IMG-LOGO
ਹੋਮ ਪੰਜਾਬ, ਮਨੋਰੰਜਨ, ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਪਸ਼ੂ ਪਾਲਣ ਵਿਭਾਗ ਨੇ ਵੀ...

ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਪਸ਼ੂ ਪਾਲਣ ਵਿਭਾਗ ਨੇ ਵੀ ਕੀਤੀ ਸ਼ਿਰਕਤ, ਕੈਬਿਨਟ ਮੰਤਰੀ ਖੁੱਡੀਆਂ ਨੇ ਯੂਟਿਊਬ ਤੇ ਫੇਸਬੁੱਕ ਪੇਜ ਕੀਤਾ ਲਾਂਚ

Admin User - Jan 03, 2025 04:04 PM
IMG

.

ਚੰਡੀਗੜ੍ਹ, 3 ਜਨਵਰੀ: ਪਸ਼ੂਧਨ ਦੀ ਸਾਂਭ-ਸੰਭਾਲ ਬਾਰੇ ਸਟੀਕ ਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਡਿਜੀਟਲ ਪਹਿਲਕਦਮੀ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ  ਗੁਰਮੀਤ ਸਿੰਘ ਖੁੱਡੀਆਂ ਨੇ ਅੱਜ "ਪਸ਼ੂ ਪਾਲਣ ਵਿਭਾਗ, ਪੰਜਾਬ" ਦੇ ਨਾਮ ਹੇਠ ਵਿਭਾਗ ਦਾ ਅਧਿਕਾਰਤ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਲਾਂਚ ਕੀਤਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਦੇ ਪਸ਼ੂ ਪਾਲਕਾਂ ਨੂੰ ਪਸ਼ੂਧਨ ਦੀ ਢੁਕਵੀਂ ਸਾਂਭ-ਸੰਭਾਲ ਲਈ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨਾ ਹੈ।

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਲਾਂਚ ਕੀਤੇ ਗਏ ਇਸ ਚੈਨਲ ਅਤੇ ਪੇਜ ਉਤੇ ਹਰ ਸੋਮਵਾਰ ਮਾਹਿਰਾਂ ਵੱਲੋਂ ਪਸ਼ੂ ਪਾਲਣ ਬਾਰੇ ਢੁਕਵੀਂ ਸੇਧ ਦੇਣ ਲਈ ਲਾਈਵ ਸੈਸ਼ਨ ਕੀਤਾ ਜਾਵੇਗਾ। ਇਨ੍ਹਾਂ ਸੈਸ਼ਨਾਂ ਦੌਰਾਨ ਸੂਬੇ ਦੇ ਸਾਰੇ ਪਸ਼ੂ ਪਾਲਕਾਂ ਨੂੰ ਸੈਸ਼ਨ ਵਿੱਚ ਸ਼ਾਮਲ ਹੋਣ ਅਤੇ ਪਸ਼ੂ ਪਾਲਣ ਸਬੰਧੀ ਕੋਈ ਵੀ ਸਵਾਲ ਪੁੱਛਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਹਿਰਾਂ ਅਤੇ ਕਿਸਾਨਾਂ ਵਿਚਕਾਰ ਇਹ ਸਿੱਧਾ ਰਾਬਤਾ ਪਸ਼ੂਧਨ ਦੀ ਢੁਕਵੀਂ ਸਾਂਭ-ਸੰਭਾਲ ਜ਼ਰੀਏ ਸਮੁੱਚੀ ਉਤਪਾਦਕਤਾ ਨੂੰ ਵਧਾਉਣ ਲਈ ਵਧੇਰੇ ਮਦਦਗਾਰ ਸਿੱਧ ਹੋਵੇਗਾ। 

ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਡਿਜ਼ੀਟਲ ਪਹਿਲਕਦਮੀ ਦਾ ਮੁੱਖ ਉਦੇਸ਼ ਪਸ਼ੂ ਪਾਲਕਾਂ ਅਤੇ ਸਬੰਧਤ ਭਾਈਵਾਲਾਂ ਨੂੰ ਪਸ਼ੂ ਪਾਲਣ ਦੇ ਵਧੇਰੇ ਕਿਫਾਇਤੀ ਅਤੇ ਨੈਤਿਕ ਅਭਿਆਸਾਂ ਅਤੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਸਹਾਇਤਾ ਕਰਨਾ ਹੈ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਕਿਸਾਨਾਂ ਲਈ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ, ਟੀਕਾਕਰਨ,  ਪਸ਼ੂਧਨ ਦੀ ਦੇਖਭਾਲ ਸਬੰਧੀ ਉਪਾਅ, ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਪਸ਼ੂਧਨ ਲਈ ਖੁਰਾਕ ਦੇ ਬਿਹਤਰ ਅਭਿਆਸਾਂ ਬਾਰੇ ਸੁਖਾਲੇ ਢੰਗ ਨਾਲ ਸਹੀ ਤੇ ਪ੍ਰਮਾਣਿਕ ਜਾਣਕਾਰੀ ਮੁਹੱਈਆ ਕਰਵਾਏਗਾ।

ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਹ ਪਲੇਟਫਾਰਮ ਪਸ਼ੂਆਂ ਦੀਆਂ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਸਬੰਧੀ ਜਾਣਕਾਰੀ, ਬਿਮਾਰੀਆਂ ਦੀ ਰੋਕਥਾਮ ਦੇ ਉਪਾਵਾਂ, ਅਤੇ ਪਸ਼ੂਧਨ ਵਿੱਚ ਆਮ ਜ਼ੂਨੋਟਿਕ ਬਿਮਾਰੀਆਂ ਦੀ ਰੋਕਥਾਮ ਬਾਰੇ ਜ਼ਰੂਰੀ ਜਾਣਕਾਰੀ ਵੀ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਐੱਨ. ਆਰ. ਡੀ . ਡੀ. ਐੱਲ. ਜਲੰਧਰ ਅਤੇ ਜ਼ਿਲ੍ਹਾ ਪੱਧਰੀ ਪੌਲੀਕਲੀਨਿਕਾਂ  ਅਤੇ ਪਸ਼ੂ ਸਿਹਤ ਸੰਸਥਾਵਾਂ ਵਿਖੇ ਵੱਖ-ਵੱਖ ਪ੍ਰਜਾਤੀਆਂ ਦੇ ਜਾਨਵਰਾਂ ਲਈ ਉਪਲਬਧ ਲੈਬਾਰਟਰੀ ਟੈਸਟਾਂ ਦੀ ਸਹੂਲਤ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੈਸ਼ਨ ਦੌਰਾਨ ਮਾਹਿਰਾਂ ਵੱਲੋਂ ਪਸ਼ੂ ਪਾਲਕਾਂ ਨੂੰ ਹਰ ਮੌਸਮ ਅਤੇ ਗਰਭਦਾਨ ਦੇ ਸਮੇਂ ਦੌਰਾਨ ਪਸ਼ੂਧਨ ਦੀ ਦੇਖਭਾਲ, ਨਿਯਮਤ ਤੌਰ ‘ਤੇ ਕੀੜਿਆਂ ਨੂੰ ਮਾਰਨ ਅਤੇ ਇਸਦੀ ਰੋਕਥਾਮ, ਆਮ ਪਰਜੀਵੀ ਬਿਮਾਰੀਆਂ, ਲੇਵੇ ਦੀ ਸੋਜ ਅਤੇ ਇਨਫੈਕਸ਼ਨ (ਮੈਸਟਾਈਟਸ), ਬਰੂਸੈਲੋਸਿਸ, ਰਿਪੀਟ ਬ੍ਰੀਡਿੰਗ (ਵਾਰ-ਵਾਰ ਪ੍ਰਜਨਨ ਦੀ ਪ੍ਰਕਿਰਿਆ) ਅਤੇ ਜਾਨਵਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰ ਛੂਤ ਦੀਆਂ ਬਿਮਾਰੀਆਂ ਅਤੇ ਪ੍ਰਬੰਧਨ ਸਮੱਸਿਆਵਾਂ ਵਰਗੇ ਮਹੱਤਵਪੂਰਨ ਮੁੱਦਿਆਂ ਬਾਰੇ ਸਮੇਂ ਸਿਰ ਸੁਝਾਅ ਵੀ ਦਿੱਤੇ ਜਾਣਗੇ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਸਮੇਂ-ਸਮੇਂ ‘ਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨ ਲਈ ਹਰ ਹਫ਼ਤੇ 4 ਤੋਂ 5 ਵੀਡੀਓਜ਼, ਇਨ੍ਹਾਂ ਪਲੇਟਫਾਰਮਾਂ 'ਤੇ ਪੋਸਟ ਕੀਤੀਆਂ ਜਾਣਗੀਆਂ ਅਤੇ ਪਸ਼ੂ ਪਾਲਕਾਂ ਲਈ ਮਾਹਿਰਾਂ ਨਾਲ ਆਨਲਾਈਨ ਸੈਸ਼ਨ ਵੀ ਕਰਵਾਏ ਜਾਣਗੇ।

ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਡਾ. ਜੀ.ਐਸ.ਬੇਦੀ, ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ, ਸਹਾਇਕ ਡਾਇਰੈਕਟਰ ਡਾ. ਪਰਮਪਾਲ ਸਿੰਘ, ਡਾ. ਲਖਵਿੰਦਰ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.