ਤਾਜਾ ਖਬਰਾਂ
.
ਮੁੰਬਈ - ਵਿਸ਼ਵ ਪ੍ਰਸਿੱਧ ਤਬਲਾ ਵਾਦਕ ਅਤੇ ਪਦਮ ਵਿਭੂਸ਼ਣ ਉਸਤਾਦ ਜ਼ਾਕਿਰ ਹੁਸੈਨ ਦਾ ਦੇਹਾਂਤ ਹੋ ਜਾਣ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਰਹੀ ਹੈ। ਉਸ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ ਹੈ। ਪਰਿਵਾਰ ਮੁਤਾਬਕ ਹੁਸੈਨ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਤੋਂ ਪੀੜਤ ਸੀ।ਪਰਿਵਾਰ ਨੇ ਦੱਸਿਆ ਕਿ ਉਹ ਪਿਛਲੇ ਦੋ ਹਫ਼ਤਿਆਂ ਤੋਂ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਸੀ। ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਆਈ.ਸੀ.ਯੂ. 'ਚ ਦਾਖ਼ਲ ਕੀਤਾ ਗਿਆ ਤੇ ਉਨ੍ਹਾਂ ਨੇ ਉਥੇ ਹੀ ਆਖਰੀ ਸਾਹ ਲਏ।
ਜ਼ਾਕਿਰ ਦਾ ਜਨਮ 9 ਮਾਰਚ 1951 ਨੂੰ ਮੁੰਬਈ ਵਿੱਚ ਹੋਇਆ ਸੀ। ਉਸਤਾਦ ਜ਼ਾਕਿਰ ਹੁਸੈਨ ਨੂੰ 1988 ਵਿੱਚ ਪਦਮ ਸ਼੍ਰੀ, 2002 ਵਿੱਚ ਪਦਮ ਭੂਸ਼ਣ ਅਤੇ 2023 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਦੇ ਪਿਤਾ ਦਾ ਨਾਮ ਉਸਤਾਦ ਅੱਲ੍ਹਾਰਖਾ ਕੁਰੈਸ਼ੀ ਅਤੇ ਮਾਤਾ ਦਾ ਨਾਮ ਬਾਵੀ ਬੇਗਮ ਸੀ। ਜ਼ਾਕਿਰ ਦੇ ਪਿਤਾ ਅੱਲ੍ਹਾ ਰਾਖਾ ਵੀ ਤਬਲਾ ਵਾਦਕ ਸਨ। ਜ਼ਾਕਿਰ ਹੁਸੈਨ ਨੇ ਆਪਣੀ ਮੁਢਲੀ ਸਿੱਖਿਆ ਮਹਿਮ, ਮੁੰਬਈ ਦੇ ਸੇਂਟ ਮਾਈਕਲ ਸਕੂਲ ਤੋਂ ਪ੍ਰਾਪਤ ਕੀਤੀ।
ਉਸਨੇ ਆਪਣੀ ਗ੍ਰੈਜੂਏਸ਼ਨ ਸੇਂਟ ਜ਼ੇਵੀਅਰ ਕਾਲਜ, ਮੁੰਬਈ ਤੋਂ ਕੀਤੀ। ਹੁਸੈਨ ਨੇ ਸਿਰਫ਼ 11 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਆਪਣਾ ਪਹਿਲਾ ਸੰਗੀਤ ਸਮਾਰੋਹ ਕੀਤਾ ਸੀ। 1973 ਵਿੱਚ ਉਸਨੇ ਆਪਣੀ ਪਹਿਲੀ ਐਲਬਮ ‘ਲਿਵਿੰਗ ਇਨ ਦ ਮਟੀਰੀਅਲ ਵਰਲਡ’ ਲਾਂਚ ਕੀਤੀ।
ਹੁਸੈਨ ਨੂੰ 2009 ਵਿੱਚ ਆਪਣਾ ਪਹਿਲਾ ਗ੍ਰੈਮੀ ਅਵਾਰਡ ਮਿਲਿਆ। 2024 ਵਿੱਚ ਉਸਨੇ 3 ਵੱਖ-ਵੱਖ ਐਲਬਮਾਂ ਲਈ 3 ਗ੍ਰੈਮੀ ਜਿੱਤੇ। ਇਸ ਤਰ੍ਹਾਂ ਜ਼ਾਕਿਰ ਹੁਸੈਨ ਨੇ ਕੁੱਲ 4 ਗ੍ਰੈਮੀ ਐਵਾਰਡ ਜਿੱਤੇ।
Get all latest content delivered to your email a few times a month.