ਤਾਜਾ ਖਬਰਾਂ
.
ਸੁਪਰੀਮ ਕੋਰਟ ਨੇ ਭੁੱਖ ਹੜਤਾਲ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁਖ ਹੜਤਾਲ ਤੁੜਵਾਉਣ ਸਬੰਧੀ ਮੀਡੀਆ ’ਚ ਗ਼ਲਤ ਧਾਰਨਾ ਬਣਾਏ ਜਾਣ ’ਤੇ ਵੀਰਵਾਰ ਨੂੰ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਝਾੜ ਪਾਈ। ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੁਝ ਅਧਿਕਾਰੀ ਤੇ ਕੁਝ ਕਿਸਾਨ ਆਗੂ ਮੀਡੀਆ ’ਚ ਗ਼ਲਤ ਧਾਰਨਾ ਬਣਾ ਰਹੇ ਹਨ ਕਿ ਡੱਲੇਵਾਲ ਦੀ ਭੁੱਖ ਹੜਤਾਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਦਾਲਤ ਨੇ ਕਦੀ ਵੀ ਭੁੱਖ ਹੜਤਾਲ ਤੋੜਨ ਦਾ ਹੁਕਮ ਨਹੀਂ ਦਿੱਤਾ। ਕੋਰਟ ਸਿਰਫ਼ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ ਤੇ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਤਤਕਾਲ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾਵੇ। ਡੱਲੇਵਾਲ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ’ਚ ਖਨੌਰੀ ਬਾਰਡਰ ’ਤੇ ਭੁੱਖ ਹੜਤਾਲ ’ਤੇ ਹਨ।
ਵੀਰਵਾਰ ਨੂੰ ਸੁਣਵਾਈ ਕਰ ਰਹੇ ਜਸਟਿਸ ਸੂਰਿਆ ਕਾਂਤ ਤੇ ਉੱਜਵਲ ਭੁਈਆਂ ਦੇ ਬੈਂਚ ਨੇ ਕਿਹਾ ਕਿ ਸਾਨੂੰ ਡੱਲੇਵਾਲ ਪ੍ਰਤੀ ਕੁਝ ਕਿਸਾਨ ਆਗੂਆਂ ਦੀ ਭਰੋਸੇਯੋਗਤਾ ਦੀ ਜਾਂਚ ਕਰਨ ਦੀ ਲੋੜ ਹੈ। ਬੈਂਚ ਨੇ ਪੰਜਾਬ ਸਰਕਾਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਤੁਹਾਡਾ ਵਤੀਰਾ ਸੁਲਾਹ ਕਰਨ ਵਾਲਾ ਨਹੀਂ ਹੈ। ਡੱਲੇਵਾਲ ਨੂੰ ਹਸਪਤਾਲ ਭੇਜਣ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਆਪਣੀ ਭੁੱਖ ਹੜਤਾਲ ਤੋੜ ਦੇਣੀ ਚਾਹੀਦੀ ਹੈ। ਉਹ ਮੈਡੀਕਲ ਮਦਦ ਦੇ ਤਹਿਤ ਵੀ ਆਪਣੀ ਭੁੱਖ ਹੜਤਾਲ ਜਾਰੀ ਰੱਖ ਸਕਦੇ ਹਨ। ਸੂਬਾ ਸਰਕਾਰ ਨੂੰ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ।
ਜਦ ਪੰਜਾਬ ਸਰਕਾਰ ਦੀ ਪੈਰੋਕਾਰੀ ਕਰ ਰਹੇ ਸੂਬੇ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਬੈਂਚ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਕ ਵੀ ਵਾਰ ਤੁਹਾਡੇ ਅਧਿਕਾਰੀ ਉਥੇ ਨਹੀਂ ਗਏ, ਤੁਹਾਡੇ ਮੰਤਰੀ ਉਥੇ ਨਹੀਂ ਗਏ। ਕੀ ਤੁਸੀਂ ਉਨ੍ਹਾਂ ਨੂੰ ਦੱਸਿਆ ਕਿ ਕੋਰਟ ਨੇ ਇਸ ਟੀਚੇ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਕਮੇਟੀ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ। ਪਰ ਬੈਂਚ ਦੀ ਨਾਰਾਜ਼ਗੀ ਕਾਇਮ ਰਹੀ। ਕੋਰਟ ਨੇ ਕਿਹਾ ਕਿ ਤੁਹਾਡਾ ਨਜ਼ਰੀਆ ਹੈ ਕਿ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਇਹ ਵੱਡੀ ਸਮੱਸਿਆ ਹੈ। ਹਾਲਾਂਕਿ ਐਡਵੋਕੇਟ ਜਨਰਲ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਨਾਲ ਸਮਝੌਤੇ ਦੇ ਪੱਖ ’ਚ ਹੈ। ਉਨ੍ਹਾਂ ਨੇ ਸਥਿਤੀ ਨੂੰ ਮੁਸ਼ਕਲ ਬਣਾਉਣ ਵਰਗੀਆਂ ਕੋਸ਼ਿਸ਼ਾਂ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਡੱਲੇਵਾਲ ਦੀ ਭੁੱਖ ਹੜਤਾਲ ਤੋੜੇ ਬਿਨਾਂ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਰਟ ਤੋਂ ਹੁਕਮ ਦੀ ਪਾਲਣਾ ਲਈ ਕੁਝ ਸਮਾਂ ਮੰਗਿਆ। ਬੈਂਚ ਨੇ ਸਮਾਂ ਦਿੰਦੇ ਹੋਏ ਸੁਣਵਾਈ ਸੋਮਵਾਰ ਤੱਕ ਮੁੜ ਟਾਲ ਦਿੱਤੀ।
Get all latest content delivered to your email a few times a month.