ਤਾਜਾ ਖਬਰਾਂ
.
1947 ’ਚ ਭਾਵੇਂ ਦੇਸ਼ ਆਜ਼ਾਦ ਹੋ ਗਿਆ ਅਤੇ ਲਹਿੰਦੇ ਅਤੇ ਚੜ੍ਹਦੇ ਪੰਜਾਬ ’ਚ ਵੰਡੀਆਂ ਪੈ ਗਈਆਂ ਪਰ ਇਧਰੋਂ ਉਧਰ ਗਏ ਪਰਿਵਾਰ ਅੱਜ ਵੀ ਆਪਣੀ ਭੂਮੀ ਨਾਲ ਜੁੜੇ ਹੋਏ ਹਨ। ਜਦੋਂ ਵੀ ਕਦੇ ਉਹਨਾਂ ਨੂੰ ਆਪਣੀ ਜਨਮ ਭੂਮੀ ’ਤੇ ਆਉਣ ਦਾ ਸਮਾਂ ਮਿਲਦਾ ਹੈ ਤਾਂ ਉਹਨਾਂ ਦਾ ਚਾਅ ਤੇ ਹੁਲਾਰ ਦੇਖਣ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਦਾ ਇੱਕ ਅਤਿਭਾਵੁਕ ਦ੍ਰਿਸ਼ ਉਸ ਵੇਲੇ ਸਾਹਮਣੇ ਆਇਆ ਜਦ ਪਾਕਿਸਤਾਨ ਤੋਂ ਬਟਾਲਾ ਦੇ ਨੇੜਲੇ ਪਿੰਡ ਮਚਰਾਵਾਂ ਪੁੱਜੇ 92 ਸਾਲਾ ਖੁਰਸ਼ੀਦ ਅਹਿਮਦ 77 ਸਾਲਾਂ ਬਾਅਦ ਜਨਮ ਭੂਮੀ ਨੂੰ ਮੱਥੇ ਲਾ ਕੇ ਗੱਦਗਦ ਹੋ ਉੱਠੇ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਜ਼ੁਰਗ ਖੁਰਸ਼ੀਦ ਦੇ ਮਾਮਲੇ ਵਿੱਚ, ਸੰਪਰਕ ਉਦੋਂ ਸ਼ੁਰੂ ਹੋਇਆ, ਜਦੋਂ ਉਸ ਦੇ ਭਰਾ, ਕਰਮਜੀਤ ਸਿੰਘ ਨੰਬਰਦਾਰ, ਨਨਕਾਣਾ ਸਾਹਿਬ ਦੇ ਦਰਸ਼ਨ ਲਈ ਗਏ ਅਤੇ ਉਥੇ ਬਾਪੂ ਖੁਰਸ਼ੀਦ ਨੂੰ ਮਿਲੇ। ਦੋਵਾਂ ਨੇ ਆਪਣੇ ਸਾਂਝੇ ਘਰ-ਭੂਮੀ ਦੀਆਂ ਯਾਦਾਂ ਦਾ ਆਦਾਨ-ਪ੍ਰਦਾਨ ਕੀਤਾ, ਜਿਸ ਨਾਲ ਖੁਰਸ਼ੀਦ ਦੀ ਵਾਪਸੀ ਹੋਈ। ਬਜ਼ੁਰਗ ਖੁਰਸ਼ੀਦ ਦੇ ਪਿੰਡ ਪਹੁੰਚਣ ’ਤੇ ਪਿੰਡ ਦੇ ਲੋਕ ਉਸ ਦਾ ਸਵਾਗਤ ਕਰਨ ਲਈ ਇਕੱਠੇ ਹੋਏ। ਸਤਿਕਾਰ ਅਤੇ ਸਨੇਹ ਨਾਲ ਬਾਪੂ ਖੁਰਸ਼ੀਦ ਅਤੇ ਉਸਦੇ ਪੋਤੇ ਨੂੰ ਜੀ ਆਇਆਂ ਕਿਹਾ ਗਿਆ। ਬੁੱਧਵਾਰ ਨੂੰ ਪਿੰਡ ਘੁੰਮਦਿਆਂ ਬਜ਼ੁਰਗ ਖੁਰਸ਼ੀਦ ਦੀਆਂ ਅੱਖਾਂ ’ਚ ਵੱਖਰਾ ਹੀ ਸਕੂਨ ਸੀ ਅਤੇ ਉਹ ਨਾਲ ਨਾਲ ਆਪਣੇ ਪੋਤੇ ਨੂੰ ਬਚਪਨ ਦੀਆਂ ਗੱਲਾਂ ਦੱਸਦਾ ਭਾਵਕ ਹੁੰਦਾ ਦਿਖਾਈ ਦਿੱਤਾ। ਬਜ਼ੁਰਗ ਖੁਰਸ਼ੀਦ ਦੇ ਪੋਤੇ ਨੇ ਦੱਸਿਆ ਕਿ ਭਾਵੇਂ ਉਹ 45 ਦਿਨਾਂ ਲਈ ਭਾਰਤ ਘੁੰਮਣ ਆਏ ਹਨ, ਪਰ ਬਜ਼ੁਰਗ ਦੀ ਸਿਹਤ ਨੂੰ ਦੇਖਦਿਆਂ ਹੋ ਸਕਦਾ ਹੈ, ਉਹ ਇੱਕ ਹਫਤੇ ਅੰਦਰ ਹੀ ਵਾਪਸ ਪਾਕਿਸਤਾਨ ਮੁੜ ਜਾਣ।
Get all latest content delivered to your email a few times a month.