂ ਮਾਤਾ ਗੁਜਰੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ । ਕਿਉਂਕਿ ਮਾਤਾ ਜੀ ਆਪਣੇ ਪਤੀ ਦਾ ਵਿਛੋੜਾ ਝੱਲ ਚੁੱਕੇ ਸੀ ਉਹ ਉਦੋਂ ਵੀ ਨਹੀਂ ਸਨ ਡੋਲੇ ਇਸੇ ਲਈ ਮਾਤਾ ਨਾਲ ਦੋਵੇਂ ਛੋਟੇ ਸਾਹਿਬਜ਼ਾਦੇ ਤੋਰ ਦਿੱਤੇ ਗਏ। ਮਾਤਾ ਦੀ ਪ੍ਰੇਰਨਾ ਸਦਕਾ ਹੀ ਦੁਨੀਆਂ ਵਿੱਚ ਅਜਿਹੀ ਕੋਈ ਉਦਾਹਰਣ ਨਹੀਂ ਸੀ ਕਿ ਇੰਨੀ ਛੋਟੀ ਉਮਰ ਵਿੱਚ ਕਿਸੇ ਮਸੂਮ ਬੱਚੇ ਨੇ ਮੌਤ ਦੀ ਸਜ਼ਾ ਕਬੂਲ ਕੀਤੀ ਹੋਵੇ । 

ਦੂਜੀ ਵੱਡੀ ਗੱਲ ਸੱਤ ਸਾਲ ਤੇ ਨੌ ਸਾਲ ਦੇ ਬੱਚਿਆਂ ਨੇ ਵੀ ਦੂਜੇ ਧਰਮ ਨੂੰ ਅਪਣਾਉਣ ਤੋਂ ਕੋਰੀ ਨਾਂਹ ਕੀਤੀ ਹੋਵੇ । ਇਸ ਤੋਂ ਵੱਡਾ ਗੁਰੂ ਦਾ ਪ੍ਰਤਾਪ ਹੋਰ ਕੀ ਹੋ ਸਕਦਾ ਹੈ । ਚਮਕੌਰ ਦੀ ਜੰਗ ਵਿੱਚ ਅਜੀਤ ਸਿੰਘ 17 ਸਾਲ ਦਾ ਪੁੱਤ ਅੱਖਾਂ ਦੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਨਾਲ ਲੜ ਰਿਹਾ ਹੋਵੇ ਅਤੇ ਜਿਸ ਦਾ ਪਤਾ ਹੀ ਹੈ ਕਿ ਕੁਰਬਾਨੀ ਹੀ ਹੋਵੇਗੀ। ਇਸੇ ਤਰ੍ਹਾਂ ਦੂਜਾ ਸਾਹਿਬਜ਼ਾਦਾ ਜੁਝਾਰ ਸਿੰਘ 14 ਸਾਲ ਦੀ ਉਮਰ ਦੇ ਵਿੱਚ ਜੰਗ ਲੜਦਾ ਲੜਦਾ ਸ਼ਹੀਦ ਹੋ ਗਿਆ ।                                     

ਦੁਨੀਆਂ ਵਿੱਚ ਕੋਈ ਪਿਤਾ ਹੋਵੇਗਾ ਜੋ ਕਿ ਇੱਕ ਘੰਟੇ ਵਿੱਚ ਆਪਣੇ ਅੱਖੀ ਆਪਣੇ ਦੋ ਪੁੱਤਰਾਂ ਦੀ ਕੁਰਬਾਨੀ ਦੇ ਰਿਹਾ ਹੋਵੇ । ਅਜਿਹੀ ਉਦਾਹਰਣ ਦੁਨੀਆਂ ਵਿੱਚ ਕਿਤੇ ਨਹੀਂ ਮਿਲੇਗੀ । ਆਪਣੇ ਸੀਨੇ ਤੇ ਹੱਥ ਰੱਖ ਕੇ ਵੇਖੋ ਕਿ ਉਸ ਪਿਤਾ ਦਾ ਜਿਗਰਾ ਕਿਹੋ ਜਿਹਾ ਹੋਵੇਗਾ ਜਿਸ ਨੇ ਕੌਮ ਵਿੱਚ ਅਜਿਹੀ ਉਦਾਹਰਨ ਪੈਦਾ ਕੀਤੀ ਹੈ । 

'ਕਟਵਾ ਦੀਏ ਸ਼ਿਸ਼ ਸਾਮਨੇ ਗੀਤਾ ਕੋ ਸੁਣਾ ਕੇ 

ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕੋ ਕਟਾਕੇ, ( ਅੱਲਾ ਯਾਰ ਖਾਂ ਜੋਗੀ ) 

ਗੁਰੂ ਸਾਹਿਬ ਪਰਿਵਾਰ ਵਾਰ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਰੱਬ ਨੂੰ ਉਲਾਂਭਾ ਵੀ ਨਹੀਂ ਦਿੰਦੇ ਸਗੋਂ ਆਪਣਾ ਹਾਲ ਬਿਆਨ ਕਰ ਰਹੇ ਹਨ ।

'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, 

ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, 

ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ,

ਉੱਥੇ ਵੀ ਟਿੰਡ ਦਾ ਸਰਾਣਾ ਲਾ ਕੇ ਸੌਣ ਦਾ ਜਿਗਰਾ ਗੁਰੂ ਸਾਹਿਬ ਤੋਂ ਬਿਨਾਂ ਹੋਰ ਕੌਣ ਕਰ ਸਕਦਾ ਸੀ । ਆਪਣਾ ਰਾਜਭਾਗ ਅਨੰਦਪੁਰ ਸਾਹਿਬ ਨੂੰ ਛੱਡ ਕੇ ਜੰਗਲਾਂ ਵਿੱਚ ਗੁਜ਼ਾਰਨਾ, ਇਹ ਕੋਈ ਸਧਾਰਨ ਘਟਨਾ ਨਹੀਂ ਸੀ । ਚਾਰ ਪੁੱਤਰ ਤੇ ਮਾਂ ਗੁਰੂ ਤੇਗ ਬਹਾਦਰ ਨੂੰ ਮਿਲਾ ਦਿੱਤੇ । ਚਾਰੇ ਪੁੱਤਰਾਂ ਨੂੰ ਕੌਮ ਉਪਰੋਂ ਵਾਰਨ ਤੋਂ ਬਾਅਦ ਕੋਈ ਵੱਡੇ ਤੋਂ ਵੱਡੇ ਦਿਲ ਵਾਲਾ ਪਿਤਾ ਹੀ ਇਹ ਸਭ ਆਖ ਸਕਦਾ ਹੈ ।

'ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ, ਅਜਿਹਾ ਕੌਣ ਪਿਤਾ ਹੋਵੇਗਾ ਜੋ ਸਧਾਰਨ ਜਨਤਾ ਨੂੰ ਆਪਣੇ ਪੁੱਤਰ ਸਮਝੇਗਾ । ਉਨ੍ਹਾਂ ਆਪਣੇ ਆਪ ਨੂੰ ਸਦਾ ਹੀ ਖਾਲਸੇ ਦੇ ਸਰੂਪ ਵਿੱਚ ਪ੍ਰਗਟ ਹੋਣ ਦਾ ਸੰਦੇਸ਼ ਦਿੱਤਾ । ਗੁਰੂ ਸਾਹਿਬ ਨੇ ਆਪਣੀ ਹੋਂਦ ਨੂੰ ਵੀ ਖਾਲਸੇ ਵਿੱਚ ਹੀ ਜਨਤਾ ਸਾਹਮਣੇ ਪ੍ਰਗਟ ਕੀਤਾ । ਉਨ੍ਹਾਂ ਨੇ ਸਿੱਖ ਕੌਮ ਨੂੰ ਬਚਨ ਦਿੱਤਾ ਸੀ ਕਿ ਖਾਲਸਾ 'ਮੇਰੋ ਰੂਪ ਹੈ ਖਾਸ, 

ਖਾਲਸੇ ਮਹਿ ਹੌ ਕਰੌ ਨਿਵਾਸ । 

ਧੰਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨਾਂ ਨੇ ਹਰ ਇੱਕ ਕੰਮ ਕਿਸੇ ਕ੍ਰਿਸਮੇ ਤੋਂ ਘੱਟ ਨਹੀਂ ਕੀਤਾ ਅਤੇ ਖਾਲਸੇ ਤੋਂ ਸਦਾ ਹੀ ਆਪਾ ਵਾਰਨ ਦੀ ਕਾਮਨਾ ਕੀਤੀ ਹੈ । ਇਸ ਦੀ ਸਭ ਤੋਂ ਵੱਡੀ ਉਦਾਹਰਨ ਉਦੋਂ ਪ੍ਰਗਟ ਹੋਈ ਜਦੋਂ 40 ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਦੇ ਦਿੱਤਾ ਸੀ ਪਰ ਗੁਰੂ ਜੀ ਨੂੰ ਆਸ ਸੀ ਕਿ ਮੇਰੇ ਸਿੰਘ ਇੱਕ ਦਿਨ ਜਰੂਰ ਵਾਪਸ ਪਰਤਣਗੇ । ਇਸ ਲਈ ਭਾਈ ਮਹਾ ਸਿੰਘ ਦੀ ਬੇਨਤੀ ਤੇ ਬੇਦਾਵਾ ਪਾੜ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਆਪਣੀ ਹਿੱਕ ਨਾਲ ਲਗਾ ਲਿਆ । ਗੁਰੂ ਸਾਹਿਬ ਨੇ ਆਪਣੇ ਪਰਿਵਾਰ ਤੋਂ ਵਿਛੜ ਕੇ ਸਭ ਕੁਝ ਕੌਮ ਉਪਰੋਂ ਵਾਰ ਕੇ ਆਪਣੇ ਕੋਲ ਕੁਝ ਨਾ ਰੱਖਿਆ ਪਰ ਉਨ੍ਹਾਂ ਨੇ ਆਪਣੇ ਸਿੰਘਾਂ ਦੇ ਉਸ ਬੇਦਾਵੇ ਨੂੰ ਆਪਣੀ ਕੋਲ਼ ਸੰਭਾਲ ਕੇ ਰੱਖਿਆ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਵਾਪਸ ਜਰੂਰ ਆਉਣਗੇ ਜਦੋਂ ਬੇਦਾਵਾ ਪਾੜ ਦਿੱਤਾ ਤਾਂ ਗੁਰੂ ਸਾਹਿਬ ਨੂੰ ਕਿੰਨੀ ਤਸੱਲੀ ਹੋਈ ਹੋਵੇਗੀ ।ਗੁਰੂ ਸਾਹਿਬ ਦੀ ਨਿੱਡਰਤਾ ਤਾਂ ਹਰ ਸਮੇਂ ਹੀ ਪ੍ਰਗਟ ਹੁੰਦੀ ਸੀ ਪਰ ਜਿਸ ਦਲੇਰੀ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਧਾ ਪੱਤਰ ਲਿਖ ਕੇ ਜਿਸ ਭਾਸ਼ਾ ਦਾ ਇਸਤੇਮਾਲ ਉਹਨਾਂ ਨੇ ਜ਼ਫ਼ਰਨਾਮਾ ਵਿੱਚ ਕੀਤਾ ਹੈ । ਉਨ੍ਹਾਂ ਸਮਿਆਂ ਵਿੱਚ ਕੋਈ ਨਹੀਂ ਲਿਖ ਸਕਿਆ । ਔਰੰਗਜ਼ੇਬ ਨੂੰ ਤਾਹਨੇ, ਕਾਇਰਤਾ ਅਤੇ ਉਸ ਦੇ ਬੁਜਦਿਲੀ ਵਰਗੇ ਕਾਰਨਾਮਿਆਂ ਬਾਰੇ ਬਾਖੂਬੀ ਲਿਖਿਆ ਅਤੇ ਕਿਵੇਂ ਆਪਣੇ ਹੱਕਾਂ ਲਈ ਸ਼ਮਸੀਰ ਚੁੱਕਣ ਨੂੰ ਜਾਇਜ਼ ਕਿਹਾ । ਇਹ ਬਾ ਕਮਾਲ ਹੈ । ਉਹਨਾਂ ਨੇ ਕਦੇ ਵੀ ਨਿਰਾਸ਼ਤਾ, ਬੇਬਸੀ ਵਰਗੇ ਸ਼ਬਦ ਆਪਣੀ ਜੁਬਾਨ ਵਿੱਚੋਂ ਪ੍ਰਗਟ ਨਹੀਂ ਕੀਤੇ । ਇਹ ਆਖਣਾ ਹੀ ਉਨ੍ਹਾਂ ਸਮਿਆਂ ਵਿੱਚ ਬਹੁਤ ਵੱਡੀ ਗੱਲ ਸੀ । ਉਨ੍ਹਾਂ ਦੀ ਕਲਮ ਦਾ ਕਮਾਲ ਕਿੰਨੀਆਂ ਹੀ ਲਿਖਤਾਂ ਜਿਹੜੀਆਂ ਸਾਡੀ ਕੌਮ ਕੋਲੇ ਅੱਜ ਵੀ ਸਾਂਭੀਆਂ ਪਈਆਂ ਹਨ । ਜਫਰਨਾਮਾ, ਬਚਿੱਤਰ ਨਾਟਕ, ਜਾਪ ਸਾਹਿਬ, ਦਸਮ ਗ੍ਰੰਥ, ਚੰਡੀ ਦੀ ਵਾਰ ਅਤੇ ਸਾਡੀ ਬੋਲੀ ਸਣੇ ਸਾਨੂੰ ਬਹੁਤ ਕੁਝ ਦਿੱਤਾ । ਗੁਰੂ ਸਾਹਿਬ ਨੇ ਤਲਵੰਡੀ ਸਾਹਿਬ ਬੈਠ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦੇਣ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰ ਲਈ ਬਾਬਾ ਦੀਪ ਸਿੰਘ ਜੀ ਦੇ ਹੱਥੋਂ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਤਿਆਰ ਕਰਵਾਉਣ ਦਾ ਵੱਡਾ ਕਾਰਜ ਕੀਤਾ । 

ਉਨ੍ਹਾਂ ਦੇ ਸਮੁੱਚੇ ਜੀਵਨ ਤੇ ਝਾਤ ਮਾਰਨ ਤੇ ਗੁਰੂ ਸਾਹਿਬ ਦੀ ਸ਼ਖਸੀਅਤ ਅਲੱਗ ਅਲੱਗ ਤਰ੍ਹਾਂ ਨਾਲ ਪ੍ਰਗਟ ਹੁੰਦੀ ਹੈ । ਇੱਕ ਕਵੀ, ਇੱਕ ਜਰਨੈਲ, ਤਿਆਗੀ, ਸੰਗਠਿਤ ਕਰਤਾ, ਦੂਰ ਅੰਦੇਸੀ, ਹਿੰਮਤੀ ਕੁਰਬਾਨੀ ਦਾ ਪੁੰਜ ਅਤੇ ਦਲੇਰ ਸਣੇ ਗੁਰੂ ਜੀ ਅਜਿਹੇ ਕਿੰਨੇ ਹੀ ਗੁਣਾਂ ਦੇ ਧਾਰਨੀ ਸਨ ਜਿਨਾਂ ਦੀ ਮਿਸਾਲ ਅੱਜ ਤੱਕ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦੀ । ਗੁਰੂ ਸਾਹਿਬ ਦੇ ਵਿਦਿਆ ਦੇ ਪ੍ਰੇਮੀ ਹੋਣ ਦਾ ਵੱਡਾ ਸਬੂਤ ਉਨ੍ਹਾਂ ਦੇ ਆਪਣੇ ਪੂਰੇ ਜੀਵਨ ਕਾਲ ਦੌਰਾਨ ਮਿਲਦਾ ਹੈ ਕਿ ਉਨ੍ਹਾਂ ਆਪਣੇ ਨਾਲ 52 ਕਵੀ ਰੱਖੇ ਹੋਏ ਸਨ । ਨੰਦ ਲਾਲ ਵਰਗੇ ਸੂਝਵਾਨ ਕਵੀਆਂ ਨੇ ਗੁਰੂ ਜੀ ਦੇ ਦਰਬਾਰ ਦੀ ਸ਼ੋਭਾ ਸਨ । ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਜਿਉਂਦਾ ਰੱਖਣ ਦਾ ਜੋ ਯੋਗਦਾਨ ਗੁਰੂ ਸਾਹਿਬ ਦਾ ਸੀ ਉਹ ਸ਼ਾਇਦ ਹੀ ਕਿਸੇ ਦੇ ਹਿੱਸੇ ਆਇਆ ਹੋਵੇ । ਬੜੀ ਹੈਰਾਨੀ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਇੱਕ ਬੈਰਾਗੀ ਸਾਧੂ ਮਾਧੋਦਾਸ ਨੂੰ ਗੁਰਬਖਸ਼ ਸਿੰਘ ਨਾਮ ਵਿੱਚ ਤਬਦੀਲ ਕਰ ਬੰਦਾ ਸਿੰਘ ਬਹਾਦਰ ਦਾ ਖਿਤਾਬ ਦੇ ਕੇ ਪੰਜਾਬ ਨੂੰ ਤੋਰ ਦਿੱਤਾ । ਕਿਵੇਂ ਬੈਰਾਗੀ ਤੋਂ ਜਰਨੈਲ ਬਣ ਕੇ ਬੰਦਾ ਬਹਾਦਰ ਨੇ ਪੰਜਾਬ ਨੂੰ ਸਰ ਕਰਦਿਆਂ ਸਰਹੰਦ ਨੂੰ ਤਬਾਹ ਕਰਨ ਤੋਂ ਬਾਅਦ ਸਿੱਖ ਰਾਜ ਦੀ ਨੀਹ ਰੱਖ ਦਿੱਤੀ । ਇਹ ਇੱਕ ਘਟਨਾ ਨਹੀਂ ਸੀ ਸਗੋਂ ਇੱਕ ਕ੍ਰਾਂਤੀ ਸੀ । ਉਨ੍ਹਾਂ ਸਿੱਖ ਪੰਥ ਨੂੰ ਕਿਵੇਂ ਇੱਕ ਦੇਹਧਾਰੀ ਗੁਰਗੱਦੀ ਨੂੰ ਤਬਦੀਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਅਤੇ ਸਬਦ ਨੂੰ ਗੁਰੂ ਦਾ ਦਰਜਾ ਦੇ ਕੇ ਇੱਕ ਸਦੀਵੀ ਗੁਰੂ ਬਖਸ਼ ਦਿੱਤਾ । 

ਗੁਰੂ ਸਾਹਿਬ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੈਂ ਇਸ ਜੱਗ ਵਿੱਚ ਜੱਗ ਵੇਖਣ ਆਇਆ ਹਾਂ ਮੈਂ ਉਸ ਵਾਹਿਗੁਰੂ ਪ੍ਰਮੇਸ਼ਰ ਦਾ ਸੇਵਕ ਹਾਂ ਮੈਨੂੰ ਰੱਬ ਆਖਣ ਵਾਲਿਆਂ ਨੂੰ ਜ਼ਿੰਦਗੀ ਵਿੱਚ ਕੋਈ ਲਾਭ ਨਹੀਂ ਮਿਲਣਾ । ਉਹ ਆਪਣੇ ਆਪ ਨੂੰ ਕਿਸੇ ਵੀ ਦੈਵੀ ਸਕਤੀ ਤੋਂ ਕੋਹਾਂ ਦੂਰ ਰੱਖਦੇ ਸਨ ਉਹਨਾਂ ਨੂੰ ਪਤਾ ਸੀ ਕਿ ਜਨਤਾ ਮੇਰੀ ਪੂਜਾ ਕਰਨ ਲੱਗ ਜਾਵੇਗੀ । ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਨੂੰ ਬਚਿੱਤਰ ਬਣਾ ਦਿੱਤਾ । ਕਿਸੇ ਦੈਵੀ ਸਕਤੀ ਨੂੰ ਨਕਾਰਦੇ ਹੋਏ ਸਿੱਧੀ ਜ਼ਿੰਦਗੀ ਦੇ ਅਰਥ ਸਾਨੂੰ ਸਮਝਾਏ । ਔਖੇ ਤੋਂ ਔਖੇ ਸਮੇਂ ਵੀ ਉਨ੍ਹਾਂ ਧੀਰਜ ਨਾ ਗਵਾਇਆ ਅਤੇ ਆਪਣੇ ਪਰਿਵਾਰ ਨਾਲੋਂ ਵੱਧ ਸੰਗਤ ਨੂੰ ਅਹਿਮੀਅਤ ਦਿੱਤੀ । ਸੰਗਤ ਦੇ ਹਿੱਤਾਂ ਲਈ ਉਨ੍ਹਾਂ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ । ਖਾਲਸਾ ਸਾਜਨਾ ਮਨ ਅਤੇ ਤਨ ਦਾ ਸਰੂਪ ਪ੍ਰਦਾਨ ਕਰਨਾ ਹੀ ਗੁਰੂ ਨਾਨਕ ਦੇਵ ਜੀ ਤੋਂ ਖਾਲਸੇ ਦੀ ਆਰੰਭਤਾ ਕਰਨ ਸਮੇਂ ਦਸਵੇਂ ਜਾਮੇ ਵਿੱਚ ਉਸ ਬੂਟੇ ਨੂੰ ਫ਼ਲ ਪ੍ਰਦਾਨ ਕਰਨਾ ਹੀ ਸੀ । ਦਸ ਗੁਰੂ ਸਾਹਿਬਾਨ ਮਨ ਦੇ ਸੁੱਧ ਲਈ ਨੌ ਜਾਮੇ ਅੰਮ੍ਰਿਤ ਦਾ ਅੰਦਰਮੁਖੀ ਅੰਮ੍ਰਿਤ ਪਿਆਉਂਦੇ ਰਹੇ । ਮਨ ਦੀ ਸਾਧਨਾ ਬਿਨਾਂ ਅੰਮ੍ਰਿਤ ਤਿਆਰ ਹੀ ਨਹੀਂ ਹੋ ਸਕਦਾ ਸੀ । ਦਸਮ ਪਿਤਾ ਨੇ ਨੌ ਗੁਰੂ ਸਾਹਿਬਾਨ ਦੀ ਸਾਧਨਾ ਨੂੰ ਅੰਤਰ ਮੁੱਖ ਤੇ ਬਾਹਰ ਮੁੱਖ ਸਰੂਪ ਵੀ ਪ੍ਰਧਾਨ ਕਰ ਦਿੱਤਾ । ਉਨ੍ਹਾਂ ਰੱਬ ਵੱਲੋਂ ਸ਼ੁੱਧ ਜਨਮ ਅਧਿਕਾਰ ਨੂੰ ਪ੍ਰਗਟ ਕਰਕੇ ਉਸ ਨੂੰ ਰੱਬ ਦਾ ਸਰੂਪ ਹੀ ਬਖਸ਼ ਕੇ ਪੰਚਮ ਸਿਧਾਂਤ ਨੂੰ ਸਰਬ ਤਾਕਤ ਦੇ ਦਿੱਤੀ । 

ਅੱਜ ਵੀ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ ਜੇ ਪੰਚ ਰਹਿਤ ਮਰਿਆਦਾ ਵਾਲੇ ਸਿੱਖ ਕਿਧਰੇ ਮਿਲ ਜਾਣ ਜਿਨਾਂ ਦੇ ਤਨ ਉੱਤੇ ਪੰਜ ਕਰਾਰ ਹੋਣ । ਜਿਨਾਂ ਦੇ ਹਿਰਦੇ ਵਿੱਚ ਪੰਜ ਬਾਣੀਆਂ ਦਾ ਪਾਠ ਹੋਵੇ । ਜਿਨਾਂ ਦੇ ਕੰਠ ਵਿੱਚ ਮੂਲ ਮੰਤਰ ਵਸਿਆ ਹੋਵੇ । ਜਿਨਾਂ ਦੀ ਰਸਨਾ ਉੱਤੇ ਗੁਰੂ ਦਾ ਮੰਤਰ ਹੋਵੇ । ਐਸੇ ਪੰਜ ਸਿੰਘਾਂ ਦੇ ਜੇ ਦਰਸ਼ਨ ਹੋ ਜਾਣ ਤਾਂ ਗੁਰੂ ਸਾਹਿਬ ਦੇ ਆਪ ਦਰਸ਼ਨ ਹੋ ਜਾਂਦੇ ਹਨ । ਅਜਿਹਾ ਹੀ ਗੁਰੂ ਸਾਹਿਬਾਨ ਨੇ ਚਿੱਤਵਿਆ ਸੀ । ਉਨ੍ਹਾਂ ਮਨੁੱਖ ਨੂੰ ਆਖਿਆ ਕਿ ਜੋ ਖਾਲਸਾ ਜੀਵਨ ਜਿਉਣ ਲਈ ਬਚਨ ਵੱਧ ਹੋਵੇਗਾ ਮੈਂ ਹਮੇਸ਼ਾ ਉਸ ਦੇ ਅੰਦਰ ਹੀ ਨਿਵਾਸ ਕਰਾਂਗਾ । ਲੋਕੀ ਰੱਬ ਨੂੰ ਲੱਭਦੇ ਹਨ ਪਰ ਮੈਂ ਤਾਂ ਸਦਾ ਤੇਰੇ ਵਿੱਚ ਹੀ ਨਿਵਾਸ ਕਰਾਂਗਾ । ਰੱਬ ਦਾ ਸਰੂਪ ਵੀ ਖਾਲਸਾ ਦੇ ਸਰੂਪ ਨਾਲ ਹੀ ਮਿਲਦਾ-ਜੁਲਦਾ ਹੋਵੇਗਾ । ਦਸਮ ਪਿਤਾ ਨੇ ਕੁਦਰਤ ਦੇ ਨਿਯਮਾਂ ਵਿੱਚ ਰਹਿਣ ਲਈ ਮਨੁੱਖ ਨੂੰ ਪ੍ਰੇਰਤ ਕੀਤਾ ਰੱਬ ਦਾ ਖਾਲਸ ਸਰੂਪ ਬਹੁਤ ਹੀ ਸੁੰਦਰ ਹੈ । ਗੁਰੂ ਪੰਥ ਦੇ ਦਰਸ਼ਨ ਗੁਰੂ ਦੇ ਸਰੀਰ ਦੇ ਦਰਸ਼ਨ ਹਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਗੁਰੂ ਦੀ ਆਤਮਾ ਦੇ ਦਰਸ਼ਨ ਹਨ । ਉਨ੍ਹਾਂ ਮਾਣ ਨਾਲ ਕਿਹਾ ਕਿ :

'ਖਾਲਸਾ ਮੇਰਾ ਰੂਪ ਹੈ ਖਾਸ,

ਖਾਲਸੇ ਮੇ ਹੋ ਕਰੂ ਨਿਵਾਸ, 

ਇਹ ਕਿਹਾ ਖੇਲ ਸੀ ਕਿ ਸਾਰਾ ਸਰਬੰਸ ਵਾਰ ਕੇ ਸਿੰਘਾਂ ਨੂੰ ਸਦਾ ਲਈ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ । ਗੁਰੂ ਗੋਬਿੰਦ ਸਿੰਘ ਦੀ ਲੜਾਈ ਕਿਸੇ ਮਜ਼੍ਹਬ ਦੇ ਖਿਲਾਫ ਨਹੀਂ ਸੀ । ਉਨ੍ਹਾਂ ਦਾ ਜੀਵਨ ਸੰਘਰਸ਼ ਅਤੇ ਜ਼ੁਲਮ ਦੇ ਖਿਲਾਫ ਸੀ । ਜ਼ੁਲਮ ਕਰਨ ਵਾਲੀ ਸ਼ਕਤੀ ਉਹ ਭਾਵੇਂ ਕਿੱਡੀ ਵੀ ਵੱਡੀ ਕਿਉਂ ਨਾ ਹੋਵੇ ਗੁਰੂ ਜੀ ਉਸ ਦੇ ਖਿਲਾਫ ਸਨ । ਉਨ੍ਹਾਂ ਦਾ ਇਹ ਸਿਧਾਂਤ ਹੀ ਖਾਲਸਾ ਪੰਥ ਦਾ ਸਿਧਾਂਤ ਹੈ। ਹਰ ਪੀੜਤ ਇਨਸਾਨ ਦੀ ਮਦਦ ਕਰਨ ਦੇ ਲਈ ਭਾਵੇਂ ਪੰਥ ਨੂੰ ਕੋਈ ਵੀ ਕੀਮਤ ਕਿਉਂ ਨਾ ਝੁਕਾਉਣੀ ਪਵੇ ਖਾਲਸੇ ਨੂੰ ਕੋਈ ਫਰਕ ਨਹੀਂ । ਇਸੇ ਲਈ ਖਾਲਸਾ ਪੰਥ ਦਾ ਮੁੱਖ ਸਿਧਾਂਤ ਅੱਜ ਵੀ ਨਿਮਰਤਾ ਤੇ ਸਰਬੱਤ ਦਾ ਭਲਾ ਹੀ ਹੈ । 

- ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ 

ਵਿਧਾਇਕ ਹਲਕਾ ਅਮਰਗੜ੍ਹ 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.