ਤਾਜਾ ਖਬਰਾਂ
.
ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਰਾਤ ਸਮੇਂ ਪੰਜ ਪਿਆਰਿਆਂ ਦੇ ਰੂਪ ’ਚ 5 ਸਿੰਘਾਂ ਦਾ ਹੁਕਮ ਮੰਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਮੁਗਲ ਫੌਜਾਂ ਦੇ ਘੇਰੇ ’ਚੋਂ ਨਿਕਲ ਕੇ ਤਾਰੇ ਦੀ ਸੇਧ ਮੁਤਾਬਿਕ ਮਾਛੀਵਾਡ਼ਾ ਸਾਹਿਬ ਦੇ ਬਾਹਰ ਜੰਗਲ ਵਾਲੇ ਪਾਸੇ ਆ ਪਹੁੰਚੇ ਤਾਂ ਉਦੋਂ ਤੱਕ ਪਹੁ ਫੁੱਟਣ ਲੱਗ ਪਈ ਸੀ। ਗੁਰੂ ਸਾਹਿਬ ਨੇ ਦੇਖਿਆ ਕਿ ਇੱਕ ਪਾਸੇ ਜੰਗਲ ਤੇ ਦੂਸਰੇ ਪਾਸੇ ਇੱਕ ਬਾਗ ਸੀ। ਬਾਗ ’ਚ ਲੱਗੇ ਖੂਹ ਤੋਂ ਉਨ੍ਹਾਂ ਜਲ ਛਕਣ ਉਪਰੰਤ ਇੱਥੋਂ ਚੜ੍ਹਦੇ ਵੱਲ 70 ਕਦਮਾਂ ਦੀ ਵਿੱਥ ’ਤੇ ਇੱਕ ਜੰਡ ਦੇ ਦਰੱਖਤ ਹੇਠ ਜਾ ਵਿਰਾਜੇ। ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੌਜੂਦਾ ਮੈਨੇਜਰ ਗੁਰਬਖ਼ਸ ਸਿੰਘ, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਗੁਰਮੁਖ ਤੇ ਗੁਰੂ ਘਰ ਦੇ ਨਿਸ਼ਕਾਮ ਸੇਵਕ ਬਾਬਾ ਮੋਹਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਸਮੇਂ ਜੰਡ ਦੇ ਆਲੇ-ਦੁਆਲੇ ਸੰਘਣੇ ਝਾੜ ਤੇ ਹੋਰ ਜੰਗਲੀ ਰੁੱਖ਼ ਸਨ। ਗੁਰੂ ਸਾਹਿਬ ਇਸ ਜੰਡ ਥੱਲੇ ਅਰਾਮ ਕਰਨ ਲਈ ਜ਼ਮੀਨ ’ਤੇ ਲੇਟ ਗਏ ਤੇ ਉਨ੍ਹਾਂ ਦੇ ਅੰਦਰ ਇੱਕ ਅਗੰਮੀ ਖਿਆਲ ਫੁੱਟਿਆ। ਗੁਰੂ ਸਾਹਿਬ ਐਨੀਆਂ ਕਸ਼ਟ ਮੁਸੀਬਤਾਂ ਤੇ ਸਖ਼ਤ ਠੰਢ ਦੇ ਬਾਵਜ਼ੂਦ ਵੀ ਅਕਾਲ ਪੁਰਖ ਨਾਲ ਅਭੇਦ ਹੋ ਕੇ ਜਗਤ ਪ੍ਰਸਿੱਧ ਸ਼ਬਦ ਉਚਾਰਿਆ।
ਇੱਥੇ ਹੀ ਸਵੇਰੇ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਤਿੰਨ ਸਾਥੀ ਪਿਆਰਾ ਭਾਈ ਦਯਾ ਸਿੰਘ, ਪਿਆਰਾ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਆ ਕੇ ਮਿਲੇ। ਦਿਨ ਚੜਨ ਤੱਕ ਇਹ ਪਤਾ ਲੱਗ ਚੁੱਕਾ ਸੀ ਕਿ ਇਹ ਬਾਗ ਉਨ੍ਹਾਂ ਦੇ ਮਸੰਦ ਭਰਾਵਾਂ ਭਾਈ ਗੁਲਾਬਾ ਤੇ ਭਾਈ ਪੰਜਾਬੇ ਦਾ ਹੈ। ਇੱਥੇ ਹੀ ਮਸੰਦਾਂ ਦਾ ਨੌਕਰ ਆ ਕੇ ਉਨ੍ਹਾਂ ਨੂੰ ਮਿਲਿਆ ਤੇ ਬਾਅਦ ’ਚ ਉਸਨੇ ਘਰ ਜਾ ਕੇ ਮਸੰਦ ਭਰਾਵਾਂ ਨੂੰ ਗੁਰੂ ਸਾਹਿਬ ਦੇ ਆਉਣ ਦੀ ਜਾਣਕਾਰੀ ਦਿੱਤੀ। ਮਸੰਦ ਭਰਾਵਾਂ ਵੱਲੋਂ ਇੱਥੇ ਹੀ ਗੁਰੂ ਸਾਹਿਬ ਨੂੰ ਗਰਮ ਦੁੱਧ ’ਚ ਛੁਹਾਰੇ ਪਾ ਕੇ ਛਕਾਇਆ ਗਿਆ। ਹੁਣ ਇੱਥੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ। ਜਿਸ ਖੂਹ ਤੋਂ ਗੁਰੂ ਸਾਹਿਬ ਨੇ ਜਲ ਛਕਿਆ ਉਹ ਖੂਹ ਵੀ ਅਜੇ ਤੱਕ ਇੱਥੇ ਮੌਜੂਦ ਹੈ ਤੇ ਨਾਲ ਹੀ ਸਰੋਵਰ ਬਣਿਆ ਹੋਇਆ ਹੈ। ਖੂਹ ਦਾ ਪਾਣੀ ਇਸ ਸਰੋਵਰ ਵਿਚ ਪੈਂਦਾ ਹੈ। ਇੱਥੇ ਹੀ ਗੁਰਦੁਆਰਾ ਖੂਹ ਸਾਹਿਬ ਬਣਾਇਆ ਗਿਆ ਹੈ। ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਸੱਜੇ ਪਾਸੇ ਇਤਿਹਾਸਕ ਜੰਡ ਸਾਹਿਬ ਵੀ ਮੌਜੂਦ ਹੈ। ਇਹ ਗੁਰਦੁਆਰਾ ਇੱਥੇ ਹੋਰ ਬਣੇ ਗੁਰਧਾਮਾਂ ’ਚੋਂ ਪ੍ਰਮੁੱਖ ਹੈ ਜਿੱਥੇ ਤਿੰਨ ਦਿਨ ਸ਼ਹੀਦੀ ਸਭਾ ਦੇ ਰੂਪ ’ਚ ਮੇਲਾ ਭਰਦਾ ਹੈ। ਇਸ ਵਾਰ 22, 23 ਤੇ 24 ਦਸੰਬਰ ਨੂੰ ਇਹ ਸਭਾ ਭਰ ਰਹੀ ਹੈ।
Get all latest content delivered to your email a few times a month.